ਸੜਕਾਂ ''ਤੇ ਪੈਚ ਲਾਉਣ ਦੇ ਨਾਂ ''ਤੇ ਹੋ ਰਹੀ ਧਾਂਦਲੀ
Sunday, Jun 17, 2018 - 04:35 AM (IST)
ਨਗਰ ਨਿਗਮ ਦੇ ਹਾਟ ਮਿਕਸ ਪਲਾਂਟ 'ਚੋਂ ਚੋਰੀ ਹੋ ਰਿਹੈ ਪ੍ਰੀਮਿਕਸ ਦਾ ਮਟੀਰੀਅਲ
ਲੁਧਿਆਣਾ(ਹਿਤੇਸ਼)-ਨਗਰ ਨਿਗਮ ਵੱਲੋਂ ਖਸਤਾਹਾਲ ਸੜਕਾਂ 'ਤੇ ਜੋ ਪੈਚ ਵਰਕ ਕੀਤਾ ਜਾ ਰਿਹਾ ਹੈ, ਉਸਦੀ ਆੜ 'ਚ ਮਿਕਸ ਪਲਾਂਟ 'ਤੇ ਪ੍ਰੀਮਿਕਸ ਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਨਗਰ ਨਿਗਮ ਦਾ ਖਜ਼ਾਨਾ ਖਾਲੀ ਹੋਣ ਕਾਰਨ ਕਾਫੀ ਦੇਰ ਤੋਂ ਨਵੀਆਂ ਸੜਕਾਂ ਦਾ ਨਿਰਮਾਣ ਠੱਪ ਪਿਆ ਹੈ, ਜੇ ਕਿਤੇ ਸੜਕਾਂ ਦਾ ਨਿਰਮਾਣ ਹੋ ਵੀ ਰਿਹਾ ਹੈ, ਉਸ ਲਈ ਪਹਿਲਾਂ ਸਭ ਤੋਂ ਬੁਰੀ ਹਾਲਤ ਵਾਲੇ ਇਲਾਕੇ ਨੂੰ ਚੁਣਿਆ ਗਿਆ ਹੈ। ਫਿਰ ਵੀ ਕਾਫੀ ਇਲਾਕੇ ਇਸ ਤਰ੍ਹਾਂ ਦੇ ਹਨ ਜਿਥੇ ਸੜਕਾਂ ਦੀ ਹਾਲਤ ਕਾਫੀ ਖਰਾਬ ਹੋਣ ਕਾਰਨ ਹਾਦਸਿਆਂ ਤੇ ਟਰੈਫਿਕ ਦੀ ਸਮੱਸਿਆ ਆ ਰਹੀ ਹੈ, ਜਿਨ੍ਹਾਂ ਸੜਕਾਂ 'ਤੇ ਪੈਚ ਵਰਕ ਕਰ ਕੇ ਕੰਮ ਚਲਾਇਆ ਜਾ ਰਿਹਾ ਹੈ ਪਰ ਬੀ. ਐਂਡ ਆਰ ਬਰਾਂਚ ਦੇ ਅਧਿਕਾਰੀਆਂ ਨੇ ਪੈਚ ਵਰਕ ਦੀ ਆੜ 'ਚ ਧਾਂਦਲੀ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਹੈ। ਜਿਸ ਤਹਿਤ ਪਹਿਲਾਂ ਤਾਂ ਇਹ ਚੈੱਕ ਕਰਨ ਵਾਲਾ ਕੋਈ ਨਹੀਂ ਹੈ ਕਿ ਜਿੰਨਾ ਆਰਡਰ ਦਿੱਤਾ ਗਿਆ ਸੀ ਕੀ ਓਨਾ ਮਟੀਰੀਅਲ ਪਲਾਂਟ 'ਚ ਪਹੁੰਚ ਗਿਆ ਹੈ। ਇਸੇ ਤਰ੍ਹਾਂ ਜਿਸ ਸਪੈਸੀਫਿਕੇਸ਼ਨ ਦੇ ਨਾਂ 'ਤੇ ਮਟੀਰੀਅਲ ਦੀ ਖਪਤ ਦਿਖਾਈ ਜਾ ਰਹੀ ਹੈ। ਉਸਦੀ ਵੀ ਚੈਕਿੰਗ ਨਹੀਂ ਹੋ ਰਹੀ ਕਿ ਪ੍ਰੀਮਿਕਸ 'ਚ ਕਿੰਨੀ ਤਾਰਕੋਲ ਪਾਈ ਗਈ ਹੈ। ਇਸ ਦੇ ਇਲਾਵਾ ਇਕ ਘਪਲਾ ਵਜ਼ਨ ਦੇ ਨਾਂ 'ਤੇ ਹੋ ਰਿਹਾ ਹੈ, ਜਿਸ ਤਹਿਤ ਪਲਾਂਟ ਤੋਂ ਭਰ ਕੇ ਆਉਣ ਵਾਲੀਆਂ ਗੱਡੀਆਂ ਦਾ ਓਵਰਵੇਟ ਦਿਖਾਇਆ ਜਾ ਰਿਹਾ ਹੈ। ਇਸ ਹਾਲਾਤ ਦਾ ਫਾਇਦਾ ਚੁੱਕ ਕੇ ਬੀ. ਐਂਡ ਆਰ ਬਰਾਂਚ ਦੇ ਅਧਿਕਾਰੀ ਪਹਿਲਾਂ ਤਾਂ ਪਲਾਂਟ 'ਤੇ ਪੁੱਜੇ ਬਿਨਾਂ ਹੀ ਕਾਗਜ਼ਾਂ 'ਚ ਬੱਜਰੀ, ਤਾਰਕੋਲ ਤੇ ਡੀਜ਼ਲ ਦੀ ਡਲਿਵਰੀ ਦਿਖਾ ਦਿੰਦੇ ਹਨ, ਫਿਰ ਤੈਅ ਤੋਂ ਘੱਟ ਸਪੈਸੀਫਿਕੇਸ਼ਨ ਵਾਲਾ ਪ੍ਰੀਮਿਕਸ ਬਣਾ ਕੇ ਇਹ ਮਟੀਰੀਅਲ ਬਚਾਇਆ ਜਾਂਦਾ ਹੈ। ਇਸ ਤਰ੍ਹਾਂ ਦੀ ਚੋਰੀ ਪਲਾਂਟ ਤੋਂ ਨਿਕਲਣ ਵਾਲੇ ਪ੍ਰੀਮਿਕਸ ਦੇ ਵਜ਼ਨ ਤੇ ਉਸ ਨਾਲ ਪੈਚ ਲਾਉਣ ਦਾ ਫਰਜ਼ੀ ਰਿਕਾਰਡ ਤਿਆਰ ਕਰ ਕੇ ਕੀਤੀ ਜਾ ਰਹੀ ਹੈ।
ਪ੍ਰਾਈਵੇਟ ਤੇ ਸਰਕਾਰੀ ਠੇਕੇਦਾਰਾਂ ਨੂੰ ਵੇਚਿਆ ਜਾ ਰਿਹੈ ਚੋਰੀ ਦਾ ਮਟੀਰੀਅਲ
ਹਾਟ ਮਿਕਸ ਪਲਾਂਟ ਤੋਂ ਜੋ ਵੀ ਮਟੀਰੀਅਲ ਚੋਰੀ ਹੋ ਰਿਹਾ ਹੈ, ਪ੍ਰਾਈਵੇਟ ਤੇ ਸਰਕਾਰੀ ਠੇਕੇਦਾਰਾਂ ਨੂੰ ਵੇਚਿਆ ਜਾ ਰਿਹਾ ਹੈ, ਕਿਉਂਕਿ ਪਹਿਲਾਂ ਕਾਫੀ ਮਟੀਰੀਅਲ ਤਾਂ ਡਲਿਵਰੀ ਤੋਂ ਪਹਿਲਾਂ ਸਪਲਾਈ ਕਰਨ ਵਾਲੇ ਖਰੀਦ ਲੈਂਦੇ ਹਨ ਫਿਰ ਬਾਅਦ 'ਚ ਜੋ ਮਟਰੀਅਲ ਜਾਂ ਪ੍ਰੀਮਿਕਸ ਚੋਰੀ ਹੋ ਰਿਹਾ ਹੈ, ਉਸ ਨੂੰ ਠੇਕੇਦਾਰਾਂ ਨੂੰ ਵੇਚਿਆ ਦਿੱਤਾ ਜਾਂਦਾ ਹੈ।
ਠੇਕੇਦਾਰਾਂ ਦੀ ਨਾਲਾਇਕੀ 'ਤੇ ਪਰਦਾ ਪਾਉਣ ਲਈ ਵਰਤਿਆ ਜਾ ਰਿਹੈ ਸਰਕਾਰੀ ਮਟੀਰੀਅਲ
ਨਗਰ ਨਿਗਮ ਦੇ ਹਾਟ ਮਿਕਸ ਪਲਾਂਟ ਤੋਂ ਤਿਆਰ ਹੋਣ ਵਾਲਾ ਸਰਕਾਰੀ ਮਟੀਰੀਅਲ ਠੇਕੇਦਾਰਾਂ ਦੀ ਨਾਲਾਇਕੀ 'ਤੇ ਪਰਦਾ ਪਾਉਣ ਦੇ ਲਈ ਵਰਤਿਆ ਜਾ ਰਿਹਾ ਹੈ, ਕਿਉਂਕਿ ਜਿਥੇ ਕਿਤੇ ਵੀ ਘਟੀਆ ਕੁਆਲਿਟੀ ਦੀ ਸੜਕ ਜਲਦੀ ਉਖੜ ਜਾਂਦੀ ਹੈ ਤਾਂ ਉਸ ਨੂੰ ਠੇਕੇਦਾਰ 'ਤੇ ਕਾਰਵਾਈ ਕਰਨ ਦੀ ਜਗ੍ਹਾ ਨਗਰ ਨਿਗਮ ਦੇ ਪਲਾਂਟ 'ਚੋਂ ਤਿਆਰ ਮਟੀਰੀਅਲ ਨਾਲ ਹੀ ਉਸ ਸੜਕ 'ਤੇ ਪੈਚ ਵਰਕ ਕਰਵਾਇਆ ਜਾ ਰਿਹਾ ਹੈ, ਕਿਉਂਕਿ ਇਨ੍ਹਾਂ ਅਧਿਕਾਰੀਆਂ ਨੇ ਪਹਿਲਾਂ ਠੇਕੇਦਾਰਾਂ ਨੂੰ ਮਨਮਰਜ਼ੀ ਦੀ ਨਿਰਮਾਣ ਸਮੱਗਰੀ ਵਰਤਣ ਦੀ ਛੋਟ ਦਿੱਤੀ ਜਾਂਦੀ ਹੈ ਤੇ ਫਿਰ ਸਪੈਸੀਫਿਕੇਸ਼ਨ ਦੇ ਮੁਤਾਬਕ ਕੰਮ ਹੋਣ ਦਾ ਸਰਟੀਫਿਕੇਟ ਦੇ ਕੇ ਬਿਲ ਬਣਾਏ ਜਾਂਦੇ ਹਨ।
