ਭਾਜਪਾ ਹਾਈਕਮਾਨ ਨੇ ਮੇਅਰ ਉਮੀਦਵਾਰ ਦੇ ਨਾਂ ’ਤੇ ਲਾਈ ਮੋਹਰ, ਅੱਜ ਕੀਤਾ ਜਾਵੇਗਾ ਐਲਾਨ

Thursday, Jan 22, 2026 - 11:47 AM (IST)

ਭਾਜਪਾ ਹਾਈਕਮਾਨ ਨੇ ਮੇਅਰ ਉਮੀਦਵਾਰ ਦੇ ਨਾਂ ’ਤੇ ਲਾਈ ਮੋਹਰ, ਅੱਜ ਕੀਤਾ ਜਾਵੇਗਾ ਐਲਾਨ

ਚੰਡੀਗੜ੍ਹ (ਮਨਪ੍ਰੀਤ) : ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦਾ ਆਖ਼ਰੀ ਦਿਨ ਵੀਰਵਾਰ ਹੈ। ਚੋਣ ਤੋ ਪਹਿਲਾਂ ਸ਼ਹਿਰ ਦੀ ਸਿਆਸਤ ’ਚ ਪੈਦਾ ਹੋਏ ਭਬਲਭੂਸੇ ਦੌਰਾਨ ਕੌਮੀ ਭਾਜਪਾ ਜਨਰਲ ਸਕੱਤਰ ਤੇ ਆਬਜ਼ਰਵਰ ਵਿਨੋਦ ਤਾਵੜੇ ਸ਼ਹਿਰ ਪਹੁੰਚ ਗਏ ਹਨ। ਉਨ੍ਹਾਂ ਦਾ ਸਵਾਗਤ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਤੇ ਜਨਰਲ ਸਕੱਤਰ ਸੰਜੀਵ ਰਾਣਾ ਤੇ ਰਾਮਬੀਰ ਭੱਟੀ ਨੇ ਕੀਤਾ। ਜਾਣਕਾਰੀ ਮੁਤਾਬਕ ਭਾਜਪਾ ਹਾਈਕਮਾਂਡ ਨੇ ਮੇਅਰ ਉਮੀਦਵਾਰ ਦੇ ਨਾਂ ’ਤੇ ਮੋਹਰ ਲਾ ਕੇ ਸੂਚੀ ਤਾਵੜੇ ਨੂੰ ਸੌਂਪ ਦਿੱਤੀ ਹੈ। ਨਾਮਜ਼ਦਗੀ ਤੋਂ ਪਹਿਲਾਂ ਭਾਜਪਾ ਕੌਂਸਲਰ ਦਲ ਦੀ ਵੀਰਵਾਰ ਨੂੰ ਹੋਣ ਵਾਲੀ ਮੀਟਿੰਗ ’ਚ ਉਹ ਹਾਈਕਮਾਂਡ ਦਾ ਫ਼ੈਸਲਾ ਸੁਣਾਉਣਗੇ। ਇਸ ਤੋਂ ਬਾਅਦ ਤਿੰਨੋਂ ਉਮੀਦਵਾਰ ਪਾਰਟੀ ਆਗੂਆਂ ਤੇ ਕੌਂਸਲਰਾਂ ਨਾਲ ਨਿਗਮ ਦਫ਼ਤਰ ਪਹੁੰਚ ਕੇ ਕਾਗਜ਼ ਦਾਖ਼ਲ ਕਰਨਗੇ। ਇਸ ਤੋਂ ਪਹਿਲਾਂ ਵੀ ਤਾਵੜੇ ਦੋ ਵਾਰ ਚੰਡੀਗੜ੍ਹ ਮੇਅਰ ਚੋਣਾਂ ਦੀ ਨਿਗਰਾਨੀ ਕਰ ਚੁੱਕੇ ਹਨ। ਇਸ ਕਾਰਨ ਉਨ੍ਹਾਂ ਦੀ ਮੌਜੂਦਗੀ ਅਹਿਮ ਮੰਨੀ ਜਾ ਰਹੀ ਹੈ।
ਕਾਂਗਰਸ ’ਚ ਆਪ ਨਾਲ ਗਠਜੋੜ ’ਤੇ ਨਹੀਂ ਬਣੀ ਸਹਿਮਤੀ
ਕਾਂਗਰਸ ਵੀ ਗੰਭੀਰ ਮੰਥਨ ਕਰ ਰਹੀ ਹੈ। ਪਹਿਲਾਂ ਪਾਰਟੀ ਦਫ਼ਤਰ ’ਚ ਮੀਟਿੰਗ ਹੋਈ। ਇਸ ਤੋਂ ਬਾਅਦ ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਅਗਵਾਈ ਹੇਠ ਕੌਸਲਰਾਂ ਦੀ ਮੀਟਿੰਗ ਚੱਲੀ। ਇਸ ’ਚ 'ਆਪ' ਨੂੰ ਸਮਰਥਨ ਦੇਣ ਜਾਂ ਉਮੀਦਵਾਰ ਖੜ੍ਹਾ ਕਰਨ ਸਬੰਧੀ ਵਿਕਲਪਾਂ ’ਤੇ ਵਿਚਾਰ ਕੀਤਾ ਗਿਆ। ਸੂਤਰਾਂ ਮੁਤਾਬਕ ਮੀਟਿੰਗ ਦੌਰਾਨ ਆਪ ਕੌਂਸਲਰ ਹਰਦੀਪ ਸਿੰਘ ਬੁਟਰੇਲਾ ਦੇ ਨਾਮ ’ਤੇ ਚਰਚਾ ਕੀਤੀ ਗਈ ਪਰ ਕੁੱਝ ਕੌਸਲਰਾਂ ਦੇ ਇਤਰਾਜ਼ ਪ੍ਰਗਟਾਉਣ ਕਾਰਨ ਸਹਿਮਤੀ ਨਾ ਬਣਦੀ ਦੇਖ ਫ਼ੈਸਲਾ ਨਹੀਂ ਲਿਆ ਜਾ ਸਕਿਆ। ਸੂਤਰਾਂ ਮੁਤਾਬਕ ਕਾਂਗਰਸ ਵੱਲੋਂ ਆਪ ਨਾਲ ਗਠਜੋੜ ਕਰਨਾ ਹੈ ਜਾਂ ਨਹੀਂ, ਇਸ ਨੂੰ ਲੈ ਕੇ ਕਾਂਗਰਸ ਇਕਮਤ ਨਹੀਂ ਹੈ।
ਆਪ ਵੱਲੋਂ ਕੌਂਸਲਰਾਂ ਨੂੰ ਸ਼ਹਿਰੋਂ ਬਾਹਰ ਭੇਜਣ ਦੀ ਚਰਚਾ
ਦੂਜੇ ਪਾਸੇ ਸਿਆਸੀ ਗਲਿਆਰਿਆਂ ’ਚ ਚਰਚਾ ਰਹੀ ਕਿ ਆਪ ਨੇ ਕੌਂਸਲਰਾਂ ਨੂੰ 'ਜੋੜ-ਤੋੜ' ਤੋਂ ਬਚਾਉਣ ਲਈ ਸ਼ਹਿਰ ਤੋਂ ਬਾਹਰ ਪੰਜਾਬ ’ਚ ਕਿਸੀ ਅਣਪਛਾਤੇ ਜਗਾ ’ਤੇ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਿਰਫ਼ ਉਮੀਦਵਾਰ ਹੀ ਨਾਮਜ਼ਦਗੀ ਲਈ ਨਿਗਮ ਦਫ਼ਤਰ ਪਹੁੰਚਣਗੇ ਅਤੇ ਬਾਕੀ ਕੌਂਸਲਰ 29 ਜਨਵਰੀ ਨੂੰ ਵੋਟਿੰਗ ਵਾਲੇ ਦਿਨ ਹੀ ਵਾਪਸ ਆਉਣਗੇ।
ਸ਼ਹਿਰ ਦੀ ਸਿਆਸਤ ’ਚ ਅੱਜ ਦਾ ਦਿਨ ਅਹਿਮ
ਨੋਟੀਫਿਕੇਸ਼ਨ ਮੁਤਾਬਕ ਵੀਰਵਾਰ ਸਵੇਰੇ 11 ਤੋਂ ਸ਼ਾਮ 5 ਵਜੇ ਤੱਕ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾ ਸਕਦੀਆਂ ਹਨ। ਇਸ ਲਈ ਉਮੀਦਵਾਰ ਨਾਲ ਪ੍ਰਸਤਾਵਕ ਤੇ ਇਕ ਸਮਰਥਕ ਦੇ ਦਸਤਖ਼ਤ ਲਾਜ਼ਮੀ ਹਨ। ਸਾਰੀਆਂ ਪਾਰਟੀਆਂ ਵੱਲੋਂ ਪੱਤੇ ਲੁਕਾ ਕੇ ਰੱਖਣ ਕਾਰਨ ਵੀਰਵਾਰ ਦਾ ਦਿਨ ਸ਼ਹਿਰ ਦੀ ਸਿਆਸਤ ਲਈ ਬੇਹੱਦ ਅਹਿਮ ਸਾਬਤ ਹੋਵੇਗਾ।


author

Babita

Content Editor

Related News