ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ 17.80 ਲੱਖ ਰੁਪਏ ਦੀ ਠੱਗੀ

Wednesday, Jan 28, 2026 - 01:44 AM (IST)

ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ 17.80 ਲੱਖ ਰੁਪਏ ਦੀ ਠੱਗੀ

ਜਲੰਧਰ – ਵਿਦੇਸ਼ ਭੇਜ ਕੇ ਚੰਗੀ ਨੌਕਰੀ ਅਤੇ ਰਹਿਣ ਦਾ ਪ੍ਰਬੰਧ ਕਰਨ ਦਾ ਝਾਂਸਾ ਦੇ ਕੇ ਨੌਜਵਾਨ ਨਾਲ 17.80 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਨਿਊ ਗ੍ਰੀਨ ਮਾਡਲ ਟਾਊਨ ਦੇ ਟ੍ਰੈਵਲ ਏਜੰਟ ਪਤੀ-ਪਤਨੀ ਖ਼ਿਲਾਫ਼ ਸਾਈਬਰ ਕ੍ਰਾਈਮ ਸੈੱਲ ਨੇ ਕੇਸ ਦਰਜ ਕੀਤਾ ਹੈ। ਨਾਮਜ਼ਦ ਪਤੀ-ਪਤਨੀ ਦੀ ਅਜੇ ਗ੍ਰਿਫ਼ਤਾਰੀ ਨਹੀਂ ਹੋ ਸਕੀ ਪਰ ਪੁਲਸ ਉਨ੍ਹਾਂ ਦੀ ਭਾਲ ਵਿਚ ਲਗਾਤਾਰ ਰੇਡ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਮਨਜਿੰਦਰ ਸਿੰਘ ਪੁੱਤਰ ਜੀਤ ਸਿੰਘ ਨਿਵਾਸੀ ਸੈਨਿਕ ਵਿਹਾਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਆਪਣੇ ਭਤੀਜੇ ਸਾਹਿਲ ਨੂੰ ਵਿਦੇਸ਼ ਭੇਜਣ ਲਈ ਨਿਊ ਗ੍ਰੀਨ ਮਾਡਲ ਟਾਊਨ ਦੇ ਰਹਿਣ ਵਾਲੇ ਅਤੇ ਕਥਿਤ ਏਜੰਟ ਪ੍ਰਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਉਸ ਦੀ ਪਤਨੀ ਕਮਲਜੀਤ ਕੌਰ ਨਾਲ ਸੰਪਰਕ ਕੀਤਾ ਸੀ। ਦੋਵਾਂ ਨੇ ਸਾਹਿਲ ਨੂੰ ਵਿਦੇਸ਼ ਭੇਜਣ ਦੇ ਬਾਅਦ ਉਸ ਨੂੰ ਚੰਗੀ ਨੌਕਰੀ ਦਿਵਾਉਣ ਅਤੇ ਰਹਿਣ ਦਾ ਪ੍ਰਬੰਧ ਕਰਨ ਦਾ ਵੀ ਭਰੋਸਾ ਦਿੱਤਾ ਸੀ।

ਦੋਸ਼ ਹੈ ਕਿ ਦੋਵਾਂ ਦੀਆਂ ਗੱਲਾਂ ਵਿਚ ਆ ਕੇ ਮਨਜਿੰਦਰ ਸਿੰਘ ਨੇ ਪ੍ਰਦੀਪ ਸਿੰਘ ਅਤੇ ਕਮਲਜੀਤ ਕੌਰ ਨੂੰ 17 ਲੱਖ 80 ਹਜ਼ਾਰ ਰੁਪਏ, ਪਾਸਪੋਰਟ ਅਤੇ ਹੋਰ ਦਸਤਾਵੇਜ਼ ਦੇ ਦਿੱਤੇ। ਪੀੜਤ ਨੇ ਕਿਹਾ ਕਿ ਪੈਸੇ ਦੇਣ ਦੇ ਬਾਅਦ ਏਜੰਟਾਂ ਵੱਲੋਂ ਕੋਈ ਰਿਸਪਾਂਸ ਨਾ ਆਇਆ ਤਾਂ ਉਸਨੇ ਦੁਬਾਰਾ ਉਨ੍ਹਾਂ ਨਾਲ ਸੰਪਰਕ ਕੀਤਾ ਪਰ ਉਹ ਟਾਲ-ਮਟੋਲ ਕਰਦੇ ਰਹੇ। ਕਾਫੀ ਸਮਾਂ ਬੀਤ ਜਾਣ ਦੇ ਬਾਅਦ ਜਦੋਂ ਪ੍ਰਦੀਪ ਅਤੇ ਉਸ ਦੀ ਪਤਨੀ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਫੋਨ ਬੰਦ ਕਰ ਦਿੱਤਾ, ਜਦਕਿ ਦਫਤਰ ਵੀ ਨਹੀਂ ਮਿਲਦੇ ਸਨ।

ਮਨਜਿੰਦਰ ਨੇ ਕਿਹਾ ਕਿ ਬਾਅਦ ਵਿਚ ਦੋਵਾਂ ਨੇ ਉਨ੍ਹਾਂ ਦਾ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ ਅਤੇ ਪੈਸੇ ਵੀ ਨਾ ਦੇਣ ਦੀ ਧਮਕੀ ਦਿੱਤੀ। ਆਖਿਰਕਾਰ ਮਨਜਿੰਦਰ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਤਾਂ ਪੁਲਸ ਨੇ ਜਾਂਚ ਦੇ ਬਾਅਦ ਪ੍ਰਦੀਪ ਸਿੰਘ ਅਤੇ ਉਸ ਦੀ ਪਤਨੀ ਕਮਲਜੀਤ ਕੌਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ। ਪੁਲਸ ਦਾ ਕਹਿਣਾ ਹੈ ਕਿ ਜਲਦ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


author

Inder Prajapati

Content Editor

Related News