ਬਠਿੰਡਾ ਨਗਰ ਨਿਗਮ ਮੇਅਰ ਦੇ ਨਾਂ ’ਤੇ ਠੱਗੀ ਦੀ ਸਾਜ਼ਿਸ਼ ਬੇਨਕਾਬ
Thursday, Jan 29, 2026 - 11:22 AM (IST)
ਬਠਿੰਡਾ (ਵਿਜੇ ਵਰਮਾ) : ਬਠਿੰਡਾ ਪੁਲਸ ਨੇ ਸਾਇਬਰ ਠੱਗੀ ਦੇ ਇਕ ਨਵੇਂ ਅਤੇ ਖ਼ਤਰਨਾਕ ਤਰੀਕੇ ਦਾ ਪਰਦਾਫਾਸ਼ ਕਰਦਿਆਂ ਨਗਰ ਨਿਗਮ ਬਠਿੰਡਾ ਦੇ ਮੇਅਰ ਦੇ ਨਾਂ ’ਤੇ ਠੱਗੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ’ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਆਵਾਜ਼ ਬਦਲ ਕੇ ਵੱਡੀਆਂ ਹਸਤੀਆਂ ਬਣਦਾ ਅਤੇ ਲੋਕਾਂ ਤੋਂ ਪੈਸੇ ਮੰਗਣ ਦੀ ਯੋਜਨਾ ’ਤੇ ਕੰਮ ਕਰ ਰਿਹਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਬੀਤੀ 19 ਜਨਵਰੀ ਨੂੰ ਰਵੀ ਕੁਮਾਰ, ਜੋ ਮਨੀ ਟਰਾਂਸਫਰ ਦੀ ਦੁਕਾਨ ’ਤੇ ਕੰਮ ਕਰਦਾ ਹੈ, ਨੂੰ ਇਕ ਸ਼ੱਕੀ ਫੋਨ ਆਇਆ। ਫੋਨ ਕਰਨ ਵਾਲੇ ਨੇ ਪਹਿਲਾਂ ਆਪਣੀ ਆਵਾਜ਼ ਬਦਲ ਕੇ ਗੱਲ ਕੀਤੀ ਅਤੇ ਫਿਰ ਕਿਹਾ ਕਿ ਹੁਣ ਮੇਅਰ ਸਾਹਿਬ ਗੱਲ ਕਰਨਗੇ। ਇਸ ਤੋਂ ਬਾਅਦ ਫੋਨ ’ਤੇ ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮ ਮਹਿਤਾ ਦੀ ਆਵਾਜ਼ ਦੀ ਬਹੁਤ ਸਹੀ ਨਕਲ ਕਰਦਿਆਂ ਕਾਲ ਕਰਨ ਵਾਲੇ ਨੇ ਦਿੱਲੀ ਯੂਨੀਵਰਸਿਟੀ ਦੀ ਫ਼ੀਸ ਭਰਨ ਲਈ ਤੁਰੰਤ ਪੈਸਿਆਂ ਦੀ ਮੰਗ ਕੀਤੀ।
ਹਾਲਾਂਕਿ ਰਵੀ ਕੁਮਾਰ ਨੇ ਸਿਆਣਪ ਦਿਖਾਉਂਦਿਆਂ ਕਿਹਾ ਕਿ ਉਹ ਸਿਰਫ ਇੰਟਰਨੈਸ਼ਨਲ ਟ੍ਰਾਂਜੈਕਸ਼ਨ ਕਰਦਾ ਹੈ ਅਤੇ ਦੇਸ਼ ਅੰਦਰ ਯੂਨੀਵਰਸਿਟੀ ਦੀ ਫੀਸ ਭਰਨ ਦਾ ਕੰਮ ਨਹੀਂ ਕਰਦਾ। ਇਸ ਮਾਮਲੇ ਦੀ ਜਾਣਕਾਰੀ ਜਦੋਂ ਪੁਲਸ ਤਕ ਪਹੁੰਚੀ ਤਾਂ ਤੁਰੰਤ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਸ ਠੱਗੀ ਦੀ ਸਾਜ਼ਿਸ਼ ਦਾ ਮੁੱਖ ਮੁਲਜ਼ਮ ਭਲਿੰਦਰ ਸਿੰਘ ਹੈ, ਜੋ ਦੇਹਰਾਦੂਨ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਕੁੱਝ ਸਮੇਂ ਤੋਂ ਮੋਹਾਲੀ ’ਚ ਰਹਿ ਰਿਹਾ ਸੀ। ਪੁਲਸ ਮੁਤਾਬਕ ਮੁਲਜ਼ਮ ਆਵਾਜ਼ ਬਦਲ ਕੇ ਠੱਗੀ ਕਰਨ ਦਾ ਮਾਹਿਰ ਹੈ ਅਤੇ ਇਸ ਦੇ ਖ਼ਿਲਾਫ਼ ਪਹਿਲਾਂ ਹੀ 10 ਤੋਂ ਵੱਧ ਮਾਮਲੇ ਦਰਜ ਹਨ। ਹੈਰਾਨੀਜਨਕ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਮੁਲਜ਼ਮ ਦੇ ਖ਼ਿਲਾਫ਼ ਜੇਲ੍ਹ ਅੰਦਰੋਂ ਮੋਬਾਇਲ ਫੋਨ ਫੜ੍ਹੇ ਜਾਣ ਦੇ ਦੋ ਵੱਖ-ਵੱਖ ਮਾਮਲੇ ਵੀ ਦਰਜ ਹਨ।
ਜਾਂਚ ’ਚ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਭਲਿੰਦਰ ਸਿੰਘ ਸਿਰਫ ਸਿਆਸੀ ਹਸਤੀਆਂ ਹੀ ਨਹੀਂ, ਸਗੋਂ ਫਿਲਮੀ ਸਿਤਾਰਿਆਂ ਦੀਆਂ ਆਵਾਜ਼ਾਂ ਦੀ ਵੀ ਬਹੁਤ ਨਿਪੁੰਨ ਨਕਲ ਕਰ ਸਕਦਾ ਹੈ। ਪੁਲਸ ਅਨੁਸਾਰ ਮੁਲਜ਼ਮ ਦਾ ਮਕਸਦ ਮੇਅਰ ਪਦਮ ਮਹਿਤਾ ਦੀ ਆਵਾਜ਼ ਦੀ ਨਕਲ ਕਰ ਕੇ 25 ਤੋਂ 30 ਹਜ਼ਾਰ ਰੁਪਏ ਦੀ ਠੱਗੀ ਕਰਨ ਦਾ ਸੀ ਪਰ ਸਮੇਂ ਸਿਰ ਸਾਵਧਾਨੀ ਅਤੇ ਪੁਲਸ ਦੀ ਤੁਰੰਤ ਕਾਰਵਾਈ ਕਾਰਨ ਇਹ ਯੋਜਨਾ ਨਾਕਾਮ ਰਹੀ। ਫਿਲਹਾਲ ਬਠਿੰਡਾ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਹੋਰ ਕਿੰਨੇ ਲੋਕਾਂ ਨੂੰ ਇਸ ਤਰੀਕੇ ਨਾਲ ਨਿਸ਼ਾਨਾ ਬਣਾ ਚੁੱਕਾ ਹੈ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਵੀ. ਆਈ. ਪੀ. ਦੇ ਨਾਂ ’ਤੇ ਆਉਣ ਵਾਲੇ ਸ਼ੱਕੀ ਫੋਨਾਂ ਤੋਂ ਸਾਵਧਾਨ ਰਹਿਣ ਅਤੇ ਤੁਰੰਤ ਪੁਲਸ ਨੂੰ ਸੂਚਨਾ ਦੇਣ।
