ਨਗਰ ਨਿਗਮ ਕਮਿਸ਼ਨਰ ਨੇ ਮਲਟੀ ਸਟੋਰੀ ਪਾਰਕਿੰਗ ਤੇ ਪੁਰਾਣੇ ਸ਼ਹਿਰ ਦੇ ਇਲਾਕਿਆਂ ''ਚ ਸਫਾਈ ਦੀ ਕੀਤੀ ਜਾਂਚ
Wednesday, Nov 27, 2024 - 08:02 PM (IST)
ਲੁਧਿਆਣਾ (ਹਿਤੇਸ਼) - ਦੋ ਪਹੀਆ ਵਾਹਨ 'ਤੇ ਸਵਾਰ ਹੋ ਕੇ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਬੁੱਧਵਾਰ ਨੂੰ ਨਗਰ ਨਿਗਮ ਜ਼ੋਨ ਏ ਦਫਤਰ ਨੇੜੇ ਮਲਟੀ ਸਟੋਰੀ ਪਾਰਕਿੰਗ ਅਤੇ ਪੁਰਾਣੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਫਾਈ ਦੀ ਜਾਂਚ ਕਰਨ ਲਈ ਅਚਨਚੇਤ ਨਿਰੀਖਣ ਕੀਤਾ। ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਆਮ ਲੋਕਾਂ ਦੀ ਸਹੂਲਤ ਲਈ ਬਹੁਮੰਜ਼ਿਲਾ ਪਾਰਕਿੰਗਾਂ ਦੀ ਮੁਰੰਮਤ ਦਾ ਕੰਮ ਕੀਤਾ ਜਾਵੇਗਾ।
ਡੇਚਲਵਾਲ ਨੇ ਪੁਰਾਣੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਨਿਰੀਖਣ ਕਰਦੇ ਹੋਏ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਇਸ ਤੋਂ ਇਲਾਵਾ ਸਬੰਧਤ ਸਟਾਫ਼ ਨੂੰ ਸਫ਼ਾਈ ਸੇਵਕਾਂ ਦੀ ਹਾਜ਼ਰੀ ਨਿਯਮਤ ਤੌਰ 'ਤੇ ਚੈੱਕ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ।
ਡੇਚਲਵਾਲ ਨੇ ਦੱਸਿਆ ਕਿ ਜ਼ੋਨ ਏ ਦਫ਼ਤਰ ਨੇੜੇ ਮਲਟੀ ਸਟੋਰੀ ਪਾਰਕਿੰਗ ਪੁਰਾਣੇ ਸ਼ਹਿਰ ਦੇ ਇਲਾਕਿਆਂ ਵਿੱਚ ਇੱਕ ਪ੍ਰਮੁੱਖ ਪਾਰਕਿੰਗ ਹੈ ਅਤੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਵਸਨੀਕ ਇਸ ਪਾਰਕਿੰਗ ਵਿੱਚ ਆਉਂਦੇ ਹਨ। ਬਹੁਮੰਜ਼ਿਲਾ ਪਾਰਕਿੰਗ ਦੀ ਮੁਰੰਮਤ ਦੇ ਕੰਮਾਂ ਲਈ ਲਗਭਗ 1.50 ਕਰੋੜ ਰੁਪਏ ਦਾ ਅਨੁਮਾਨ ਲਗਾਇਆ ਗਿਆ ਹੈ। ਅਧਿਕਾਰੀਆਂ ਨੂੰ ਇਸ ਸਬੰਧੀ ਕਾਰਵਾਈ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਸ ਦੌਰਾਨ ਡੇਚਲਵਾਲ ਨੇ ਕਿਹਾ ਕਿ ਨਗਰ ਨਿਗਮ ਦੇ ਸਟਾਫ਼ ਨੂੰ ਸ਼ਹਿਰ ਭਰ ਵਿੱਚ ਸਫ਼ਾਈ ਯਕੀਨੀ ਬਣਾਉਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜ਼ੋਨਲ ਕਮਿਸ਼ਨਰਾਂ ਨੂੰ ਵੀ ਸਾਫ਼-ਸਫ਼ਾਈ ਯਕੀਨੀ ਬਣਾਉਣ ਲਈ ਫੀਲਡ ਵਿੱਚ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ।