ਪਾਵਰਕਾਮ ਦੀ ਡਿਫਾਲਟਰਾਂ ਖ਼ਿਲਾਫ਼ ਤਾਬੜਤੋੜ ਕਾਰਵਾਈ, 10 ਦਿਨਾਂ ’ਚ 249.05 ਕਰੋੜ ਦੀ ਕੀਤੀ ਰਿਕਵਰੀ

Wednesday, Mar 11, 2026 - 09:25 AM (IST)

ਪਾਵਰਕਾਮ ਦੀ ਡਿਫਾਲਟਰਾਂ ਖ਼ਿਲਾਫ਼ ਤਾਬੜਤੋੜ ਕਾਰਵਾਈ, 10 ਦਿਨਾਂ ’ਚ 249.05 ਕਰੋੜ ਦੀ ਕੀਤੀ ਰਿਕਵਰੀ

ਲੁਧਿਆਣਾ (ਖੁਰਾਣਾ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪਾਵਰਕਾਮ) ਦੇ ਸੈਂਟ੍ਰਲ ਜ਼ੋਨ ਦੇ ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਦੀ ਅਗਵਾਈ ’ਚ ਵਿਭਾਗ ਨੇ ਡਿਫਾਲਟਰ ਖਪਤਕਾਰਾਂ ਖਿਲਾਫ ਵੱਡੀ ਮੁਹਿੰਮ ਵਿੱਢੀ ਹੈ। ਮਾਰਚ ਮਹੀਨੇ ਦੇ ਸ਼ੁਰੂਆਤੀ 10 ਦਿਨਾਂ ’ਚ ਹੀ ਵਿਭਾਗ ਨੇ 1,14,916 ਖਪਤਕਾਰਾਂ ਖਿਲਾਫ ਐਕਸ਼ਨ ਲੈਂਦਿਆਂ 249.05 ਕਰੋੜ ਰੁਪਏ ਦੀ ਜ਼ਬਰਦਸਤ ਰਿਕਵਰੀ ਕਰ ਕੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਚੀਫ ਇੰਜੀਨੀਅਰ ਹਾਂਸ ਦੀ ਅਗਵਾਈ ਵਾਲੀ ਟੀਮ ’ਚ ਈਸਟ ਸਰਕਲ ਦੇ ਡਿਪਟੀ ਚੀਫ ਇੰਜੀਨੀਅਰ ਸੁਰਜੀਤ ਸਿੰਘ ਅਤੇ ਵੈਸਟ ਸਰਕਲ ਦੇ ਡਿਪਟੀ ਚੀਫ ਇੰਜੀਨੀਅਰ ਕੁਲਵਿੰਦਰ ਸਿੰਘ ਸ਼ਾਮਲ ਸਨ। ਉਨ੍ਹਾਂ ਦੀ ਨਿਗਰਾਨੀ ਹੇਠ ਐਕਸੀਅਨ ਅਤੇ ਐੱਸ. ਡੀ. ਓਜ਼ ਨੇ ਲੁਧਿਆਣਾ ਜ਼ਿਲੇ ਦੇ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ’ਚ ਆਕਰਮਕ ਤੇਵਰ ਅਪਣਾਏ। ਸ਼ਹਿਰ ਦੀਆਂ 9 ਡਵੀਜ਼ਨਾਂ-ਸੁੰਦਰ ਨਗਰ, ਸੀ. ਐੱਮ. ਸੀ., ਸਿਟੀ ਸੈਂਟਰ, ਫੋਕਲ ਪੁਆਇੰਟ, ਜਨਤਾ ਨਗਰ, ਸਿਟੀ ਵੈਸਟ, ਅਗਰ-ਨਗਰ, ਮਾਡਲ ਟਾਊਨ ਅਤੇ ਅਸਟੇਟ ਡਵੀਜ਼ਨ ’ਚ ਸਖਤ ਕਾਰਵਾਈ ਕੀਤੀ ਗਈ।

ਇਹ ਵੀ ਪੜ੍ਹੋ : ਲੁਧਿਆਣਾ ਦੇ ਢੰਡਾਰੀ 'ਚ ਬਿਜਲੀ ਦੇ ਖੰਭੇ ਤੋਂ ਲੱਗਾ ਜ਼ਬਰਦਸਤ ਝਟਕਾ; ਵੈਲਡਿੰਗ ਵਰਕਰ ਝੁਲਸੀਆਂ

ਇਸ ਤੋਂ ਇਲਾਵਾ ਸਬ-ਅਰਬਨ ਇਲਾਕਿਆਂ ਜਿਵੇਂ ਅੱਡਾ ਦਾਖਾ, ਮੁੱਲਾਂਪੁਰ, ਜਗਰਾਓਂ, ਰਾਏਕੋਟ, ਲਲਤੋਂ, ਮੰਡੀ ਅਹਿਮਦਗੜ੍ਹ ਸਮੇਤ ਖੰਨਾ, ਦੋਰਾਹਾ, ਸਰਹਿੰਦ ਅਤੇ ਅਮਲੋਹ ’ਚ ਵੀ ਮੁਹਿੰਮ ਚਲਾਈ ਗਈ। 1 ਤੋਂ 10 ਮਾਰਚ ਦੌਰਾਨ ਲੱਗਭਗ 10,000 ਡਿਫਾਲਟਰਾਂ ਦੇ ਕੁਨੈਕਸ਼ਨ ਕੱਟੇ ਗਏ ਅਤੇ ਬਾਕੀ ਖਪਤਕਾਰਾਂ ਤੋਂ ਬਕਾਇਆ ਰਾਸ਼ੀ ਵਸੂਲੀ ਗਈ। ਦੇਖਣ ’ਚ ਆਇਆ ਕਿ ਜਦੋਂ ਮੁਲਾਜ਼ਮ ਕਾਰਵਾਈ ਲਈ ਪਹੁੰਚਦੇ ਹਨ ਤਾਂ ਖਪਤਕਾਰ ਸਿਫਾਰਿਸ਼ਾਂ ਜਾਂ ਕਿਸ਼ਤਾਂ ’ਚ ਬਿੱਲ ਭਰਨ ਦੇ ਬਹਾਨੇ ਬਣਾ ਕੇ ਕਾਰਵਾਈ ਰੋਕਣ ਦੀ ਕੋਸ਼ਿਸ਼ ਕਰਦੇ ਹਨ।

ਡਿਫਾਲਟਰਾਂ ਨੂੰ ਵਾਰ-ਵਾਰ ਕੀਤਾ ਗਿਆ ਜਾਗਰੂਕ : ਚੀਫ ਇੰਜੀਨੀਅਰ

ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਨੇ ਦੱਸਿਆ ਕਿ ਵਿਭਾਗ ਵੱਲੋਂ ਖਪਤਕਾਰਾਂ ਨੂੰ ਬਿੱਲ ਜਮ੍ਹਾ ਕਰਵਾਉਣ ਲਈ ਵਾਰ-ਵਾਰ ਸੁਚੇਤ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਕਈ ਕੋਸ਼ਿਸ਼ਾਂ ਦੇ ਬਾਵਜੂਦ ਜਿਨ੍ਹਾਂ ਖਪਤਕਾਰਾਂ ਨੇ ਲੰਬੇ ਸਮੇਂ ਤੋਂ ਬਕਾਇਆ ਰਾਸ਼ੀ ਜਮ੍ਹਾ ਨਹੀਂ ਕਰਵਾਈ, ਉਨ੍ਹਾਂ ਖਿਲਾਫ ਸਖਤ ਰੁਖ ਅਪਣਾਇਆ ਗਿਆ ਹੈ। ਸ. ਹਾਂਸ ਨੇ ਦੁਹਰਾਇਆ ਕਿ ਖਪਤਕਾਰਾਂ ਨੂੰ ਪਹਿਲਾਂ ਕਿਸ਼ਤਾਂ ਦੀ ਸਹੂਲਤ ਵੀ ਦਿੱਤੀ ਗਈ ਸੀ। ਉਨ੍ਹਾਂ ਅਪੀਲ ਕੀਤੀ ਕਿ ਖਪਤਕਾਰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਬਚਣ ਲਈ ਖੁਦ ਅੱਗੇ ਆ ਕੇ ਆਪਣੇ ਬਕਾਇਆ ਬਿੱਲ ਜਮ੍ਹਾ ਕਰਵਾਉਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News