ਜਦੋਂ ਸਿਖਰ ਦੁਪਹਿਰੇ ਥਾਣੇ ਅੰਦਰੋਂ ਆਈਆਂ ਉੱਚੀ-ਉੱਚੀ ਚੀਕਣ ਦੀਆਂ ਆਵਾਜ਼ਾਂ...

07/26/2016 4:35:00 PM

ਮੁਕੰਦਪੁਰ (ਸੰਜੀਵ) : ਇੱਥੇ ਮੰਗਲਵਾਰ ਦੀ ਦੁਪਹਿਰ ਨੂੰ ਕਰੀਬ ਡੇਢ ਵਜੇ ਉਸ ਸਮੇਂ ਲੋਕਾਂ ਦੀਆਂ ਨਜ਼ਰਾਂ ਮੁਕੰਦਪੁਰ ਥਾਣੇ ਵੱਲ ਟਿਕ ਗਈਆਂ, ਜਦੋਂ ਅੰਦਰੋਂ ਚੀਕਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ, ਜਿਵੇਂ ਪੁਲਸ ਅੰਦਰ ਕਿਸੇ ਨੂੰ ਥਰਡ ਡਿਗਰੀ ਟਾਰਚਰ ਕਰ ਰਹੀ ਹੋਵੇ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਸ ਜਗਰਾਓਂ ਨਾਲ ਸੰਬੰਧਿਤ 8-9 ਨੌਜਵਾਨਾਂ ਨੂੰ ਸ਼ਹਿਨਸ਼ਾਹ ਗੇਟ ਵਲੋਂ ਗੱਡੀ ਵਿੱਚ ਬਿਠਾ ਕੇ ਥਾਣੇ ਲਿਆਈ ਸੀ।
ਆਉਂਦੇ ਸਾਰ ਹੀ ਥਾਣੇ ਦਾ ਮੁੱਖ ਗੇਟ ਬੰਦ ਕਰ ਦਿੱਤਾ ਗਿਆ ਅਤੇ ਥਾਣੇ ਅੰਦਰੋਂ ਕਰੀਬ ਅੱਧਾ ਘੰਟਾ ਉੱਚੀ-ਉੱਚੀ ਚੀਕਾਂ ਦੀ ਆਵਾਜ਼ਾਂ ਆਉਂਦੀਆਂ ਰਹੀਆਂ। ਉਸ ਸਮੇਂ ਥਾਣਾ ਇੰਚਾਰਜ ਬਲਵਿੰਦਰ ਜੌੜਾ ਤੇ ਸਬ ਡਵੀਜਨ ਬੰਗਾ ਦੇ ਡੀ. ਐਸ. ਪੀ. ਸਰਬਜੀਤ ਸਿੰਘ ਬਾਹੀਆਂ ਥਾਣੇ ਅੰਦਰ ਮੌਜੂਦ ਸਨ। ਇਸ ਤੋਂ ਇਲਾਵਾ ਪੁਲਸ ਮੁਲਾਜ਼ਮ ਨੌਜਵਾਨਾਂ ਤੋਂ ਬਰਾਮਦ ਬਾਹਰ ਖੜ੍ਹੀ ਟੈਕਸੀ (ਪਰਮਿਟ ਵਾਲੀ) ਦੀ ਵੀ ਵਾਰ-ਵਾਰ ਤਲਾਸ਼ੀ ਲੈਂਦੇ ਰਹੇ। ਜਦੋਂ ਇਸ ਸਬੰਧੀ ਥਾਣਾ ਮੁਕੰਦਪੁਰ ਦੇ ਇੰਚਾਰਜ ਬਲਵਿੰਦਰ ਸਿੰਘ ਜੌੜਾ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਆਪਣਾ ਕੰਮ ਕਰੋ, ਤੁਹਾਨੂੰ ਦੱਸ ਦੇਵਾਂਗੇ। ਫਿਲਹਾਲ ਖਬਰ ਲਿਖੇ ਜਾਣ ਤੱਕ ਕੋਈ ਕੋਈ ਵੀ ਪੁਖਤਾ ਜਾਣਕਾਰੀ ਹਾਸਲ ਨਹੀਂ ਹੋ ਸਕੀ।
 

Babita Marhas

News Editor

Related News