ਅਸਮਾਨਪੁਰ ਵਿਖੇ ਢਿੱਲੀਆਂ ਬਿਜਲੀ ਦੀਆਂ ਤਾਰਾਂ ’ਚ ਸਪਾਰਕਿੰਗ ਹੋਣ ਕਾਰਨ ਕਣਕ ਨੂੰ ਲੱਗੀ ਅੱਗ

04/19/2024 2:43:15 PM

ਨੂਰਪੁਰਬੇਦੀ (ਸੰਜੀਵ ਭੰਡਾਰੀ)-ਖੇਤਰ ਦੇ ਪਿੰਡ ਅਸਮਾਨਪੁਰ ਉੱਪਰਲਾ ਵਿਖੇ ਖੇਤਾਂ ਦੇ ਉਪਰੋਂ ਗੁਜ਼ਰ ਰਹੀਆਂ ਬਿਜਲੀ ਦੀਆਂ ਤਾਰਾਂ ਦੇ ਆਪਸ ’ਚ ਟਕਰਾਉਣ ਉਪਰੰਤ ਸਪਾਰਕਿੰਗ ਹੋਣ ਕਾਰਨ ਇਕ ਕਿਸਾਨ ਦੀ ਕਟਾਈ ਲਈ ਤਿਆਰ ਹੋਈ ਕਣਕ ਦੀ ਫ਼ਸਲ ਨੂੰ ਅਚਾਨਕ ਅੱਗ ਲੱਗ ਗਈ ਪਰ ਗਨੀਮਤ ਰਹੀ ਕਿ ਨੇੜੇ ਦੇ ਖੇਤਾਂ ’ਚ ਕੰਮ ਕਰ ਰਹੇ ਕਿਸਾਨਾਂ ਨੇ ਆਪਣੀ ਸੂਝ-ਬੂਝ ਨਾਲ ਸਮੁੱਚੀ ਫ਼ਸਲ ਨੂੰ ਸੜਨ ਤੋਂ ਬਚਾਅ ਲਿਆ।

ਜਾਣਕਾਰੀ ਦਿੰਦਿਆਂ ਖੇਤ ਮਾਲਕ ਪਰਮਿੰਦਰ ਸਿੰਘ ਸਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਅਸਮਾਨਪੁਰ ਹੇਠਲਾ ਨੇ ਦੱਸਿਆ ਕਿ ਪਿੰਡ ਅਸਮਾਨਪੁਰ ਉੱਪਰਲਾ ਵਿਖੇ ਉਸ ਦੀ ਲਗਭਗ ਤਿੰਨ ਕਨਾਲ ’ਚ ਕਣਕ ਦੀ ਫ਼ਸਲ ਵੱਡਣ ਨੂੰ ਤਿਆਰ ਖੜ੍ਹੀ ਹੈ। ਅੱਜ ਬਾਅਦ ਦੁਪਹਿਰ ਕਰੀਬ 4 ਵਜੇ ਖੇਤ ਉਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਸਪਾਰਕਿੰਗ ਹੋਣ ਕਾਰਨ ਪੈਦਾ ਹੋਈਆਂ ਚੰਗਿਆੜੀਆਂ ਨਾਲ ਇਕਦਮ ਹੀ ਉਸ ਦੀ ਫ਼ਸਲ ਨੂੰ ਅੱਗ ਲੱਗ ਗਈ। ਨਾਲ ਦੇ ਖੇਤਾਂ ’ਚ ਕੰਮ ਕਰ ਰਹੇ ਹੋਰਨਾਂ ਕਿਸਾਨਾਂ ਨੇ ਫ਼ਸਲ ਨੂੰ ਅੱਗ ਲੱਗੀ ਵੇਖ ਕੇ ਇਕਦਮ ਹਰਕਤ ਵਿਖਾਉਂਦੇ ਹੋਏ ਪਾਣੀ ਅਤੇ ਮਿੱਟੀ ਨਾਲ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਸੂਚਨਾ ਮਿਲਣ ’ਤੇ ਖੇਤ ਮਾਲਕ ਤੁਰੰਤ ਟ੍ਰੈਕਟਰ ਲੈ ਕੇ ਖੇਤਾਂ ’ਚ ਪਹੁੰਚ ਗਿਆ ਅਤੇ ਉਸ ਨੇ ਅੱਗ ਲੱਗੀ ਹੋਈ ਫ਼ਸਲ ਨੂੰ ਵਾਹ ਕੇ ਮੁਕੰਮਲ ਤੌਰ ’ਤੇ ਅੱਗ ’ਤੇ ਕਾਬੂ ਪਾ ਲਿਆ। ਜਿਸ ਨਾਲ ਆਸ-ਪਾਸ ਦੇ ਕਿਸਾਨਾਂ ਦੀ ਫ਼ਸਲ ਦਾ ਵੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

ਇਹ ਵੀ ਪੜ੍ਹੋ- ਚੋਣ ਜ਼ਾਬਤੇ ਦੌਰਾਨ GST ਮੋਬਾਇਲ ਵਿੰਗ ਦੀ ਵੱਡੀ ਕਾਰਵਾਈ, ਮਾਰੂਤੀ ਵੈਗਨਾਰ ਕਾਰ 'ਚੋਂ 5.5 ਕਿਲੋ ਸੋਨਾ ਕੀਤਾ ਜ਼ਬਤ

ਕਿਸਾਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਤਿੰਨ ਕਨਾਲ ’ਚੋਂ ਕਰੀਬ ਇਕ ਕਨਾਲ ’ਚ ਖੜ੍ਹੀ ਫ਼ਸਲ ਅੱਗ ਦੀ ਭੇਟ ਚੜ੍ਹ ਗਈ। ਉਸ ਨੇ ਕਿਹਾ ਕਿ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ ਕਾਰਨ ਅੱਗ ਲੱਗਣ ਨਾਲ ਉਸ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਮੌਕੇ ’ਤੇ ਮੌਜੂਦ ਕਿਸਾਨਾਂ ਹਰਜਿੰਦਰ ਸਿੰਘ ਕਿੰਦਾ, ਸੁਰਿੰਦਰ ਸਿੰਘ, ਰਣਜੋਧ ਸਿੰਘ, ਫੁੰਮਣ ਸਿੰਘ, ਸੁਰਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਨੇ ਜਿੱਥੇ ਪੀਡ਼ਤ ਕਿਸਾਨ ਨੂੰ ਉਚਿਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਉੱਥੇ ਹੀ ਕਿਹਾ ਕਿ ਬਿਜਲੀ ਵਿਭਾਗ ਨੂੰ ਇਨ੍ਹਾਂ ਢਿੱਲੀਆਂ ਤਾਰਾਂ ਨੂੰ ਕੱਸਣਾ ਚਾਹੀਦਾ ਹੈ ਤਾਂ ਜੋ ਭਵਿੱਖ ’ਚ ਹੋਰ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।

ਇਹ ਵੀ ਪੜ੍ਹੋ-  ਪੰਜਾਬ 'ਚ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਬੈਠੇ 'ਬੰਬੀਹਾ ਗੈਂਗ' ਦੇ ਦੋ ਗੈਂਗਸਟਰ ਹਥਿਆਰਾਂ ਸਣੇ ਗ੍ਰਿਫ਼ਤਾਰ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News