ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੀ ਗੁਰਗੱਦੀ ਦਿਵਸ ਮੌਕੇ ''ਪੰਥ ਦੀਆਂ ਮਹਾਨ ਬੀਬੀਆਂ'' ਕਿਤਾਬ ਸੰਗਤ ਦੇ ਸਨਮੁੱਖ
Wednesday, Apr 10, 2024 - 04:59 PM (IST)
ਰੋਮ (ਦਲਵੀਰ ਕੈਂਥ)- ਯੂਰਪ ਦੀ ਸਿਰਮੌਰ ਸਿੱਖ ਸੰਸਥਾ ਕਲਤੂਰਾ ਸਿੱਖ (ਰਜਿ:) ਇਟਲੀ ਯੂਰਪ ਵਿੱਚ ਜਨਮ ਲੈਣ ਵਾਲੇ ਬੱਚਿਆਂ ਅਤੇ ਇਟਾਲੀਅਨ ਲੋਕਾਂ ਨੂੰ ਮਹਾਨ ਸਿੱਖ ਧਰਮ ਤੋਂ ਜਾਣੂ ਕਰਵਾਉਣ ਲਈ ਤੱਤਪਰ ਹੁਣ ਤੱਕ 6 ਕਿਤਾਬਾਂ ਫ੍ਰੈਂਚ,ਸਪੈਨਿਸ਼, ਗਰੀਕੀ, ਡੱਚ ਤੇ ਇਟਾਲੀਅਨ ਭਾਸ਼ਾ ਵਿੱਚ ਛਪਵਾ ਕੇ ਯੂਰਪ ਭਰ ਵਿੱਚ ਵੰਡ ਚੁੱਕੀ ਹੈ। ਹੁਣ ਇਟਾਲੀਅਨ ਭਾਸ਼ਾ ਵਿੱਚ 7ਵੀਂ ਕਿਤਾਬ, ਜਿਸ ਦਾ ਨਾਮ ਸਿੱਖ ਪੰਥ ਦੀਆਂ ਮਹਾਨ ਬੀਬੀਆ ਹੈ, ਸੰਗਤ ਦੇ ਸਨਮੁੱਖ ਕੀਤੀ ਗਈ ਹੈ।
ਇਸ ਕਿਤਾਬ ਵਿੱਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਮਾਤਾ ਤ੍ਰਿਪਤਾ ਜੀ, ਬੇਬੇ ਨਾਨਕੀ ਜੀ, ਮਾਤਾ ਖੀਵੀ ਜੀ, ਬੀਬੀ ਅਮਰੋ ਜੀ, ਬੀਬੀ ਭਾਨੀ ਜੀ, ਮਾਤਾ ਗੁੱਜਰ ਕੌਰ ਜੀ, ਮਾਤਾ ਸਾਹਿਬ ਕੌਰ, ਮਾਤਾ ਭਾਗ ਕੌਰ, ਬੀਬੀ ਹਰਸ਼ਰਨ ਕੌਰ, ਮਹਾਰਾਣੀ ਸਦਾ ਕੌਰ ਤੇ ਮਹਾਰਾਣੀ ਜਿੰਦ ਕੌਰ ਵੱਲੋਂ ਸਿੱਖ ਇਤਿਹਾਸ ਵਿੱਚ ਪਾਏ ਗਏ ਬਹੁਮੁੱਲੇ ਯੋਗਦਾਨ ਬਾਰੇ ਇਟਾਲੀਅਨ ਭਾਸ਼ਾ ਵਿੱਚ ਵਰਨਣ ਕੀਤਾ ਗਿਆ ਹੈ ਤਾਂ ਜੋ ਇਟਲੀ ਵਿੱਚ ਜਨਮੀ ਸਿੱਖ ਪੀੜ੍ਹੀ ਅਤੇ ਇਟਾਲੀਅਨ ਭਾਈਚਾਰਾ ਇਸ ਕਿਤਾਬ ਰਾਹੀਂ ਚੰਗੀ ਤਰ੍ਹਾਂ ਮਹਾਨ ਸਿੱਖ ਧਰਮ ਬਾਰੇ ਜਾਣ ਸਕੇ।
ਮਹਾਨ ਸਿੱਖ ਧਰਮ ਦੇ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਗੁਰਗੱਦੀ ਦਿਵਸ ਨੂੰ ਸਮਰਪਿਤ ਇਹ ਕਿਤਾਬ ਸੰਗਤਾਂ ਦੇ ਸਨਮੁੱਖ ਕਰਦਿਆਂ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਕਲਤੂਰਾ ਸਿੱਖ ਦੇ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਧਾਰਮਿਕ ਸਮਾਗਮ ਦੌਰਾਨ ਕਿਤਾਬਾਂ ਮੁਫ਼ਤ ਤਕਸੀਮ ਕਰਦੀ ਹੈ। ਇਟਾਲੀਅਨ ਭਾਸ਼ਾ ਵਿੱਚ ਸੰਗਤ ਦੇ ਸਨਮੁੱਖ ਕੀਤੀ ਗਈ ਇਸ 7ਵੀਂ ਕਿਤਾਬ ਦੇ 52 ਪੇਜ਼ ਹਨ। ਸੰਗਤ ਇਸ ਕਿਤਾਬ ਨੂੰ ਪ੍ਰਾਪਤ ਕਰਨ ਲਈ ਕਲਤੂਰਾ ਸਿੱਖ ਦੇ ਸੇਵਾਦਾਰਾਂ ਨਾਲ ਸੰਪਰਕ ਕਰ ਸਕਦੀ ਹੈ।