ਪਿਸਤੌਲ ਵਰਗੀ ਚੀਜ਼ ਦਾ ਡਰ ਦਿਖਾ ਕੇ ਲੁਟੇਰੇ ਮੋਟਰਸਾਈਕਲ ਖੋਹ ਕੇ ਫ਼ਰਾਰ
Thursday, Jul 11, 2024 - 03:56 PM (IST)
ਜ਼ੀਰਾ (ਰਾਜੇਸ਼ ਢੰਡ) : ਮਖੂ ਦੇ ਅਧੀਨ ਆਉਂਦੀ ਛੋਟੀਆਂ ਚੱਕੀਆਂ ਵਿਖੇ ਪਿਸਤੌਲ ਵਰਗੀ ਚੀਜ਼ ਦਾ ਡਰਾਵਾ ਦੇ ਕੇ ਇਕ ਵਿਅਕਤੀ ਕੋਲੋਂ ਲੁਟੇਰੇ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਏ। ਇਸ ਸਬੰਧ 'ਚ ਥਾਣਾ ਮਖੂ ਪੁਲਸ ਨੇ 3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਗੁਰਸੇਵਕ ਸਿੰਘ ਪੁੱਤਰ ਲੁੱਸਾ ਸਿੰਘ ਵਾਸੀ ਚੱਕੀਆਂ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ’ਤੇ ਆਸ਼ਾ ਪੈਟਰੋ ਮਾਰਟ ਪੁਰਾਣਾ ਮਖੂ ਪੈਟਰੋਲ ਪੰਪ ਤੋਂ ਆਪਣੇ ਘਰ ਜਾ ਰਹੇ ਸੀ।
ਜਦ ਉਹ ਪਿੰਡ ਛੋਟੀਆਂ ਚੱਕੀਆਂ ਪਾਸ ਪੁੱਜੇ ਤਾਂ ਇਕ ਮੋਟਰਸਾਈਕਲ ’ਤੇ 3 ਨੌਜਵਾਨ ਸਵਾਰ ਸਨ। ਉਨ੍ਹਾਂ ਨੇ ਉਸ ਦੇ ਬਰਾਬਰ ਮੋਟਰਸਾਈਕਲ ਲਿਆ ਕੇ ਉਸ ਦੇ ਪਹਿਨੀ ਹੋਈ ਕਿੱਟ ਬੈਗ ਨੂੰ ਹੱਥ ਪਾ ਲਿਆ। ਇਸ ਕਾਰਨ ਉਹ ਮੋਟਰਸਾਈਕਲ ਸਮੇਤ ਸੜਕ ਦੇ ਕਿਨਾਰੇ ਡਿੱਗ ਪਿਆ ਤਾਂ ਦੋਸ਼ੀਆਨ ਨੇ ਉਸ ਤੋਂ ਮੋਟਰਸਾਈਕਲ ਖੋਹਣ ਲਈ ਧੱਕਾ-ਮੁੱਕੀ ਕੀਤੀ। ਗੁਰਸੇਵਕ ਸਿੰਘ ਨੇ ਦੱਸਿਆ ਕਿ ਜਦ ਉਸ ਨੇ ਮੋਟਰਸਾਈਕਲ ਨਾ ਛੱਡਿਆ ਤਾਂ ਪਿਸਤੌਲ ਵਰਗੀ ਚੀਜ਼ ਦਾ ਡਰਾਵਾ ਦਿਖਾ ਕੇ ਉਸ ਦਾ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਰਾਜ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।