ਮਾਂ ਨੇ ਪੁਲਸ ਨੂੰ ਲਾਈ ਆਪਣੇ ਲਾਪਤਾ ਪੁੱਤਰ ਨੂੰ ਲੱਭਣ ਦੀ ਗੁਹਾਰ
Thursday, Sep 10, 2020 - 04:01 PM (IST)
ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਕੂੰਮਕਲਾਂ ਥਾਣਾ ਅਧੀਨ ਪੈਂਦੇ ਪਿੰਡ ਭਮਾ ਕਲਾਂ ਦੀ ਗਰੀਬ ਅਤੇ ਮਜ਼ਦੂਰ ਮਾਂ ਲਲਿਤਾ ਦੇਵੀ ਨੇ ਆਪਣੇ ਲਾਪਤਾ ਹੋਏ ਨੌਜਵਾਨ ਪੁੱਤਰ ਸੁਨੀਲ ਕੁਮਾਰ ਨੂੰ ਲੱਭਣ ਦੀ ਗੁਹਾਰ ਲਾਈ ਹੈ। ਪਰਿਵਾਰਕ ਮੈਂਬਰਾਂ ਨੇ ਸ਼ੰਕਾ ਪ੍ਰਗਟਾਈ ਕਿ ਉਸ ਦੇ ਪੁੱਤਰ ਦਾ ਕਤਲ ਕੀਤਾ ਜਾ ਸਕਦਾ ਹੈ। ਲਲਿਤਾ ਦੇਵੀ ਨੇ ਲੁਧਿਆਣਾ ਦੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਕਿ ਉਸ ਦਾ ਨੌਜਵਾਨ ਸੁਨੀਲ ਕੁਮਾਰ (26) ਜੋ ਕਿ ਆਪਣੀ ਪਤਨੀ ਅਤੇ ਇਕ ਬੱਚੇ ਸਮੇਤ ਹਾੜੀਆਂ ਚੌਕ ਵਿਖੇ ਕਿਰਾਏ ਦੇ ਮਕਾਨ 'ਤੇ ਰਹਿੰਦਾ ਸੀ ਅਤੇ ਨੇੜੇ ਹੀ ਨੀਲੋਂ ਪਿੰਡ ਵਿਖੇ ਧਾਗਾ ਫੈਕਟਰੀ 'ਚ ਕੰਮ ਕਰਦਾ ਸੀ। ਲਲਿਤਾ ਦੇਵੀ ਅਨੁਸਾਰ ਲੰਘੀ 22 ਅਗਸਤ ਨੂੰ ਸੁਨੀਲ ਘਰੋਂ ਕੰਮ 'ਤੇ ਗਿਆ ਪਰ ਵਾਪਸ ਨਾ ਆਇਆ। ਉਸ ਦਿਨ ਤੋਂ ਬਾਅਦ ਉਸ ਦਾ ਮੋਬਾਈਲ ਫੋਨ ਵੀ ਬੰਦ ਆ ਰਿਹਾ ਹੈ।
ਇਹ ਵੀ ਪੜ੍ਹੋ : ਅਨਲਾਕ-4 : ਸ਼ਹਿਰੀ ਖੇਤਰਾਂ 'ਚ ਕੁਝ ਢਿੱਲ ਦੇਣ ਦਾ ਫੈਸਲਾ
ਇਹ ਵੀ ਪੜ੍ਹੋ : ਬੇਰੁਜ਼ਗਾਰ ਅਧਿਆਪਕ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ, ਸਰਕਾਰ ਨੂੰ ਦਿੱਤੀ ਚਿਤਾਵਨੀ
ਪਰਿਵਾਰਕ ਮੈਂਬਰਾਂ ਨੇ ਉਸ ਦੀ ਕਾਫ਼ੀ ਤਲਾਸ਼ ਕੀਤੀ ਪਰ ਸੁਨੀਲ ਕੁਮਾਰ ਦਾ ਕੋਈ ਸੁਰਾਗ ਨਾ ਲੱਗਾ ਜਿਸ 'ਤੇ ਥਾਣਾ ਕੂੰਮਕਲਾਂ ਵਿਖੇ ਇਸ ਸਬੰਧੀ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਗਈ। ਲਲਿਤਾ ਦੇਵੀ ਅਨੁਸਾਰ ਸੁਨੀਲ ਕੁਮਾਰ ਦੀ ਪਤਨੀ ਗਰਭਵਤੀ ਹੈ ਤੇ ਉਸ ਦਾ ਪਤੀ ਅਪਾਹਿਜ ਹੈ। ਪੁਲਸ ਵਲੋਂ ਉਸ ਦੇ ਪੁੱਤਰ ਦੀ ਤਲਾਸ਼ ਲਈ ਗੰਭੀਰਤਾ ਨਾਲ ਯਤਨ ਨਹੀਂ ਕੀਤੇ ਜਾ ਰਹੇ ਜਦਕਿ ਉਨ੍ਹਾਂ ਨੂੰ ਸ਼ੰਕਾ ਹੈ ਕਿ ਸੁਨੀਲ ਕੁਮਾਰ ਦੀ ਦੋਸਤੀ ਕੁਝ ਨਸ਼ਾ ਕਰਨ ਦੇ ਆਦੀ ਅਤੇ ਅਪਰਾਧਿਕ ਕਿਸਮ ਦੇ ਵਿਅਕਤੀਆਂ ਨਾਲ ਸਨ, ਜਿਸ ਕਾਰਣ ਉਸ ਦਾ ਕਤਲ ਵੀ ਕਰ ਦਿੱਤਾ ਗਿਆ ਹੋਵੇ ਜਾਂ ਕੀਤਾ ਜਾ ਸਕਦਾ ਹੈ। ਗਰੀਬ ਪਰਿਵਾਰ ਨੇ ਪੁਲਸ ਕਮਿਸ਼ਨਰ ਲੁਧਿਆਣਾ ਅਤੇ ਕੂੰਮਕਲਾਂ ਪੁਲਸ ਨੂੰ ਗੁਹਾਰ ਲਾਈ ਕਿ ਲਾਪਤਾ ਹੋਏ ਸੁਨੀਲ ਕੁਮਾਰ ਦੀ ਤਲਾਸ਼ ਲਈ ਗੰਭੀਰਤਾ ਨਾਲ ਯਤਨ ਕੀਤੇ ਜਾਣ ਤਾਂ ਜੋ ਉਨ੍ਹਾਂ ਦੇ ਪਰਿਵਾਰ ਦਾ ਸਹਾਰਾ ਵਾਪਸ ਘਰ ਆ ਸਕੇ।
ਇਹ ਵੀ ਪੜ੍ਹੋ : ਵਪਾਰਕ ਸੌਖ ਸਬੰਧੀ ਸਰਵੇਖਣ 'ਚ ਪੰਜਾਬ ਨੂੰ ਮਿਲੇ 19ਵੇਂ ਰੈਂਕ ਤੋਂ ਮੁੱਖ ਮੰਤਰੀ ਅਸੰਤੁਸ਼ਟ