ਕਮਰੇ ’ਚ ਸੁੱਤੀਆਂ ਪਈਆਂ ਮਾਂਵਾਂ-ਧੀਆਂ ਉਪਰ ਡਿੱਗੀ ਲੈਂਟਰ ਵਾਲੀ ਛੱਤ

Wednesday, May 25, 2022 - 06:28 PM (IST)

ਕਮਰੇ ’ਚ ਸੁੱਤੀਆਂ ਪਈਆਂ ਮਾਂਵਾਂ-ਧੀਆਂ ਉਪਰ ਡਿੱਗੀ ਲੈਂਟਰ ਵਾਲੀ ਛੱਤ

ਬਾਘਾ ਪੁਰਾਣਾ (ਅਜੇ) : ਸਥਾਨਕ ਸ਼ਹਿਰ ਦੀ ਮੁਗਲੂ ਪੱਤੀ ਅੰਦਰ ਪੈਂਦੀ ਪਟਵਾਰਖਾਨੇ ਵਾਲੀ ਗਲੀ ’ਚ ਇਕ ਰਹਿੰਦੇ ਪਰਿਵਾਰ ਦੀ ਛੱਤ ਅੱਜ ਸਵੇਰੇ ਕਰੀਬ 3 ਵਜੇ ਡਿੱਗਣ ਦਾ ਪਤਾ ਲੱਗਾ, ਜਿਸ ਵਿਚ ਕਮਰੇ ਦੇ ਅੰਦਰ ਸੁੱਤੀਆਂ ਪਈਆਂ ਮਾਂਵਾਂ-ਧੀਆਂ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ। ਜ਼ਖਮੀਆਂ ਨੂੰ ਗੁਆਂਢੀਆਂ ਵੱਲੋਂ ਤੁਰੰਤ ਬਾਘਾ ਪੁਰਾਣਾ ਦੇ ਹਸਪਤਾਲ ਵਿਚ ਪਹੁੰਚਾਇਆ ਗਿਆ। ਘਰ ਦੇ ਮੁਖੀ ਜਗਜੀਤ ਸਿੰਘ ਪੁੱਤਰ ਜਸਵੰਤ ਸਿੰਘ (ਰਾਜੇਆਣਾ ਵਾਲੇ) ਨੇ ਗੱਲਬਾਤ ਕਰਦਿਆਂ ਦੱਸਿਆ ਉਨ੍ਹਾਂ ਦਾ ਸਾਰਾ ਪਰਿਵਾਰ ਵਿਹੜੇ ’ਚ ਸੁੱਤਾ ਪਿਆ ਸੀ ਅਤੇ ਜਦੋਂ ਸਵੇਰੇ ਮੌਸਮ ਠੰਡਾ ਹੋਣ ਕਾਰਣ ਉਨ੍ਹਾਂ ਦੀ ਨੂੰਹ ਸਰਬਜੀਤ ਕੌਰ, ਪੋਤੀ ਗੁਰਨੂਰ ਕੌਰ (10) ਅਤੇ ਜਪਨੂਰ ਕੌਰ (4) ਕਮਰੇ ਅੰਦਰ ਜਾ ਕੇ ਸੋ ਗਈਆਂ ਅਤੇ ਜਦੋਂ ਸਵੇਰ ਦੇ 3 ਕੁ ਵਜੇ ਤਾਂ ਇਕ ਵੱਡਾ ਧਮਾਕਾ ਹੋਇਆ ਤਾਂ ਉਸਦੀ ਅੱਖ ਖੁੱਲ੍ਹੀ ਤਾਂ ਦੇਖਿਆ ਕਿ ਉਨ੍ਹਾਂ ਦੇ ਕਮਰੇ ਦੀ ਛੱਤ (ਲੈਂਟਰ) ਡਿੱਗਿਆ ਪਿਆ ਸੀ ਅਤੇ ਇਸ ਘਟਨਾ ਵਿਚ ਉਨ੍ਹਾਂ ਦੀ ਨੂੰਹ ਅਤੇ ਪੋਤੀਆਂ ਲੈਂਟਰ ਦੇ ਮਲਬੇ ਹੇਠ ਆ ਕੇ ਦੱਬ ਗਈਆਂ ਸਨ।

ਉਨ੍ਹਾਂ ਕਿਹਾ ਕਿ ਛੱਤ ਡਿੱਗਣ ਦਾ ਧਮਾਕਾ ਇੰਨਾ ਜ਼ਿਆਦਾ ਹੋਇਆ ਕਿ ਉਨ੍ਹਾਂ ਦੇ ਆਂਢ-ਗੁਆਂਢ ਰਹਿੰਦੇ ਲੋਕ ਵੀ ਉਨ੍ਹਾਂ ਦੇ ਘਰ ਮੌਕੇ ’ਤੇ ਆ ਗਏ, ਜਿਨ੍ਹਾਂ ਦੀ ਮਦਦ ਨਾਲ ਨੂੰਹ ਅਤੇ ਪੋਤੀਆਂ ਨੂੰ ਲੈਂਟਰ ਹੇਠੋਂ ਕੱਢ ਕੇ ਸਥਾਨਕ ਸ਼ਹਿਰ ਦੇ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ। ਜਗਜੀਤ ਸਿੰਘ ਨੇ ਅੱਗੇ ਇਹ ਵੀ ਦੱਸਿਆ ਕਿ ਲੈਂਟਰ ਡਿੱਗਣ ਨਾਲ ਭਾਵੇਂ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾਅ ਰਿਹਾ ਪਰ ਕਮਰੇ ਅੰਦਰ ਪਿਆ ਸਾਰਾ ਸਮਾਨ, ਜਿਨ੍ਹਾਂ ਵਿਚ ਬੈੱਡ, ਅਲਮਾਰੀ, ਪੇਟੀ ਦੇ ਇਲਾਵਾ ਹੋਰ ਘਰੇਲੂ ਸਾਮਾਨ ਵੀ ਲੈਂਟਰ ਦੀ ਲਪੇਟ ਵਿਚ ਆ ਕੇ ਚਕਨਾਚੂਰ ਹੋ ਗਿਆ।


author

Gurminder Singh

Content Editor

Related News