ਇੱਕੋ ਝਟਕੇ 40 ਤੋਂ ਵੱਧ ਭੇਡਾਂ ਦੀ ਮੌਤ! ਫੁੱਲੇ ਹੋਏ ਪੇਟ ਦੇਖ ਉੱਡੇ ਲੋਕਾਂ ਦੇ ਹੋਸ਼
Friday, Mar 27, 2026 - 07:00 PM (IST)
ਲੁਧਿਆਣਾ (ਰਾਜ): ਪਿੰਡ ਭੱਟੀਆਂ ਦੇ ਇਕ ਖਾਲੀ ਪਲਾਟ ਵਿਚ ਸ਼ੱਕੀ ਹਾਲਾਤ ਵਿਚ ਵੱਡੀ ਗਿਣਤੀ ਵਿਚ ਭੇਡਾਂ ਦੀਆਂ ਲਾਸ਼ਾਂ ਪਈਆਂ ਮਿਲੀਆਂ। ਇਕੋ ਵੇਲੇ ਇੰਨੀਆਂ ਬੇਜ਼ੁਬਾਨ ਜਾਨਾਂ ਦੇ ਖ਼ਤਮ ਹੋਣ ਦੀ ਖ਼ਬਰ ਅੱਗ ਵਾਂਗ ਪੂਰੇ ਇਲਾਕੇ ਵਿਚ ਫੈਲ ਗਈ ਅਤੇ ਦੇਖਦੇ ਹੀ ਦੇਖਦੇ ਮੌਕੇ 'ਤੇ ਪੇਂਡੂਆਂ ਦਾ ਭਾਰੀ ਇਕੱਠ ਉਮੜ ਪਿਆ। ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਦਹਿਸ਼ਤ ਅਤੇ ਗ਼ਮ ਦਾ ਮਾਹੌਲ ਬਣਿਆ ਹੋਇਆ ਹੈ।
ਜਾਣਕਾਰੀ ਮੁਤਾਬਕ, ਉਕਤ ਪਲਾਟ ਵਿਚ ਕਰੀਬ 100 ਭੇਡਾਂ ਮੌਜੂਦ ਸਨ, ਜਿਨ੍ਹਾਂ ਵਿੱਚੋਂ 40 ਤੋਂ ਵੱਧ ਭੇਡਾਂ ਮ੍ਰਿਤਕ ਹਾਲਤ ਵਿੱਚ ਮਿਲੀਆਂ। ਹੈਰਾਨੀ ਦੀ ਗੱਲ ਇਹ ਹੈ ਕਿ ਬਾਕੀ ਭੇਡਾਂ ਪੂਰੀ ਤਰ੍ਹਾਂ ਸਹੀ-ਸਲਾਮਤ ਹਨ, ਪਰ ਮਰਨ ਵਾਲੀਆਂ ਭੇਡਾਂ ਦਾ ਮੰਜ਼ਰ ਰੂਹ ਕੰਬਾ ਦੇਣ ਵਾਲਾ ਹੈ। ਚਸ਼ਮਦੀਦਾਂ ਅਨੁਸਾਰ, ਮਰੀਆਂ ਹੋਈਆਂ ਸਾਰੀਆਂ ਭੇਡਾਂ ਦੇ ਪੇਟ ਅਸਾਧਾਰਣ ਰੂਪ ਵਿੱਚ ਫੁੱਲੇ ਹੋਏ ਸਨ, ਜੋ ਕਿਸੇ ਡੂੰਘੇ ਭੇਤ ਵੱਲ ਇਸ਼ਾਰਾ ਕਰ ਰਹੇ ਹਨ। ਪੇਂਡੂਆਂ ਵਿਚ ਇਸ ਗੱਲ ਨੂੰ ਲੈ ਕੇ ਭਾਰੀ ਚਰਚਾ ਹੈ ਕਿ ਆਖ਼ਰ ਇਕੱਠੀਆਂ ਇੰਨੀਆਂ ਭੇਡਾਂ ਦੀ ਮੌਤ ਕਿਵੇਂ ਹੋ ਗਈ। ਕੀ ਭੇਡਾਂ ਨੂੰ ਕਿਸੇ ਨੇ ਜ਼ਹਿਰ ਦਿੱਤਾ ਹੈ ਜਾਂ ਫਿਰ ਇਹ ਕਿਸੇ ਜਾਨਲੇਵਾ ਬਿਮਾਰੀ ਦਾ ਪ੍ਰਕੋਪ ਹੈ? ਇਹ ਹੁਣ ਇੱਕ ਵੱਡੀ ਜਾਂਚ ਦਾ ਵਿਸ਼ਾ ਬਣ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਅਤੇ ਪਸ਼ੂ ਪ੍ਰੇਮੀ ਮੌਕੇ 'ਤੇ ਇਕੱਠੇ ਹੋ ਗਏ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰ ਰਹੇ ਹਨ। ਫਿਲਹਾਲ ਇਨ੍ਹਾਂ ਬੇਜ਼ੁਬਾਨਾਂ ਦੀ ਸਮੂਹਿਕ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਅਤੇ ਵਿਸਥਾਰਤ ਜਾਂਚ ਤੋਂ ਬਾਅਦ ਹੀ ਸਾਫ਼ ਹੋ ਸਕੇਗਾ। ਉਦੋਂ ਤੱਕ ਇਲਾਕੇ ਵਿੱਚ ਇਸ ਰਹੱਸਮਈ ਘਟਨਾ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਅਤੇ ਡਰ ਬਣਿਆ ਹੋਇਆ ਹੈ।
