ਪੰਜਾਬ: ਲੁੱਟਾਂ-ਖੋਹਾਂ ਕਰਨ ਵਾਲੇ ਦਾ ਕਤਲ! ਲੋਕਾਂ ਨੇ ਖੰਭੇ ਨਾਲ ਬੰਨ੍ਹ ਕੇ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ

Friday, Aug 07, 2026 - 01:52 PM (IST)

ਪੰਜਾਬ: ਲੁੱਟਾਂ-ਖੋਹਾਂ ਕਰਨ ਵਾਲੇ ਦਾ ਕਤਲ! ਲੋਕਾਂ ਨੇ ਖੰਭੇ ਨਾਲ ਬੰਨ੍ਹ ਕੇ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ

ਲੁਧਿਆਣਾ (ਰਾਜ): ਲੁਧਿਆਣਾ ਵਿਚ ਫੈਕਟਰੀ ਦੇ ਬਾਹਰ ਲੁੱਟ ਦੀ ਨੀਅਤ ਨਾਲ ਆਏ ਬਾਈਕ ਸਵਾਰ ਬਦਮਾਸ਼ਾਂ ਤੇ ਰਾਹਗੀਰਾਂ ਵਿਚਾਲੇ ਖ਼ੂਨੀ ਝੜਪ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦਾਤਰ ਲੈ ਕੇ ਰਾਹਗੀਰਾਂ 'ਤੇ ਲੁੱਟ ਦੀ ਨੀਅਤ ਨਾਲ ਹਮਲਾ ਕਰਨ ਪਹੁੰਚੇ ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਵਿਚੋਂ ਇਕ ਨੂੰ ਰਾਹਗੀਰਾਂ ਨੇ ਮੌਕੇ 'ਤੇ ਹੀ ਦਬੋਚ ਲਿਆ। ਭੜਕੀ ਭੀੜ ਨੇ ਮੁਲਜ਼ਮ ਨੂੰ ਬਿਜਲੀ ਦੇ ਖੰਭੇ ਨਾਲ ਬੰਨ੍ਹ ਕੇ ਇੱਟਾਂ-ਪੱਥਰਾਂ ਤੇ ਡੰਡਿਆਂ ਨਾਲ ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਾਹਨੇਵਾਲ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਪੁਲਸ ਨੂੰ ਦਿੱਤੇ ਬਿਆਨਾਂ ਵਿਚ ਚਸ਼ਮਦੀਦ ਦੀਪਕ ਕੁਮਾਰ ਨੇ ਦੱਸਿਆ ਕਿ ਬੀਤੀ 5 ਅਗਸਤ ਨੂੰ ਉਹ ਆਪਣੀ ਫੈਕਟਰੀ ਦੀ ਛੱਤ 'ਤੇ ਖੜ੍ਹਾ ਸੀ। ਉਸੇ ਸਮੇਂ ਉਸ ਦੇ ਵੇਖਦੇ ਹੀ ਵੇਖਦੇ ਇਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਦੋ ਅਣਪਛਾਤੇ ਨੌਜਵਾਨ ਆਏ। ਉਨ੍ਹਾਂ ਨੇ ਫੈਕਟਰੀ ਦੇ ਬਿਲਕੁੱਲ ਸਾਹਮਣਿਓਂ ਗੁਜ਼ਰ ਰਹੇ ਦੋ ਸਾਈਕਲ ਸਵਾਰ ਰਾਹਗੀਰਾਂ ਨੂੰ ਰੋਕ ਲਿਆ। ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਦੇ ਹੱਥ ਵਿਚ ਲੋਹੇ ਦਾ ਲੰਮਾ ਦਾਤਰ ਸੀ, ਜਿਸ ਨੇ ਲੁੱਟ ਦੀ ਨੀਅਤ ਨਾਲ ਸਾਈਕਲ ਸਵਾਰਾਂ 'ਤੇ ਤਾਬੜਤੋੜ ਵਾਰ ਕਰਨੇ ਸ਼ੁਰੂ ਕਰ ਦਿੱਤੇ। ਇਸ ਵਿਚਾਲੇ ਇਕ ਬਹਾਦਰ ਸਾਈਕਲ ਸਵਾਰ ਨੇ ਹਿੰਮਤ ਦਿਖਾਉਂਦਿਆਂ ਦਾਤਰ ਨਾਲ ਹਮਲਾ ਕਰ ਕੇ ਲੁਟੇਰੇ ਦੀ ਲੱਤ ਫੜ ਕੇ ਉਸ ਨੂੰ ਜ਼ਮੀਨ 'ਤੇ ਸੁੱਟ ਦਿੱਤਾ। ਆਪਣੇ ਸਾਥੀ ਨੂੰ ਡਿਗਦਾ ਵੇਖ ਤੇ ਭੀੜ ਇਕੱਠੀ ਹੁੰਦੀ ਵੇਖ ਮੋਟਰਸਾਈਕਲ ਚਲਾ ਰਿਹਾ ਦੂਜਾ ਲੁਟੇਰਾ ਆਪਣੇ ਸਾਥੀ ਨੂੰ ਛੱਡ ਕੇ ਫ਼ਰਾਰ ਹੋ ਗਿਆ। ਲੋਕਾਂ ਨੇ ਦੂਜੇ ਲੁਟੇਰੇ ਨੂੰ ਬਿਜਲੀ ਦੇ ਖੰਭੇ ਨਾਲ ਬੰਨ੍ਹ ਦਿੱਤਾ ਤੇ ਫ਼ਿਰ ਉਸ 'ਤੇ ਇੱਟਾਂ, ਪੱਥਰਾਂ ਤੇ ਡੰਡਿਆਂ ਨਾਲ ਤਾਬੜਤੋੜ ਵਾਰ ਕੀਤੇ। ਸਿਰ ਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਗੰਭੀਰ ਸੱਟਾਂ ਲੱਗਣ ਕਾਰਨ ਅਣਪਛਾਤੇ ਲੁਟੇਰ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਪੁਲਸ ਅਫ਼ਸਰਾਂ ਨੇ ਦੱਸਿਆ ਕਿ ਇਹ ਘਟਨਾ ਬੇਹੱਦ ਗੰਭੀਰ ਹੈ। ਪੁਲਸ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਬਾਈਕ ਸਵਾਰ ਲੁਟੇਰਿਆਂ ਦੇ ਖ਼ਿਲਾਫ਼ ਲੁੱਟ ਦੀ ਕੋਸ਼ਿਸ਼ ਤੇ ਹਥਿਆਰ ਲਹਿਰਾਉਣ ਤੇ ਦੂਜੇ ਪਾਸੇ ਕਾਨੂੰਨ ਹੱਥ ਵਿਚ ਲੈ ਕੇ ਵਿਅਕਤੀ ਦਾ ਕੁੱਟ-ਕੁੱਟ ਕੇ ਕਤਲ ਕਰਨ ਵਾਲੇ ਅਣਪਛਾਤੇ ਰਾਹਗੀਰਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਸੀ. ਸੀ. ਟੀ. ਵੀ. ਫੁਟੇਜ ਦੇ ਅਧਾਰ 'ਤੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। 


author

Anmol Tagra

Content Editor

Related News