ਕੁੜੀ ਦੇ ਅਚਾਨਕ ਹੋਣ ਲੱਗੀ ਢਿੱਡ ਪੀੜ, ਚੈੱਕਅਪ ਕਰਵਾਉਣ ਗਏ ਮਾਪਿਆਂ ਦੇ ਉੱਡੇ ਹੋਸ਼
Friday, Jul 31, 2026 - 08:26 PM (IST)
ਲੁਧਿਆਣਾ (ਰਾਜ): ਲੁਧਿਆਣਾ ਵਿਚ ਇਕ 13 ਸਾਲਾ ਮਾਸੂਮ ਬੱਚੀ ਨਾਲ ਦਰਿੰਦਗੀ ਦਾ ਬੇਹੱਦ ਖੌਫਨਾਕ ਅਤੇ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੇ ਇਕ ਦੂਰ ਦੇ ਰਿਸ਼ਤੇਦਾਰ ਅਤੇ ਗੁਆਂਢੀ ਨੌਜਵਾਨ ਨੇ ਮਾਸੂਮ ਨੂੰ ਡਰਾ-ਧਮਕਾ ਕੇ ਕਈ ਮਹੀਨਿਆਂ ਤੱਕ ਆਪਣੀ ਹਵਸ ਦਾ ਸ਼ਿਕਾਰ ਬਣਾਇਆ, ਜਿਸ ਕਾਰਨ ਬੱਚੀ 7 ਮਹੀਨੇ ਦੀ ਗਰਭਵਤੀ ਹੋ ਗਈ। ਪੇਟ ਵਿਚ ਤੇਜ਼ ਦਰਦ ਹੋਣ 'ਤੇ ਜਦੋਂ ਪਰਿਵਾਰ ਨੂੰ ਇਸ ਮਾਮਲੇ ਦਾ ਪਤਾ ਲੱਗਾ, ਤਾਂ ਥਾਣਾ ਡਵੀਜ਼ਨ ਨੰਬਰ 6 ਦੀ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ।
ਪੀੜਤਾ ਦੀ ਮਾਂ ਵੱਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ, 29 ਜੁਲਾਈ ਦੀ ਰਾਤ ਨੂੰ ਉਸ ਦੀ 13 ਸਾਲ 6 ਮਹੀਨੇ ਦੀ ਬੇਟੀ ਨੇ ਅਚਾਨਕ ਪੇਟ ਵਿਚ ਬਹੁਤ ਤੇਜ਼ ਦਰਦ ਹੋਣ ਦੀ ਗੱਲ ਕਹੀ। ਜਦੋਂ ਮਾਂ ਨੇ ਬੱਚੀ ਤੋਂ ਸਖ਼ਤੀ ਅਤੇ ਪਿਆਰ ਨਾਲ ਪੁੱਛਗਿੱਛ ਕੀਤੀ, ਤਾਂ ਉਸ ਨੇ ਰੋਂਦੇ ਹੋਏ ਹੱਡ ਬੀਤੀ। ਪੀੜਤਾ ਨੇ ਦੱਸਿਆ ਕਿ ਲਗਭਗ 7 ਮਹੀਨੇ ਪਹਿਲਾਂ, ਉਨ੍ਹਾਂ ਦੇ ਦੂਰ ਦੇ ਰਿਸ਼ਤੇਦਾਰ ਸ਼ਿਆਮ ਲਾਲ ਨੇ ਉਸ ਨੂੰ ਆਪਣੇ ਕਮਰੇ ਵਿਚ ਬੁਲਾ ਕੇ ਜ਼ਬਰਦਸਤੀ ਉਸ ਨਾਲ ਸਰੀਰਕ ਸਬੰਧ ਬਣਾਏ। ਇਸ ਤੋਂ ਬਾਅਦ ਜਨਵਰੀ 2026 ਵਿਚ, ਉਨ੍ਹਾਂ ਦੇ ਵੇਹੜੇ ਵਿਚ ਰਹਿਣ ਵਾਲੇ ਇਕ ਹੋਰ ਨੌਜਵਾਨ ਸੂਰਜ ਨੂੰ ਵੀ ਇਸ ਬਾਰੇ ਪਤਾ ਲੱਗ ਗਿਆ। ਦੋਸ਼ੀ ਸੂਰਜ ਬੱਚੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਲਗਾਤਾਰ ਵੇਹੜੇ ਦੇ ਬਾਥਰੂਮ ਵਿਚ ਉਸ ਨਾਲ ਬਲਾਤਕਾਰ ਕਰਦਾ ਰਿਹਾ।
ਬੱਚੀ ਦੇ ਗਰਭਵਤੀ ਹੋਣ ਦਾ ਖੁਲਾਸਾ ਹੋਣ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਤੁਰੰਤ ਪੋਕਸੋ ਐਕਟ ਅਤੇ ਬਲਾਤਕਾਰ ਦੀਆਂ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਦੋਵਾਂ ਨਾਮਜ਼ਦ ਮੁਲਜ਼ਮਾਂ, ਸ਼ਿਆਮ ਲਾਲ ਅਤੇ ਸੂਰਜ ਨੂੰ ਗ੍ਰਿਫਤਾਰ ਕਰ ਲਿਆ ਹੈ। ਫਿਲਹਾਲ ਪੀੜਤਾ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
