TEAM INDIA ''ਚ ਲੁਧਿਆਣਾ ਦੇ ਮੁੰਡੇ ਦੀ ਹੋਈ ਐਂਟਰੀ! ਜਾਣੋ ਕੌਣ ਹੈ ਜੁਆਏਪ੍ਰੀਤ ਸਿੰਘ ਸਿੱਧੂ
Friday, Aug 07, 2026 - 06:48 PM (IST)
ਲੁਧਿਆਣਾ: ਲੁਧਿਆਣਾ ਬਾਸਕੇਟਬਾਲ ਅਕਾਦਮੀ ਦੇ ਖਿਡਾਰੀ ਜੁਆਏਪ੍ਰੀਤ ਸਿੰਘ ਸਿੱਧੂ ਦੀ ਚੋਣ FIBA U-19 ਏਸ਼ੀਆ ਕੱਪ 2026 ਲਈ ਭਾਰਤੀ ਬਾਸਕੇਟਬਾਲ ਟੀਮ ਵਿਚ ਹੋਈ ਹੈ। ਇਹ ਟੂਰਨਾਮੈਂਟ 13 ਤੋਂ 23 ਅਗਸਤ 2026 ਤਕ ਗੁਜਰਾਤ ਦੇ ਅਹਿਮਦਾਬਾਦ ਸਥਿਤ ਵੀਰ ਸਾਵਰਕਰ ਸਪੋਰਟਸ ਕੰਪਲੈਕਸ, ਨਾਨਰਪੁਰਾ ਵਿਚ ਕਰਵਾਇਆ ਜਾਵੇਗਾ।
ਜੁਆਏਪ੍ਰੀਤ ਦੀ ਚੌਣ 'ਤੇ ਪੰਜਾਬ ਬਾਸਕੇਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਤੇ ਸਾਬਕਾ ਡੀ. ਜੀ. ਪੀ. ਆਰ. ਐੱਸ. ਗਿੱਲ ਤੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਇਸ ਨੂੰ ਪੰਜਾਬ ਤੇ ਲੁਧਿਆਣਾ ਲਈ ਮਾਣ ਵਾਲੀ ਗੱਲ ਦੱਸਿਆ। ਉਨ੍ਹਾਂ ਕਿਹਾ ਕਿ ਜੁਆਏਪ੍ਰੀਤ ਦੀ ਸਖ਼ਤ ਮਿਹਨਤ, ਸਮਰਪਣ ਅਤੇ ਮੁੱਖ ਕੋਚ ਜੈਪਾਲ ਸਿੰਘ ਤੇ ਜਸਪ੍ਰੀਤ ਸਿੰਘ ਦੇ ਸੁਚੱਜੇ ਮਾਰਗਦਰਸ਼ਨ ਦਾ ਨਤੀਜਾ ਹੈ ਕਿ ਉਸ ਨੇ ਭਾਰਤੀ ਟੀਮ ਵਿਚ ਜਗ੍ਹਾ ਬਣਾਈ ਹੈ। ਉਨ੍ਹਾਂ ਕਿਹਾ ਕਿ ਭਾਰਤੀ ਬਾਸਕੇਟਬਾਲ ਮਹਾਸੰਘ ਦੀ ਚੋਣ ਪ੍ਰਕਿਰਿਆ ਬੇਹੱਦ ਔਖ਼ੀ ਹੁੰਦੀ ਹੈ ਤੇ ਇਸ ਵਿਚ ਚੁਣਿਆ ਜਾਣਾ ਵੱਡੀ ਪ੍ਰਾਪਤੀ ਹੈ।
ਜੁਆਏਪ੍ਰੀਤ ਇਸ ਤੋਂ ਪਹਿਲਾਂ ਸ਼੍ਰੀਲੰਕਾ ਵਿਚ ਆਯੋਜਿਤ ਏਸ਼ੀਆ ਕੱਪ ਸਾਊਥ ਏਸ਼ੀਅਨ ਬਾਸਕੇਟਬਾਲ ਐਸੋਸੀਏਸ਼ਨ ਕੁਆਲੀਫ਼ਾਇਰ ਵਿਚ ਗੋਲਡ ਮੈਡਲ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ 75ਵੀਂ ਜੂਨੀਅਰ ਰਾਸ਼ਟਰੀ ਬਾਸਕੇਟਬਾਲ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਜਿੱਤਣ ਵਾਲੀ ਟੀਮ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਜੁਆਏਪ੍ਰੀਤ ਦੀ ਚੋਣ 'ਤੇ ਜ਼ਿਲ੍ਹਾ ਬਾਸਕੇਟਬਾਲ ਐਸੋਸੀਏਸ਼ਨ ਦੇ ਅਹੁਦੇਦਾਰ ਜੇ. ਪੀ. ਸਿੰਘ, ਬ੍ਰਿਜ ਗੋਇਲ, ਲੋਮੇਸ਼ ਚੱਢਾ, ਵਿਜੇ ਚੌਪੜਾ, ਕੋਚ ਰਵਿੰਦਰ ਤੇ ਸਲੋਨੀ ਸਮੇਤ ਕਈ ਖੇਡ ਪ੍ਰੇਮੀਆਂ ਨੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਸਾਬਕਾ ਅੰਤਰਰਾਸ਼ਟਰੀ ਖਿਡਾਰੀ ਪਰਮਿੰਦਰ ਸਿੰਘ ਹੀਰ ਨੇ ਭਰੋਸਾ ਜਤਾਇਆ ਕਿ ਜੁਆਏਪ੍ਰੀਤ ਏਸ਼ੀਆ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਦੇਸ਼ ਤੇ ਪੰਜਾਬ ਦਾ ਨਾਂ ਰੌਸ਼ਨ ਕਰਨਗੇ।
