ਨਾਬਾਲਗ ਕੁੜੀ ਦੀ ਪੱਤ ਲੁੱਟਣ ਵਾਲੇ ਨੂੰ ਅਦਾਲਤ ਨੇ ਸੁਣਾਈ ਸਖ਼ਤ ਸਜ਼ਾ

Wednesday, Mar 30, 2022 - 12:38 PM (IST)

ਨਾਬਾਲਗ ਕੁੜੀ ਦੀ ਪੱਤ ਲੁੱਟਣ ਵਾਲੇ ਨੂੰ ਅਦਾਲਤ ਨੇ ਸੁਣਾਈ ਸਖ਼ਤ ਸਜ਼ਾ

ਮੋਗਾ (ਸੰਦੀਪ ਸ਼ਰਮਾ) : ਜ਼ਿਲ੍ਹਾ ਅਤੇ ਐਡੀਸ਼ਨਲ ਸੈਸ਼ਨ ਜੱਜ ਵਿਕਰਾਂਤ ਕੁਮਾਰ ਦੀ ਅਦਾਲਤ ਨੇ 3 ਸਾਲ ਪਹਿਲਾਂ ਥਾਣਾ ਮਹਿਣਾ ਪੁਲਸ ਵਲੋਂ ਆਪਣੇ ਹੀ ਨਜ਼ਦੀਕੀ ਰਿਸ਼ਤੇਦਾਰ ਨਾਬਾਲਗ ਲੜਕੀ ਨਾਲ ਜਬਰ-ਜ਼ਿਨਾਹ ਕਰਨ ਦੇ ਮਾਮਲੇ ਵਿਚ ਸ਼ਾਮਲ ਮੁਲਜ਼ਮ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਮਾਣਯੋਗ ਅਦਾਲਤ ਨੇ ਉਸ ਨੂੰ 20 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦਾ ਭੁਗਤਾਨ ਕਰਨ ਦੇ ਆਦੇਸ਼ ਦਿੱਤੇ ਹਨ। ਜਾਣਕਾਰੀ ਅਨੁਸਾਰ ਪੀੜਤਾ ਦੀ ਮੂੰਹ ਬੋਲੀ ਮਾਂ ਨੇ 9 ਜੂਨ 2019 ਨੂੰ ਥਾਣਾ ਮਹਿਣਾ ਪੁਲਸ ਨੂੰ ਬਿਆਨ ਦਰਜ ਕਰਵਾਏ ਸਨ ਕਿ ਉਹ ਥਾਣੇ ਦੇ ਅਧੀਨ ਪੈਂਦੇ ਇਕ ਪਿੰਡ ਦੀ ਰਹਿਣ ਵਾਲੀ ਹੈ, ਉਸਦੇ ਦੇ ਦੋ ਬੇਟੇ ਹਨ ਅਤੇ ਕੋਈ ਬੇਟੀ ਨਾ ਹੋਣ ਕਾਰਨ ਉਸਨੇ ਆਪਣੀ ਭਤੀਜੀ ਨੂੰ ਗੋਦ ਲਿਆ ਹੋਇਆ ਹੈ। ਹੁਣ ਉਸਦੀ ਭਤੀਜੀ ਉਨ੍ਹਾਂ ਕੋਲ ਹੀ ਰਹਿੰਦੀ ਹੈ ਅਤੇ ਅਜੇ ਨਾਬਾਲਗ ਹੈ।

ਉਸਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਵਿਚ ਹੀ ਰਹਿਣ ਵਾਲੇ ਉਨ੍ਹਾਂ ਦੇ ਰਿਸ਼ਤੇਦਾਰ ਦੇ ਬੇਟੇ ਨੇ ਜਦ ਉਸਦੀ ਬੇਟੀ ਘਰੋਂ ਕੰਮ ਲਈ ਗਲੀ ’ਚੋਂ ਲੰਘ ਰਹੀ ਸੀ ਤਾਂ ਉਸ ਨੂੰ ਖਿੱਚ ਕੇ ਆਪਣੇ ਘਰ ਲੈ ਗਿਆ ਅਤੇ ਉਨ੍ਹਾਂ ਦੀ ਬੇਟੀ ਦੇ ਨਾਲ ਜਬਰ-ਜ਼ਿਨਾਹ ਕੀਤਾ। ਜਦ ਮੇਰੀ ਬੇਟੀ ਕਾਫੀ ਦੇਰ ਤੱਕ ਘਰ ਨਾ ਆਈ ਤਾਂ ਉਨ੍ਹਾਂ ਵਲੋਂ ਆਪਣੀ ਬੱਚੀ ਨੂੰ ਲੱਭਣ ਦਾ ਯਤਨ ਕੀਤਾ ਤਾਂ ਗੁਆਂਢ ਵਿਚ ਗੰਭੀਰ ਹਾਲਤ ਵਿਚ ਉਨ੍ਹਾਂ ਦੀ ਬੇਟੀ ਮਿਲੀ ਅਤੇ ਉਸ ਨੇ ਰੋਂਦੇ ਹੋਏ ਇਸ ਘਟਨਾ ਸਬੰਧੀ ਦੱਸਿਆ। ਪੁਲਸ ਵਲੋਂ ਪੀੜਤਾ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਇਸ ਮਾਮਲੇ ਵਿਚ ਕਥਿਤ ਦੋਸ਼ੀ ਸੰਦੀਪ ਸਿੰਘ ਉਰਫ਼ ਗੱਗੂ ਪੁੱਤਰ ਜਗਜੀਤ ਸਿੰਘ ਦੇ ਖ਼ਿਲਾਫ ਧਾਰਾ 376 ਆਈਪੀਸੀ ਅਤੇ ਪ੍ਰੋਕਟਸ਼ਨ ਆਫ਼ ਚਿਲਡਰਨ ਫਰਾਮ ਸੈਕਸੂਅਲ ਆਫ਼ਸ ਆਦਿ ਧਾਰਾਵਾਂ ਦੇ ਤਹਿਤ ਨਾਮਜ਼ਦ ਕੀਤਾ ਸੀ। ਇਸ ਮਾਮਲੇ ਦੀ ਆਖਿਰੀ ਸੁਣਵਾਈ ਤੋਂ ਬਾਅਦ ਮਾਣਯੋਗ ਅਦਾਲਤ ਨੇ ਸਬੂਤਾਂ ਅਤੇ ਗਵਾਹਾਂ ਦੇ ਆਧਾਰ ’ਤੇ ਉਕਤ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਸ ਨੂੰ ਸਜ਼ਾ ਸੁਣਾਈ ਹੈ।


author

Gurminder Singh

Content Editor

Related News