ਸਿਹਤ ਮੰਤਰੀ ਨੇ ਸਿਵਲ ਹਸਪਤਾਲ ''ਚ ਮਾਰਿਆ ਛਾਪਾ

Thursday, Jul 25, 2019 - 12:05 AM (IST)

ਸਿਹਤ ਮੰਤਰੀ ਨੇ ਸਿਵਲ ਹਸਪਤਾਲ ''ਚ ਮਾਰਿਆ ਛਾਪਾ

ਮੋਹਾਲੀ,(ਨਿਆਮੀਆਂ): ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬੁੱੱਧਵਾਰ ਇੱਥੇ ਸਿਵਲ ਹਸਪਤਾਲ ਫ਼ੇਜ਼-6 ਵਿਚ ਛਾਪਾ ਮਾਰਿਆ ਅਤੇ ਮਰੀਜ਼ਾਂ ਤੋਂ ਮੁਸ਼ਕਲਾਂ ਬਾਰੇ ਜਾਣਕਾਰੀ ਹਾਸਲ ਕੀਤੀ। ਸਿੱਧੂ ਬੁੱਧਵਾਰ ਅਚਾਨਕ ਸਿਵਲ ਹਸਪਤਾਲ ਪੁੱਜੇ ਤੇ ਪਰਚੀਆਂ ਬਣਾਉਣ ਲਈ ਕਤਾਰਾਂ ਵਿਚ ਲੱਗੇ ਮਰੀਜ਼ਾਂ ਨੂੰ ਮਿਲੇ। ਇਸ ਮੌਕੇ ਕਈ ਮਰੀਜ਼ਾਂ ਨੇ ਉਨ੍ਹਾਂ ਨੂੰ ਐਕਸਰੇ ਮਸ਼ੀਨ ਠੀਕ ਤਰ੍ਹਾਂ ਨਾਲ ਕੰਮ ਨਾ ਕਰਨ ਬਾਰੇ ਦੱਸਿਆ, ਜਿਸ 'ਤੇ ਉਹ ਸਿੱਧੇ ਐਕਸ-ਰੇਅ ਵਿਭਾਗ ਵਿਚ ਗਏ ਅਤੇ ਐੱਸ. ਐੱਮ. ਓ. ਡਾਕਟਰ ਮਨਜੀਤ ਸਿੰਘ ਅਤੇ ਸਬੰਧਤ ਵਿਭਾਗ ਦੇ ਡਾਕਟਰ ਨੂੰ ਬੁਲਾ ਕੇ ਮਸ਼ੀਨ ਦੇ ਕੰਮ ਨਾ ਕਰਨ ਸਬੰਧੀ ਪੁੱਛਿਆ ਅਤੇ ਤਾਕੀਦ ਕੀਤੀ ਕਿ ਮਰੀਜ਼ਾਂ ਨੂੰ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ। ਸਿਹਤ ਮੰਤਰੀ ਨੇ ਕਿਹਾ ਕਿ ਸਿਹਤ ਤੇ ਸਿੱਖਿਆ ਸਰਕਾਰ ਦੇ ਦੋ ਤਰਜੀਹੀ ਖੇਤਰ ਹਨ ਅਤੇ ਇਨ੍ਹਾਂ ਸੇਵਾਵਾਂ ਨੂੰ ਸੁਚਾਰੂ ਰੱਖਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ।  ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਹੋਣ ਦੇ ਨਾਤੇ ਉਹ ਮਰੀਜ਼ਾਂ ਦੀ ਖੱਜਲ-ਖੁਆਰੀ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਮਰੀਜ਼ਾਂ ਤੋਂ ਮੁਫ਼ਤ ਦਵਾਈਆਂ ਮਿਲਣ ਬਾਰੇ ਪੁੱਛਿਆ ਅਤੇ ਐਮਰਜੈਂਸੀ 'ਚ ਦਵਾਈਆਂ ਦਾ ਸਟਾਕ ਵੀ ਚੈੱਕ ਕੀਤਾ। ਉਨ੍ਹਾਂ ਹਸਪਤਾਲ ਦੇ ਜਨ ਔਸ਼ਧੀ ਸੈਂਟਰ ਤੇ ਫਾਰਮੇਸੀ ਦਾ ਵੀ ਦੌਰਾ ਕੀਤਾ ਅਤੇ ਸਟਾਫ ਤੋਂ ਦਵਾਈਆਂ ਦੇ ਸਟਾਕ ਤੇ ਵੰਡ ਬਾਰੇ ਪੁੱਛਿਆ। ਉਨ੍ਹਾਂ ਕਿਹਾ ਕਿ ਜਿੰਨੀਆਂ ਵੀ ਦਵਾਈਆਂ ਹਸਪਤਾਲ ਵਿਚ ਮੌਜੂਦ ਹਨ, ਉਹ ਮਰੀਜ਼ਾਂ ਨੂੰ ਮੁਹੱਈਆ ਕਰਵਾਈਆਂ ਜਾਣ।


Related News