ਮਿੰਨੀ ਬੱਸ ਤੇ ਟਰੱਕ ''ਚ ਟੱਕਰ, ਅੱਧੀ ਦਰਜਨ ਤੋਂ ਵੱਧ ਵਿਦਿਆਰਥਣਾਂ ਜ਼ਖ਼ਮੀ
Saturday, Feb 03, 2018 - 04:15 AM (IST)
ਹੁਸ਼ਿਆਰਪੁਰ, (ਜ.ਬ.)- ਟਾਂਡਾ ਰੋਡ 'ਤੇ ਅੱਜ ਸਵੇਰੇ 9 ਵਜੇ ਦੇ ਕਰੀਬ ਭੰਗੀ ਚੋਅ ਪੁਲ ਪਾਰ ਕਰਦਿਆਂ ਹੀ ਹੁਸ਼ਿਆਰਪੁਰ ਤੋਂ ਮਹਿੰਗਰੋਵਾਲ ਨੂੰ ਜਾ ਰਹੀ ਇਕ ਨਿੱਜੀ ਕੰਪਨੀ ਦੀ ਮਿੰਨੀ ਬੱਸ ਸੜਕ 'ਤੇ ਪਏ ਟੋਏ 'ਚੋਂ ਉੱਛਲ ਕੇ ਬੇਕਾਬੂ ਹੋਣ ਉਪਰੰਤ ਸਾਹਮਣਿਓਂ ਆ ਰਹੇ ਲੋਡਿਡ ਟਰੱਕ ਨਾਲ ਜਾ ਟਕਰਾਈ। ਬੱਸ ਤੇ ਟਰੱਕ ਵਿਚਕਾਰ ਜ਼ਬਰਦਸਤ ਟੱਕਰ ਹੋਣ ਕਾਰਨ ਚੀਕ-ਚਿਹਾੜੇ ਪੈ ਗਿਆ ਅਤੇ ਆਸ-ਪਾਸ ਦੇ ਲੋਕ ਸਹਾਇਤਾ ਲਈ ਦੌੜੇ। ਇਸ ਦੌਰਾਨ ਪੀ. ਸੀ. ਆਰ. ਮੁਲਾਜ਼ਮਾਂ ਨੇ ਹਾਦਸੇ ਦੀ ਸੂਚਨਾ ਥਾਣਾ ਮਾਡਲ ਟਾਊਨ ਦੀ ਪੁਲਸ ਨੂੰ ਦਿੱਤੀ, ਜਿਨ੍ਹਾਂ ਮੌਕੇ 'ਤੇ ਪਹੁੰਚ ਕੇ 108 ਨੰਬਰ ਐਂਬੂਲੈਂਸ ਦੀ ਸਹਾਇਤਾ ਨਾਲ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ।
ਹਾਦਸੇ ਵਿਚ ਬੱਸ ਚਾਲਕ ਸਮੇਤ ਡਾਇਟ (ਡਿਸਟ੍ਰਿਕ ਇੰਸਟੀਚਿਊਟ ਆਫ ਐਜੂਕੇਸ਼ਨ ਟਰੇਨਿੰਗ) ਕਾਲਜ ਦੀਆਂ 8 ਵਿਦਿਆਰਥਣਾਂ ਤੇ ਇਕ ਅਧਿਆਪਕਾ ਨੂੰ ਵੀ ਗੰਭੀਰ ਸੱਟਾਂ ਲੱਗੀਆਂ, ਜਦਕਿ ਬਾਕੀ ਸਵਾਰੀਆਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਛੁੱਟੀ ਦੇ ਦਿੱਤੀ ਗਈ। ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਮਿੰਨੀ ਬੱਸ 'ਚ 40 ਤੋਂ ਵੱਧ ਸਵਾਰੀਆਂ, ਜਿਨ੍ਹਾਂ 'ਚ ਜ਼ਿਆਦਾਤਰ ਡਾਇਟ ਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਸਵਾਰ ਸਨ। ਸਿਵਲ ਹਸਪਤਾਲ 'ਚ ਇਲਾਜ ਅਧੀਨ ਬੱਸ ਚਾਲਕ ਸੰਦੀਪ ਸਿੰਘ ਅਨੁਸਾਰ ਹਾਦਸੇ ਦਾ ਕਾਰਨ ਬੱਸ ਦਾ ਸਟੇਅਰਿੰਗ ਫੇਲ ਹੋਣਾ ਹੈ, ਪਰ ਜ਼ਖ਼ਮੀ ਬੱਸ ਯਾਤਰੀਆਂ ਅਨੁਸਾਰ ਤੇਜ਼ ਰਫਤਾਰ ਬੱਸ ਦਾ ਟਾਇਰ ਸੜਕ 'ਤੇ ਪਏ ਟੋਏ 'ਚ ਪੈਣ 'ਤੇ ਉੱਛਲ ਕੇ ਬੇਕਾਬੂ ਹੋ ਗਈ ਅਤੇ ਦੂਜੇ ਪਾਸਿਓਂ ਆ ਰਹੇ ਟਰੱਕ ਨਾਲ ਜਾ ਟਕਰਾਈ। ਹਾਦਸੇ ਵਾਲੀ ਥਾਂ 'ਤੇ ਡਾਇਟ ਦੇ ਪ੍ਰੋਫੈਸਰ ਤੇ ਅਧਿਆਪਕ ਰਮਿਤ ਵਾਸੂਦੇਵਾ, ਮਨਮੋਹਨ ਸਿੰਘ, ਸਤਨਾਮ ਸਿੰਘ, ਹਰਪ੍ਰੀਤ ਕੌਰ ਅਤੇ ਗੁਰਮੇਜ ਕੌਰ ਨੇ ਦੱਸਿਆ ਕਿ ਇਸ ਨੂੰ ਚੰਗੀ ਕਿਸਮਤ ਹੀ ਕਿਹਾ ਜਾ ਸਕਦਾ ਹੈ ਕਿ ਬੱਸ ਲੇਟ ਹੋਣ ਕਾਰਨ ਡਾਇਟ ਦੇ ਜ਼ਿਆਦਾਤਰ ਵਿਦਿਆਰਥੀ ਥ੍ਰੀ-ਵ੍ਹੀਲਰ 'ਤੇ ਕਾਲਜ ਚਲੇ ਗਏ ਸਨ। ਬੱਸ 'ਚ ਹੁਸ਼ਿਆਰਪੁਰ ਤੇ ਆਸ-ਪਾਸ ਦੇ ਇਲਾਕਿਆਂ ਦੇ 25 ਵਿਦਿਆਰਥੀ-ਵਿਦਿਆਰਥਣਾਂ ਸਵਾਰ ਸਨ।
ਹਾਦਸੇ ਵਿਚ ਸਾਹਿਲ ਪੁੱਤਰ ਰਾਕੇਸ਼ ਕੁਮਾਰ ਵਾਸੀ ਲੁਧਿਆਣਾ, ਸ਼ਿਵਾਨੀ ਪੁੱਤਰੀ ਮਨੋਜ ਕੁਮਾਰ ਵਾਸੀ ਆਦਮਪੁਰ, ਜਸਵੀਰ ਕੌਰ ਪੁੱਤਰੀ ਪ੍ਰੀਤ ਸਿੰਘ ਵਾਸੀ ਪਿੱਪਲਾਂਵਾਲਾ, ਮਨੋਰਮਾ ਪੁੱਤਰੀ ਮਨੋਜ ਕੁਮਾਰ ਵਾਸੀ ਜਲੰਧਰ, ਹਰਪ੍ਰੀਤ ਕੌਰ ਪੁੱਤਰੀ ਧਰਮਵੀਰ ਵਾਸੀ ਅਜੜਾਮ, ਅਧਿਆਪਕਾ ਕੁਲਦੀਪ ਕੌਰ ਪਤਨੀ ਪ੍ਰਦੀਪ ਸਿੰਘ ਵਾਸੀ ਆਦਮਪੁਰ (ਜਲੰਧਰ), ਮਧੂ ਪੁੱਤਰੀ ਰਾਮ ਲੁਭਾਇਆ ਵਾਸੀ ਸ਼ੇਰਗੜ੍ਹ, ਕਮਲਪ੍ਰੀਤ ਕੌਰ ਪੁੱਤਰੀ ਸਤਵੰਤ ਸਿੰਘ ਵਾਸੀ ਭਾਗੋਵਾਲ ਠਤੇ ਸਵਿਤਾ ਪੁੱਤਰੀ ਪ੍ਰਕਾਸ਼ ਚੰਦ ਵਾਸੀ ਖੁਰਦਾਂ ਦੋਸੜਕਾ ਸ਼ਾਮਲ ਹਨ।
