ਪੰਜਾਬ 'ਚ ਭਿਆਨਕ ਹਾਦਸਾ! ਪ੍ਰੀਖਿਆ ਦੇਣ ਜਾ ਰਹੀਆਂ 6 ਵਿਦਿਆਰਥਣਾਂ ਨੂੰ ਗੱਡੀ ਨੇ ਦਰੜਿਆ

Tuesday, Dec 30, 2025 - 12:54 PM (IST)

ਪੰਜਾਬ 'ਚ ਭਿਆਨਕ ਹਾਦਸਾ! ਪ੍ਰੀਖਿਆ ਦੇਣ ਜਾ ਰਹੀਆਂ 6 ਵਿਦਿਆਰਥਣਾਂ ਨੂੰ ਗੱਡੀ ਨੇ ਦਰੜਿਆ

ਫਾਜ਼ਿਲਕਾ (ਸੁਨੀਲ ਨਾਗਪਾਲ): ਫਾਜ਼ਿਲਕਾ ਮਲੋਟ ਹਾਈਵੇਅ 'ਤੇ ਇਕ ਵੱਡਾ ਹਾਦਸਾ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨਿੱਜੀ ਕਾਲਜ ਵਿਚ ਪ੍ਰੀਖਿਆ ਦੇਣ ਜਾ ਰਹੀ ਨਿੱਜੀ ਕਾਲਜ ਦੀਆਂ ਵਿਦਿਆਰਥਣਾਂ ਨੂੰ ਇਕ ਕਾਰ ਚਾਲਕ ਨੇ ਦਰੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਨੇ ਪਹਿਲਾਂ ਇਕ ਸਕੂਟੀ ਸਵਾਰ ਨੂੰ ਟੱਕਰ ਮਾਰੀ, ਜਿਸ ਮਗਰੋਂ ਉਸ ਵੱਲੋਂ ਸੜਕ ਕੰਢੇ ਪੈਦਲ ਜਾ ਰਹੀਆਂ ਇਨ੍ਹਾਂ ਵਿਦਿਆਰਥਣਾਂ ਨੂੰ ਦਰੜ ਦਿੱਤਾ। ਹਾਦਸੇ ਦੌਰਾਨ ਵਿਦਿਆਰਥਣਾਂ ਦੇ ਨਾਲ-ਨਾਲ ਇਕ ਸਕੂਟੀ ਸਵਾਰ ਨੌਜਵਾਨ ਵੀ ਜ਼ਖ਼ਮੀ ਹੋਇਆ ਹੈ। ਇਨ੍ਹਾੰ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਤੇ ਪੁਲਸ ਵੀ ਮੌਕੇ 'ਤੇ ਪਹੁੰਚੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਕਾਲਜ ਦੇ ਪ੍ਰੋਫ਼ੈਸਰ ਹਰਪ੍ਰਤਾਪ ਸਿੰਘ ਤੇ ਨਵਦੀਪ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੇ ਕਾਲਜ ਪ੍ਰੀਖਿਆ ਦੇਣ ਆ ਰਹੀਆਂ ਕੁੜੀਆਂ ਨੂੰ ਕਾਰ ਨੇ ਦਰੜ ਦਿੱਤਾ ਹੈ, ਇਸ ਮਗਰੋਂ ਉਹ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਨੇ ਰਾਹਗੀਰਾਂ ਦੀ ਮਦਦ ਨਾਲ ਇਨ੍ਹਾਂ ਕੁੜੀਆਂ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਕ ਸਕੂਟੀ ਸਵਾਰ ਚਾਲਕ ਸੜਕ ਪਾਰ ਕਰ ਰਿਹਾ ਸੀ, ਜਿਸ ਨੂੰ ਕਾਰ ਚਾਲਕ ਨੇ ਪਹਿਲਾਂ ਟੱਕਰ ਮਾਰੀ ਤੇ ਉਸ ਮਗਰੋਂ ਸੜਕ ਕੰਡੇ ਪੈਦਲ ਜਾ ਰਹੀਆਂ ਇਨ੍ਹਾਂ ਕੁੜੀਆਂ ਨੂੰ ਦਰੜ ਦਿੱਤਾ। ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਕੁੜੀਆਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਕਾਫ਼ੀ ਸੱਟਾਂ ਲੱਗੀਆਂ ਹਨ ਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਅੱਜ ਕੁੜੀਆਂ ਦੀ ਪ੍ਰੀਖਿਆ ਸੀ, ਪਰ ਹੁਣ ਮੈਡੀਕਲ ਬਣਨ ਤੋਂ ਬਾਅਦ ਦੁਬਾਰਾ ਪ੍ਰੀਖਿਆ ਹੋਵੇਗੀ। 

ਦੂਜੇ ਪਾਸੇ ਮੌਕੇ 'ਤੇ ਪਹੁੰਚੇ ਸੜਕ ਸੁਰੱਖਿਆ ਫ਼ੋਰਸ ਦੇ ਅਫ਼ਸਰ ਦੇਵੀ ਦਿਆਲ ਸਿੰਘ ਨੇ ਦੱਸਿਆ ਕਿ ਫਾਜ਼ਿਲਕਾ ਮਲੋਟ ਹਾਈਵੇਅ 'ਤੇ ਪਿੰਡ ਚੌਵਾੜੀਆਵਾਲੀ ਦੇ ਨੇੜੇ ਸੜਕ ਹਾਦਸੇ ਦੀ ਉਨ੍ਹਾਂ ਨੂੰ ਸੂਚਨਾ ਮਿਲਣ ਮਗਰੋੰ ਮੌਕੇ 'ਤੇ ਪਹੁੰਚੇ ਹਨ। ਹਾਲਾਂਕਿ ਜਦੋਂ ਤਕ ਉਹ ਪਹੁੰਚੇ, ਉਦੋਂ ਤਕ ਕੁੜੀਆਂ ਨੂੰ ਹਸਪਤਾਲ ਲਿਜਾਇਆ ਜਾ ਚੁੱਕਿਆ ਸੀ। ਫ਼ਿਲਹਾਲ ਉਨ੍ਹਾਂ ਕਿਹਾ ਕਿ ਇਸ ਦੀ ਸੂਚਨਾ ਸਦਰ ਪੁਲਸ ਨੂੰ ਦਿੱਤੀ ਜਾ ਰਹੀ ਹੈ ਤੇ ਅੱਗੇ ਦੀ ਕਾਰਵਾਈ ਸਦਰ ਪੁਲਸ ਵੱਲੋਂ ਕੀਤੀ ਜਾਵੇਗੀ। 
 


author

Anmol Tagra

Content Editor

Related News