ਪ੍ਰਵਾਸੀ ਮਜ਼ਦੂਰ ਨੇ ਕੀਤਾ 6 ਸਾਲਾ ਬੱਚੀ ਨਾਲ ਜਬਰ-ਜ਼ਨਾਹ

Sunday, Jun 28, 2020 - 07:40 PM (IST)

ਪ੍ਰਵਾਸੀ ਮਜ਼ਦੂਰ ਨੇ ਕੀਤਾ 6 ਸਾਲਾ ਬੱਚੀ ਨਾਲ ਜਬਰ-ਜ਼ਨਾਹ

ਰੂਪਨਗਰ, (ਵਿਜੇ ਸ਼ਰਮਾ)- ਪਿੰਡ ਰੋਡਮਾਜਰਾ ’ਚ ਇਕ 6 ਸਾਲਾ ਬੱਚੀ ਨਾਲ ਜ਼ਬਰ-ਜਨਾਹ ਦੀ ਘਟਨਾ ਨੇ ਇਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਦਿੱਤਾ ਹੈ। ਇਕ ਪ੍ਰਵਾਸੀ ਪਰਿਵਾਰ ਰੂਪਨਗਰ ਦੇ ਪਿੰਡ ਰੋਡਮਾਜਰਾ ’ਚ ਰਹਿ ਰਿਹਾ ਸੀ, ਉਸ ਪਰਿਵਾਰ ਦੀ 6 ਸਾਲਾ ਬੱਚੀ ਨਾਲ ਇਕ 50 ਸਾਲਾ ਪ੍ਰਵਾਸੀ ਮਜ਼ਦੂਰ ਰਾਜ ਕੁਮਾਰ, ਜੋ ਕਿ ਬਿਹਾਰ ਦੇ ਮਧੂਬਨੀ ਦਾ ਰਹਿਣ ਵਾਲਾ ਹੈ, ਨੇ ਜ਼ਬਰ-ਜਨਾਹ ਕੀਤਾ। ਇਹ ਪ੍ਰਵਾਸੀ ਮਜ਼ਦੂਰ ਨਾਲ ਦੇ ਖੇਤਾਂ ’ਚ ਝੋਨਾ ਲਗਾਉਣ ਦਾ ਕੰਮ ਕਰਦਾ ਸੀ ਅਤੇ ਉਸ ਬੱਚੀ ਦੇ ਪਰਿਵਾਰ ਨਾਲ ਉਸ ਦਾ ਮੇਲ ਜੋਲ ਸੀ, ਇਹ ਬਿਹਾਰ ’ਚ ਇਕੋ ਪਿੰਡ ਦੇ ਵਾਸਨੀਕ ਹਨ ।

ਪਤਾ ਲੱਗਾ ਹੈ ਕਿ ਉਹ ਦੇਰ ਸ਼ਾਮ ਬੱਚੀ ਦੇ ਘਰ ਗਿਆ ਤੇ ਉਸ ਦੀ ਮਾਂ ਕੋਲੋਂ ਪੀਣ ਲਈ ਪਾਣੀ ਮੰਗਿਆ। ਬੱਚੀ ਦੀ ਮਾਂ ਰਸੋਈ ’ਚ ਖਾਣਾ ਬਣਾ ਰਹੀ ਸੀ ਤੇ ਉਸ ਨੇ ਬੱਚੀ ਨੂੰ ਪਾਣੀ ਦੇਣ ਲਈ ਕਿਹਾ। ਜਦੋਂ ਬੱਚੀ ਉਕਤ ਵਿਅਕਤੀ ਨੂੰ ਪਾਣੀ ਦੇਣ ਪਹੁੰਚੀ ਤਾਂ ਉਹ ਉਸ ਮਾਸੂਮ ਬੱਚੀ ਨੂੰ ਆਪਣੇ ਨਾਲ ਪਿਛਲੇ ਪਾਸੇ ਡੰਗਰਾਂ ਦੇ ਵਾਡ਼ੇ ’ਚ ਲੈ ਗਿਆ ਤੇ ਜਬਰ-ਜ਼ਨਾਹ ਕਰਕੇ ਫਰਾਰ ਹੋ ਗਿਆ।

ਜਦੋ ਬੱਚੀ ਦੀ ਮਾਂ ਨੇ ਦੇਖਿਆ ਤਾਂ ਬੱਚੀ ਖੂਨ ਨਾਲ ਲੱਥਪੱਥ ਪਈ ਸੀ। ਪਰਿਵਾਰ ਨੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਉਸ ਨੂੰ ਸਿਵਲ ਹਸਪਤਾਲ ਰੂਪਨਗਰ ’ਚ ਦਾਖਲ ਕਰਵਾਇਆ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚ ਗਈ। ਜਾਂਚ ਅਧਿਕਾਰੀ ਆਈ. ਓ. ਕਸ਼ਮੀਰੀ ਲਾਲ ਨੇ ਦੱਸਿਆ ਕਿ ਦੋਸ਼ੀ ਦੀ ਭਾਲ ਕੀਤੀ ਗਈ ਅਤੇ ਉਸ ਨੂੰ ਕਾਬੂ ਕਰਕੇ ਮਾਮਲਾ ਦਰਜ ਕਰਕੇ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਦੋਸ਼ੀ ਦਾ 3 ਦਿਨ ਦਾ ਰਿਮਾਂਡ ਦਿੱਤਾ ਗਿਆ ਹੈ।


author

Bharat Thapa

Content Editor

Related News