ਬਠਿੰਡਾ ’ਚ ਸੜਕ ਹਾਦਸਿਆਂ ’ਚ 6 ਲੋਕਾਂ ਦੀ ਮੌਤ

Monday, Mar 30, 2026 - 11:00 AM (IST)

ਬਠਿੰਡਾ ’ਚ ਸੜਕ ਹਾਦਸਿਆਂ ’ਚ 6 ਲੋਕਾਂ ਦੀ ਮੌਤ

ਬਠਿੰਡਾ (ਮਨਜੀਤ) : ਬਠਿੰਡਾ-ਡੱਬਵਾਲੀ ਰਾਸ਼ਟਰੀ ਰਾਜਮਾਰਗ ’ਤੇ ਮਚਾਣਾ ਪਿੰਡ ਦੇ ਨੇੜੇ ਪੈਟਰੋਲ ਪੰਪ ਦੇ ਨਜ਼ਦੀਕ ਕਾਰ ਨਾਲ ਹੋਈ ਸਿੱਧੀ ਟੱਕਰ 'ਚ ਬਾਈਕ ਸਵਾਰ 3 ਨੌਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ 3 ਔਰਤਾਂ ਸਮੇਤ 5 ਲੋਕ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਬਠਿੰਡਾ ਦੇ ਏਮਜ਼ ਹਸਪਤਾਲ ਲਿਜਾਇਆ ਗਿਆ। ਇਸੇ ਤਰ੍ਹਾਂ ਇਕ ਹੋਰ ਹਾਦਸੇ 'ਚ ਜਗਰਾਤੇ ਤੋਂ ਵਾਪਸ ਆਉਂਦੇ ਸਮੇਂ ਕਾਰ ਟੈਂਪੂ-ਟਰੈਵਲਰ ਨਾਲ ਟਕਰਾ ਗਈ। ਇਸ ਹਾਦਸੇ 'ਚ ਮਾਂ-ਪੁੱਤ ਤੇ ਪੋਤਰੇ ਦੀ ਮੌਤ ਹੋ ਗਈ, ਜਦੋਂਕਿ ਬੇਟੀ ਜ਼ਖ਼ਮੀ ਹੋ ਗਈ, ਜਿਸ ਨੂੰ ਹਰਿਆਣਾ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮੱਲਵਾਲਾ ਦੇ ਵਾਸੀ ਸੁੱਖਾ ਸਿੰਘ ਦੇ ਪੁੱਤਰ ਸਵਰਨਜੀਤ ਸਿੰਘ ਅਤੇ ਮੇਜਰ ਸਿੰਘ ਦੇ ਪੁੱਤਰ ਵਿੱਕੀ ਸਿੰਘ ਅਤੇ ਗੁਰੂਸਰ ਸੈਣੇਵਾਲਾ ਦੇ ਵਾਸੀ ਪ੍ਰਕਾਸ਼ ਸਿੰਘ ਦੇ ਪੁੱਤਰ ਪ੍ਰੇਮ ਸਿੰਘ ਬੀਤੀ ਸ਼ਾਮ ਜੱਸੀ ਬਾਗਵਾਲੀ ਪਿੰਡ ਵਿਚ ਬਣੇ ਇਤਿਹਾਸਕ ਮੰਦਰ ਵਿਚ ਦਰਸ਼ਨ ਕਰਨ ਤੋਂ ਬਾਅਦ ਆਪਣੇ ਪਿੰਡ ਵਾਪਸ ਆ ਰਹੇ ਸਨ।

ਪ੍ਰੇਮ ਸਿੰਘ ਆਪਣੇ ਦੋਸਤਾਂ ਸਵਰਨਜੀਤ ਸਿੰਘ ਅਤੇ ਵਿੱਕੀ ਸਿੰਘ ਨੂੰ ਮੱਲਵਾਲਾ ਛੱਡਣ ਲਈ ਪਿੰਡ ਮਚਾਣਾ ਤੋਂ ਮੱਲਵਾਲਾ ਪਰਤ ਰਹੇ ਸਨ। ਉਨ੍ਹਾਂ ਆਪਣੀ ਬਾਈਕ ਨੂੰ ਭਾਰਤ ਮਾਲਾ ਰੋਡ ਦੇ ਗਲਤ ਸਾਈਡ ’ਤੇ ਮੋੜ ਦਿੱਤਾ ਤਾਂ ਬਠਿੰਡਾ ਤੋਂ ਤੇਜ਼ ਰਫਤਾਰ ਆ ਰਹੀ ਕਾਰ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਬਾਈਕ ਸਵਾਰ ਤਿੰਨੋਂ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ, ਜਦੋਂ ਕਿ ਕਾਰ 'ਚ ਸਵਾਰ 3 ਔਰਤਾਂ ਸਮੇਤ 5 ਲੋਕ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਸੜਕ ਸੁਰੱਖਿਆ ਫੋਰਸ ਦੇ ਏ. ਐੱਸ. ਆਈ. ਸੰਦੀਪ ਸਿੰਘ ਪੁਲਸ ਟੀਮ ਨਾਲ ਮੌਕੇ ’ਤੇ ਪਹੁੰਚੇ ਅਤੇ ਦੋਵਾਂ ਵਾਹਨਾਂ ਨੂੰ ਹਟਾ ਕੇ ਆਵਾਜਾਈ ਬਹਾਲ ਕੀਤੀ। ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਏਮਜ਼ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਈਕ ਸਵਾਰ ਤਿੰਨੋਂ ਨੌਜਵਾਨਾਂ ਦੀ ਗੰਭੀਰ ਸੱਟਾਂ ਕਾਰਨ ਮੌਤ ਹੋ ਗਈ।

ਦੂਜੇ ਹਾਦਸੇ 'ਚ ਮਾਂ-ਪੁੱਤ ਤੇ ਪੋਤਰੇ ਦੀ ਮੌਤ ਹੋ ਗਈ, ਜਦੋਂ ਕਿ ਬੇਟੀ ਜ਼ਖ਼ਮੀ ਹੋ ਗਈ। ਪੋਤਰੇ ਦੇ ਜਨਮ ਦੀ ਖੁਸ਼ੀ 'ਚ ਪਰਿਵਾਰ ਨੇ ਇਕ ਦਿਨ ਪਹਿਲਾਂ ਅਰਦਾਸ ਸਮਾਗਮ ਕਰਵਾਇਆ ਸੀ ਪਰ ਅਗਲੇ ਹੀ ਦਿਨ ਘਰ 'ਚ ਮਾਤਮ ਛਾ ਗਿਆ। ਅਮਰ (22) ਪੁੱਤਰ ਰਾਜਿੰਦਰ ਕੁਮਾਰ ਉਰਫ਼ ਪੱਪੂ ਅਤੇ ਉਸ ਦੀ ਮਾਤਾ ਨਿਰਮਲਾ ਦੇਵੀ (50) ਆਪਣੀ ਬੇਟੀ ਦੇ ਸਹੁਰੇ ਘਰ ਪੋਤਰੇ ਦੇ ਜਨਮ ਦੀ ਖੁਸ਼ੀ 'ਚ ਕਰਵਾਏ ਗਏ ਜਗਰਾਤੇ 'ਚ ਸ਼ਾਮਲ ਹੋਣ ਲਈ ਹਰਿਆਣਾ ਗਏ ਸਨ। ਜਗਰਾਤੇ ਤੋਂ ਬਾਅਦ ਜਦੋਂ ਮਾਂ-ਪੁੱਤਰ ਪੱਕਾ ਕਲਾਂ ਪਿੰਡ ਵਾਪਸ ਆਉਣ ਲੱਗੇ ਤਾਂ ਉਨ੍ਹਾਂ ਦੀ ਧੀ ਤੇ ਪੋਤਰਾ ਵੀ ਉਨ੍ਹਾਂ ਦੇ ਨਾਲ ਚਲੇ ਗਏ। ਫਤਿਹਾਬਾਦ ਦੇ ਨੇੜੇ ਉਨ੍ਹਾਂ ਦੀ ਕਾਰ ਦੀ ਟੈਂਪੂ ਟਰੈਵਲਰ ਨਾਲ ਟੱਕਰ ਹੋ ਗਈ।


author

Babita

Content Editor

Related News