ਫੈਕਟਰੀ ਪ੍ਰਬੰਧਕ ਦੀ ਵੱਡੀ ਲਾਪ੍ਰਵਾਹੀ: ਮਜ਼ਦੂਰ ਦੀ ਸ਼ੱਕੀ ਹਾਲਾਤ ''ਚ ਮੌਤ

Thursday, Mar 26, 2026 - 07:42 AM (IST)

ਫੈਕਟਰੀ ਪ੍ਰਬੰਧਕ ਦੀ ਵੱਡੀ ਲਾਪ੍ਰਵਾਹੀ: ਮਜ਼ਦੂਰ ਦੀ ਸ਼ੱਕੀ ਹਾਲਾਤ ''ਚ ਮੌਤ

ਲੁਧਿਆਣਾ (ਰਾਜ) : ਫੋਕਲ ਪੁਆਇੰਟ, ਫੇਸ-7 ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਸਰੀਆ ਫੈਕਟਰੀ ਅੰਦਰ 53 ਸਾਲਾਂ ਮਜ਼ਦੂਰ ਬਲਿਸਟਰ ਮਾਹਤੋ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਦੋਸ਼ ਹੈ ਕਿ ਫੈਕਟਰੀ ਕੰਪਲੈਕਸ ਵਿਚ ਚੱਕਰ ਖਾ ਕੇ ਡਿੱਗਣ ਤੋਂ ਬਾਅਦ ਬਲਿਸਟਰ ਕਰੀਬ 3 ਘੰਟਿਆਂ ਤੱਕ ਤੜਫਦਾ ਰਿਹਾ ਪਰ ਪੱਥਰ ਦਿਲ ਪ੍ਰਬੰਧਕ ਨੇ ਉਸ ਨੂੰ ਹਸਪਤਾਲ ਪਹੁੰਚਾਉਣ ਦੀ ਜ਼ਹਿਮਤ ਤੱਕ ਨਹੀਂ ਉਠਾਈ। ਜਦੋਂ ਤੱਕ ਉਸ ਨੂੰ ਡਾਕਟਰ ਕੋਲ ਲਿਜਾਇਆ ਗਿਆ, ਉਦੋਂ ਤੱਕ ਉਸ ਦੇ ਸਾਹ ਰੁਕ ਚੁੱਕੇ ਸਨ। ਇਸ ਮਾਮਲੇ ’ਚ ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਮ੍ਰਿਤਕ ਦੀ ਪਤਨੀ ਊਸ਼ਾ ਦੇਵੀ ਦੇ ਬਿਆਨ ’ਚ ਮੁਲਜ਼ਮ ਫੈਕਟਰੀ ਮਾਲਕ ਖਿਲਾਫ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : CBI ਜਾਂਚ ਤੋਂ ਕੋਈ ਇਤਰਾਜ਼ ਨਹੀਂ, ਜੱਜ ਦੀ ਨਜ਼ਰਸਾਨੀ ਦੀ ਕੀਤੀ ਸੀ ਮੰਗ: ਰਾਜਾ ਵੜਿੰਗ

ਮ੍ਰਿਤਕ ਬਲਿਸਟਰ ਮਾਹਤੋ ਦੀ ਪਤਨੀ ਮੁਤਾਬਕ ਉਸ ਦਾ ਪਤੀ ਪਿਛਲੇ ਕਈ ਸਾਲਾਂ ਤੋਂ ਇਸੇ ਸਰੀਆ ਫੈਕਟਰੀ ਵਿਚ ਆਪਣੀ ਮਿਹਨਤ ਦਾ ਪਸੀਨਾ ਵਹਾ ਰਿਹਾ ਸੀ। ਸੋਮਵਾਰ ਦੀ ਸਵੇਰ ਉਹ ਰੋਜ਼ਾਨਾ ਵਾਂਗ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਡਿਊਟੀ ’ਤੇ ਗਿਆ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਅੱਜ ਉਹ ਜਿਊਂਦਾ ਘਰ ਨਹੀਂ ਮੁੜੇਗਾ। ਸ਼ਾਮ ਕਰੀਬ 5 ਵਜੇ ਪਰਿਵਾਰ ਵਾਲਿਆਂ ਨੂੰ ਸੂਚਨਾ ਮਿਲੀ ਕਿ ਬਲਿਸਟਰ ਫੈਕਟਰੀ ’ਚ ਡਿੱਗ ਗਿਆ ਹੈ। ਪਰਿਵਾਰ ਵਾਲਿਆਂ ਦਾ ਗੰਭੀਰ ਦੋਸ਼ ਹੈ ਕਿ ਡਿੱਗਣ ਤੋਂ ਬਾਅਦ ਉਸ ਨੂੰ ਸਮੇਂ ’ਤੇ ਇਲਾਜ ਨਹੀਂ ਮਿਲਿਆ। ਫੈਕਟਰੀ ਪ੍ਰਬੰਧਕ ਦੀ ਇਸ ਲਾਪ੍ਰਵਾਹੀ ਕਾਰਨ ਇਕ ਗਰੀਬ ਪਰਿਵਾਰ ਦਾ ਇਕੋ ਇਕ ਸਹਾਰਾ ਖੋਹ ਗਿਆ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪਹਿਲੂ ਤੋਂ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਫੈਕਟਰੀ ਮਾਲਕ ਦੀ ਭੂਮਿਕਾ ਦੀ ਵੀ ਡੂੰਘਾਈ ਨਾਲ ਜਾਂਚ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News