ਪਾਵਰਕਾਮ ਦੀ ਲਾਪਰਵਾਹੀ ਨੇ ਲਈ ਮਾਸੂਮ ਦੀ ਜਾਨ! 11 ਹਜ਼ਾਰ ਕੇ.ਵੀ. ਵੋਲਟੇਜ ਤਾਰਾਂ ਦੀ ਲਪੇਟ ’ਚ ਆਈ ਬੱਚੀ

Tuesday, Mar 24, 2026 - 06:48 PM (IST)

ਪਾਵਰਕਾਮ ਦੀ ਲਾਪਰਵਾਹੀ ਨੇ ਲਈ ਮਾਸੂਮ ਦੀ ਜਾਨ! 11 ਹਜ਼ਾਰ ਕੇ.ਵੀ. ਵੋਲਟੇਜ ਤਾਰਾਂ ਦੀ ਲਪੇਟ ’ਚ ਆਈ ਬੱਚੀ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਪਾਵਰਕਾਮ ਵਿਭਾਗ ਦੀ ਕਥਿਤ ਲਾਪਰਵਾਹੀ ਨੇ ਜ਼ਿਲ੍ਹੇ ਦੇ ਪਿੰਡ ਲੰਬੀ ਢਾਬ ਵਿੱਚ ਇੱਕ ਬੱਚੀ ਦੀ ਜਾਨ ਲੈ ਲਈ। ਪਿੰਡ ਲੰਬੀ ਢਾਬ ਵਿੱਚ ਇੱਕ ਦੁਕਾਨ ਦੀ ਛੱਤ ਤੋਂ ਲੰਘ ਰਹੀਆਂ 11 ਹਜ਼ਾਰ ਕੇਵੀ ਵੋਲਟੇਜ ਦੀਆਂ ਢਿੱਲੀਆਂ ਤਾਰਾਂ ਦੀ ਚਪੇਟ ਵਿੱਚ ਆਉਣ ਨਾਲ ਏਕਮਦੀਪ ਨਾਮ ਦੀ ਅੱਠ ਸਾਲਾ ਬੱਚੀ ਦੀ ਦਰਦਨਾਕ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਦੋ ਦਿਨ ਪਹਿਲਾਂ ਹੀ ਪਾਵਰਕਾਮ ਵਿਭਾਗ ਦੇ ਕਰਮਚਾਰੀਆਂ ਨੇ ਬਾਂਸ ਕੱਢ ਕੇ ਤਾਰਾਂ ਨੂੰ ਇਹ ਕਹਿ ਕੇ ਢਿੱਲਾ ਕਰ ਦਿੱਤਾ ਸੀ ਕਿ ਲਾਈਨ ਟ੍ਰਿਪਿੰਗ ਹੋ ਰਹੀ ਹੈ। ਉੱਧਰ, ਸਥਾਨਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਿੰਡ ਸਦਰਵਾਲਾ ਦੇ ਰਹਿਣ ਵਾਲੇ ਮ੍ਰਿਤਕ ਬੱਚੀ ਏਕਮਦੀਪ ਦੇ ਦਾਦਾ ਨਿਹਾਲ ਸਿੰਘ ਨੇ ਦੱਸਿਆ ਕਿ ਪਿੰਡ ਲੰਬੀ ਢਾਬ ਵਿਚ ਉਹਨਾਂ ਦੀ ਦੁਕਾਨ ਅਤੇ ਕਈ ਘਰਾਂ ਦੇ ਉੱਪਰੋਂ ਹਾਈ ਵੋਲਟੇਜ ਤਾਰਾਂ ਲੰਘਦੀਆਂ ਹਨ। ਪਿੰਡ ਵਾਸੀ ਇਸ ਸਬੰਧ ਵਿੱਚ ਕਈ ਵਾਰ ਪਾਵਰਕਾਮ ਦੇ ਅਧਿਕਾਰੀਆਂ ਤੋਂ ਤਾਰਾਂ ਨੂੰ ਛੱਤਾਂ ਨੂੰ ਹਟਾਉਣ ਦੀ ਅਪੀਲ ਕਰ ਕਰ ਥੱਕ ਚੁੱਕੇ ਹਾਂ। ਦੋ ਦਿਨ ਪਹਿਲਾਂ ਪਾਵਰਕਾਮ ਕਰਮਚਾਰੀ ਆਏ। ਉਹਨਾਂ ਕਿਹਾ ਕਿ ਤਾਰਾਂ ਦੇ ਹੇਠਾਂ ਜੋ ਬਾਂਸ ਲੱਗੇ ਹੋਏ ਹਨ, ਉਹਨਾਂ ਦੀ ਵਜ੍ਹਾਂ ਨਾਲ ਲਾਈਨਾਂ ਟ੍ਰਿਪਿੰਗ ਹੋ ਰਹੀਆਂ ਹਨ, ਜਿਸ ਕਾਰਨ ਬਿਜਲੀ ਖਰਾਬ ਦੀ ਸ਼ਿਕਾਇਤਾਂ ਆ ਰਹੀਆਂ ਹਨ, ਜਿਸਦੇ ਚੱਲਦਿਆਂ ਬਾਂਸ ਹਟਾ ਦਿੱਤੇ ਗਏ ਅਤੇ ਤਾਰਾਂ ਕਾਫ਼ੀ ਢਿੱਲੀਆਂ ਹੋ ਗਈਆਂ ਹਨ।

ਤਾਰਾਂ ਇੰਨੀ ਹੇਠਾਂ ਆ ਗਈਆਂ ਕਿ ਛੱਤ ’ਤੇ ਕਿਸੇ ਵੀ ਬੱਚੇ ਦਾ ਵੀ ਹੱਥ ਆਰਾਮ ਨਾਲ ਲੱਗ ਸਕਦਾ ਸੀ, ਪਰ ਵਿਭਾਗ ਨੇ ਤਾਰਾਂ ਨੂੰ ਉੱਪਰ ਨਹੀਂ ਕੀਤਾ। ਮੰਗਲਵਾਰ ਨੂੰ ਏਕਮਦੀਪ ਵੀ ਦੁਕਾਨ ’ਤੇ ਆਈ ਹੋਈ ਸੀ ਅਤੇ ਸਵੇਰੇ ਕਰੀਬ ਸਾਢੇ 10 ਵਜੇ ਖੇਡਦਿਆਂ ਛੱਤ ’ਤੇ ਚਲੀ ਗਈ ਅਤੇ ਤਾਰਾਂ ਦੀ ਚਪੇਟ ਵਿੱਚ ਆ ਗਈ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। ਬੱਚੀ ਦਾ ਸਰੀਰ ਬੁਰੀ ਤਰ੍ਹਾਂ ਝੁਲਸ ਗਿਆ। ਏਕਮਦੀਪ ਦੀ ਮੌਤ ਪਾਵਰਕਾਮ ਦੀ ਲਾਪਰਵਾਹੀ ਕਾਰਨ ਹੋਈ ਹੈ। ਉਹਨਾਂ ਕਿਹਾ ਕਿ ਜੇਕਰ ਦੇ ਮੁਲਜ਼ਮਾਂ ਅਧਿਕਾਰੀਆਂ ਖਿਲਾਫ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਉਹ ਧਰਨਾ ਪ੍ਰਦਰਸ਼ਨ ਕਰਨਗੇ। ਉੱਧਰ ਪਾਵਰਕਾਮ ਦੇ ਜੇਈ ਗੁਰਜੀਤ ਸਿੰਘ ਨੇ ਕਿਹਾ ਕਿ ਜਿੱਥੇ ਇਹ ਘਟਨਾ ਹੋਈ ਹੈ, ਉੱਥੇ ਗੈਰਕਾਨੂੰਨੀ ਤੌਰ ’ਤੇ ਨਿਰਮਾਣ ਕੀਤਾ ਗਿਆ ਹੈ। ਪਰਿਵਾਰ ਨੂੰ ਪਹਿਲਾਂ ਵੀ ਕਈ ਵਾਰ ਸੂਚਿਤ ਕੀਤਾ ਗਿਆ ਸੀ। ਬਾਂਸ ਲਗਾਉਣ ਕਾਰਨ ਲਾਈਨਾਂ ਟ੍ਰਿਪ ਕਰ ਰਹੀਆਂ ਸਨ, ਜਿਸ ਕਰਕੇ ਬਿਜਲੀ ਸਪਲਾਈ ਵਿਚ ਦਿੱਕਤ ਆ ਰਹੀ ਸੀ, ਇਸ ਲਈ ਉਹਨਾਂ ਨੂੰ ਹਟਾਇਆ ਗਿਆ ਸੀ। 


author

Anmol Tagra

Content Editor

Related News