ਪੰਜਾਬ ਛੱਡ UP-ਬਿਹਾਰ ਨੂੰ ਵਾਪਸ ਪਰਤਣ ਲੱਗੇ ਪ੍ਰਵਾਸੀ! ਰੇਲਵੇ ਸਟੇਸ਼ਨਾਂ ''ਤੇ ਵਧੀ ਭੀੜ
Monday, Mar 30, 2026 - 02:53 PM (IST)
ਜਲੰਧਰ: ਈਰਾਨ ਅਤੇ ਅਮਰੀਕਾ ਵਿਚਾਲੇ ਵਧ ਰਹੇ ਤਣਾਅ ਨੇ ਪੰਜਾਬ ਦੇ ਉਦਯੋਗਾਂ ਨੂੰ ਵੀ ਕਾਫ਼ੀ ਪ੍ਰਭਾਵਿਤ ਕੀਤਾ ਹੈ। ਜੰਗ ਕਾਰਨ ਕੱਚੇ ਮਾਲ ਦੀ ਸਪਲਾਈ ਵਿਚ ਅੜਿੱਕਾ ਪੈਣ ਅਤੇ ਬਰਾਮਦ ਵਿਚ ਭਾਰੀ ਗਿਰਾਵਟ ਆਉਣ ਕਰਕੇ ਫੈਕਟਰੀਆਂ ਵਿਚ ਕੰਮ ਕਾਫੀ ਘਟ ਗਿਆ ਹੈ। ਇਸ ਦੇ ਨਤੀਜੇ ਵਜੋਂ, ਫੈਕਟਰੀ ਮਾਲਕਾਂ ਨੇ ਕੰਮ ਦੀਆਂ ਸ਼ਿਫਟਾਂ ਘਟਾ ਦਿੱਤੀਆਂ ਹਨ, ਜਿਸ ਦਾ ਸਿੱਧਾ ਅਸਰ ਮਜ਼ਦੂਰ ਵਰਗ 'ਤੇ ਵੀ ਪੈ ਰਿਹਾ ਹੈ।
ਇਸ ਮੰਦੀ ਕਾਰਨ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਆਏ ਪ੍ਰਵਾਸੀ ਮਜ਼ਦੂਰ ਵੱਡੀ ਗਿਣਤੀ ਵਿਚ ਆਪਣੇ ਘਰਾਂ ਨੂੰ ਪਰਤਣ ਲੱਗ ਪਏ ਹਨ। ਇਸ ਕਾਰਨ ਰੇਲਵੇ ਸਟੇਸ਼ਨਾਂ 'ਤੇ ਯਾਤਰੀਆਂ ਦੀ ਗਿਣਤੀ ਵੀ ਕਾਫ਼ੀ ਵੱਧ ਗਈ ਹੈ। ਜਲੰਧਰ ਸਿਟੀ ਰੇਲਵੇ ਸਟੇਸ਼ਨ ਦੀ ਹੀ ਗੱਲ ਕਰੀਏ ਤਾਂ ਇੱਥੇ ਯਾਤਰੀਆਂ ਦੀ ਗਿਣਤੀ, ਜੋ ਆਮ ਦਿਨਾਂ ਵਿਚ 17-18 ਹਜ਼ਾਰ ਹੁੰਦੀ ਸੀ, ਹੁਣ ਵਧ ਕੇ 25 ਹਜ਼ਾਰ ਤੱਕ ਪਹੁੰਚ ਗਈ ਹੈ। ਮਜ਼ਦੂਰਾਂ ਦਾ ਕਹਿਣਾ ਹੈ ਕਿ ਓਵਰਟਾਈਮ ਬੰਦ ਹੋਣ ਅਤੇ ਆਮਦਨ ਘਟਣ ਕਾਰਨ ਉਨ੍ਹਾਂ ਲਈ ਸ਼ਹਿਰ ਵਿਚ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ।
ਜਾਣਕਾਰੀ ਮੁਤਾਬਕ, ਹੈਂਡ ਟੂਲ ਉਦਯੋਗ ਦੀ ਬਰਾਮਦ ਵਿਚ 50% ਦੀ ਗਿਰਾਵਟ ਆਈ ਹੈ ਅਤੇ ਖਾੜੀ ਦੇਸ਼ਾਂ ਤੋਂ ਨਵੇਂ ਆਰਡਰ ਮਿਲਣੇ ਬੰਦ ਹੋ ਗਏ ਹਨ। ਇਸੇ ਤਰ੍ਹਾਂ ਸਟੀਲ, ਲੋਹੇ ਅਤੇ ਕੋਲੇ ਦੀਆਂ ਕੀਮਤਾਂ ਵਿਚ ਭਾਰੀ ਉਛਾਲ ਆਇਆ ਹੈ। ਐੱਲ.ਪੀ.ਜੀ. ਸਿਲੰਡਰਾਂ ਦੀ ਕਿੱਲਤ ਅਤੇ ਕੰਮ ਦੀ ਘਾਟ ਕਾਰਨ ਰੇਹੜੀ-ਫੜੀ ਵਾਲੇ ਅਤੇ ਛੋਟੇ ਢਾਬਾ ਸੰਚਾਲਕ ਵੀ ਸ਼ਹਿਰ ਛੱਡਣ ਲਈ ਮਜ਼ਬੂਰ ਹਨ। ਉਦਯੋਗਪਤੀਆਂ ਦਾ ਮੰਨਣਾ ਹੈ ਕਿ ਜੇਕਰ ਹਾਲਾਤ ਜਲਦੀ ਨਾ ਸੁਧਰੇ, ਤਾਂ ਆਉਣ ਵਾਲੇ ਸਮੇਂ ਵਿਚ ਉਦਯੋਗਾਂ ਨੂੰ ਲੇਬਰ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਨਾਲ ਉਨ੍ਹਾਂ ਦੀਆਂ ਮੁਸੀਬਤਾਂ ਵਿਚ ਹੋਰ ਵੀ ਵਾਧਾ ਹੋ ਜਾਵੇਗਾ।
