ਮਿਡ-ਡੇ ਮੀਲ ਦੀ ਚੈਕਿੰਗ
Tuesday, Jul 31, 2018 - 01:24 AM (IST)

ਨਵਾਂਸ਼ਹਿਰ, (ਤ੍ਰਿਪਾਠੀ)— ਮਿਸ਼ਨ ਤੰਦਰੂਸਤ ਪੰਜਾਬ ਤਹਿਤ ਫੂਡ ਸੇਫਟੀ ਵਿੰਗ ਦੇ ਅਧਿਕਾਰੀਆਂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੌਲਤਪੂਰ ਅਤੇ ਸਰਕਾਰੀ ਹਾਈ ਸਕੂਲ ਰੱਕਡ਼ਾਂ ਢਾਹਾਂ ਵਿਖੇ ਬਣਾਏ ਜਾ ਰਹੇ ਮਿਡ-ਡੇ ਮੀਲ ਦੀ ਜਾਂਚ ਕੀਤੀ ਗਈ ਅਤੇ ਕਡ਼੍ਹੀ, ਆਟਾ, ਤਿਆਰ ਚਾਵਲ ਅਤੇ ਕੱਚੇ ਚਾਵਲਾਂ ਦੇ ਸੈਂਪਲ ਲਏ ਗਏ।
ਇਸ ਸਮੇਂ ਮਨੋਜ ਖੋਸਲਾ ਸਹਾਇਕ ਕਮਿਸ਼ਨਰ (ਫੂਡ) ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਬੱਚਿਆਂ ਨੂੰ ਪੋਸ਼ਟਿਕ ਭੋਜਨ ਦੀ ਉਪਲੱਬਧਤਾ ਨੂੰ ਯਕੀਨੀ ਬਣਾਉਣ ਹਿੱਤ ਇਹ ਚੈਕਿੰਗ ਕੀਤੀ ਗਈ ਹੈ, ਜੋ ਕਿ ਆਉਂਦੇ ਦਿਨਾਂ ਵਿਚ ਵੀ ਜਾਰੀ ਰਹੇਗੀ। ਉਨ੍ਹਾਂ ਬੱਚਿਆਂ ਨੂੰ ਖਾਣਾ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਹੱਥ ਧੋਣ ਦਾ ਤਰੀਕਾ ਵੀ ਦੱਸਿਆ। ਖਾਣਾ ਤਿਆਰ ਕਰਨ ਵਾਲੇ ਵਰਕਰਾਂ ਨੂੰ ਹਦਾਇਤ ਕੀਤੀ ਕਿ ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ। ਆਪਣੇ ਨਹੁੰ ਸਮੇਂ ਸਿਰ ਕੱਟੇ ਜਾਣ। ਮੱਖੀਆਂ ਤੋਂ ਬਚਾਅ ਲਈ ਜਾਲੀਆਂ ਵਾਲੇ ਦਰਵਾਜ਼ੇ ਦਾ ਪ੍ਰਬੰਧ ਕੀਤਾ ਜਾਵੇ। ਹੱਥਾਂ ਦੀ ਸਫਾਈ ਯਕੀਨੀ ਬਣਾਈ ਜਾਵੇ।
ਇਸ ਸਮੇਂ ਸੰਗੀਤਾ ਸਹਿਦੇਵ ਫੂਡ ਸੇਫਟੀ ਅਫਸਰ ਨੇ ਦੱਸਿਆ ਕਿ ਭਰੇ ਗਏ ਸੈਂਪਲਾਂ ਦੀ ਕੁਆਲਟੀ ਚੈੱਕ ਕਰਨ ਲਈ ਇਹ ਪ੍ਰਯੋਗਸ਼ਾਲਾ ਵਿਚ ਭੇਜੇ ਜਾਣਗੇ। ਜੇਕਰ ਕੋਈ ਸੈਂਪਲ ਮਿਆਰ ਅਨੁਸਾਰ ਸਹੀ ਨਾ ਪਾਇਆ ਗਿਆ ਤਾਂ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।