ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਦੇ ਦਫ਼ਤਰ ’ਚ ਸ਼ਰੇਆਮ ਹੋ ਰਹੀ ਬਿਜਲੀ ਦੀ ਬਰਬਾਦੀ
Thursday, Jan 15, 2026 - 10:16 AM (IST)
ਲੁਧਿਆਣਾ (ਰਾਮ) : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਫੋਕਲ ਪੁਆਇੰਟ ਦਫਤਰ ’ਚ ਬਿਜਲੀ ਦੀ ਕਥਿਤ ਗਲਤ ਵਰਤੋਂ ਸਬੰਧੀ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਜਾਣਕਾਰੀ ਮੁਤਾਬਕ ਦਫਤਰ ਵਿਚ ਆਰ. ਓ.–2 ਦੇ ਐਕਸੀਅਨ ਅਮਿਤ ਕੁਮਾਰ ਦੇ ਕਮਰੇ ਵਿਚ ਹੀਟਰ ਲਗਾਤਾਰ ਚਲਦਾ ਰਹਿੰਦਾ ਹੈ ਅਤੇ ਅਧਿਕਾਰੀ ਬਾਹਰ ਚਲੇ ਜਾਂਦੇ ਹਨ, ਜਿਸ ਨਾਲ ਖੁੱਲ੍ਹੇਆਮ ਬਿਜਲੀ ਦੀ ਬਰਬਾਦੀ ਹੋ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੇ ਅਧਿਕਾਰੀ ਉਦਯੋਗਿਕ ਇਕਾਈਆਂ ਅਤੇ ਆਮ ਲੋਕਾਂ ਦੇ ਬਿਜਲੀ ਕੁਨੈਕਸ਼ਨ ਕੱਟਣ ਦੀ ਕਾਰਵਾਈ ਕਰਦੇ ਹਨ, ਉਨ੍ਹਾਂ ਹੀ ’ਤੇ ਹੁਣ ਬਿਜਲੀ ਦੀ ਦੁਰਵਰਤੋਂ ਕਰਨ ਦੇ ਦੋਸ਼ ਲੱਗ ਰਹੇ ਹਨ। ਸਵਾਲ ਇਹ ਹੈ ਕਿ ਜਦੋਂ ਆਮ ਖਪਤਕਾਰਾਂ ’ਤੇ ਸਖਤੀ ਦਿਖਾਈ ਜਾਂਦੀ ਹੈ ਤਾਂ ਅਧਿਕਾਰੀਆਂ ਦੇ ਮਾਮਲੇ ’ਚ ਕਾਰਵਾਈ ਕੌਣ ਕਰੇਗਾ?
ਇਹ ਵੀ ਪੜ੍ਹੋ : ਮਾਤਾ ਵੈਸ਼ਨੋ ਦੇਵੀ ਦੇ ਭਗਤਾਂ ਲਈ ਖੁਸ਼ਖਬਰੀ; ਮਕਰ ਸੰਕ੍ਰਾਂਤੀ 'ਤੇ ਖੁੱਲ੍ਹੀ ਇਤਿਹਾਸਕ 'ਕੁਦਰਤੀ ਗੁਫਾ'
ਸੂਤਰਾਂ ਮੁਤਾਬਕ ਐਕਸੀਅਨ ਅਮਿਤ ਕੁਮਾਰ ਨੂੰ ਪਹਿਲਾਂ ਹੀ 2 ਚਾਰਜ ਮਿਲ ਚੁੱਕੇ ਹਨ, ਇਸ ਦੇ ਬਾਵਜੂਦ ਨਾ ਤਾਂ ਬਿਜਲੀ ਦੀ ਬਰਬਾਦੀ ’ਤੇ ਕੋਈ ਠੋਸ ਕਦਮ ਚੁੱਕਿਆ ਗਿਆ ਅਤੇ ਨਾ ਹੀ ਕੋਈ ਅਨੁਸ਼ਾਸਨਾਤਮਕ ਕਾਰਵਾਈ ਸਾਹਮਣੇ ਆਈ ਹੈ। ਇਸ ਨਾਲ ਵਿਭਾਗ ਦੀ ਕਾਰਜਪ੍ਰਣਾਲੀ ਅਤੇ ਜਵਾਬਦੇਹੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ।
ਵੱਡਾ ਸਵਾਲ : ਕਾਰਵਾਈ ਹੋਵੇਗੀ ਜਾਂ ਮਾਮਲਾ ਦੱਬ ਜਾਵੇਗਾ?
ਹੁਣ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕੀ ਬਿਜਲੀ ਦੀ ਬਰਬਾਦੀ ਵਰਗੇ ਗੰਭੀਰ ਮਾਮਲੇ ’ਚ ਅਸਲ ਵਿਚ ਕੋਈ ਕਾਰਵਾਈ ਹੋਵੇਗੀ ਜਾਂ ਫਿਰ ਇਹ ਮਾਮਲਾ ਵੀ ਕਾਗਜ਼ਾਂ ਅਤੇ ਫਾਈਲਾਂ ਤੱਕ ਹੀ ਸੀਮਤ ਰਹਿ ਜਾਵੇਗਾ। ਜਿਸ ਵਿਭਾਗ ਦਾ ਕੰਮ ਵਾਤਾਵਰਣ ਅਤੇ ਵਸੀਲਿਆਂ ਦੀ ਸੁਰੱਖਿਆ ਕਰਨਾ ਹੈ। ਜੇਕਰ ਉਹੀ ਲਾਪ੍ਰਵਾਹੀ ਵਰਤੇ ਤਾਂ ਇਹ ਇਕ ਖਤਰਨਾਕ ਮਿਸਾਲ ਹੈ। ਕਾਰੋਬਾਰੀਆਂ ਅਤੇ ਆਮ ਲੋਕਾਂ ਦੀਆਂ ਨਜ਼ਰਾਂ ਹੁਣ ਉੱਚ ਅਧਿਕਾਰੀਆਂ ਅਤੇ ਸਰਕਾਰ ਦੇ ਰੁਖ ’ਤੇ ਟਿਕੀਆਂ ਹਨ ਕਿ ਇਸ ਮਾਮਲੇ ਵਿਚ ਨਿਰਪੱਖ ਜਾਂਚ ਅਤੇ ਠੋਸ ਕਾਰਵਾਈ ਹੁੰਦੀ ਹੈ ਜਾਂ ਨਹੀਂ। ਇਸ ਸਬੰਧੀ ਜਦੋਂ ਪੀ. ਪੀ. ਸੀ. ਬੀ. ਦੇ ਚੀਫ ਇੰਜੀਨੀਅਰ ਆਰ. ਕੇ. ਰੱਤੜਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਦਫਤਰ ਵਿਚ ਕੋਈ ਬਿਜਲੀ ਦੀ ਦੁਰਵਰਤੋਂ ਕਰ ਰਿਹਾ ਹੈ ਤਾਂ ਉਸ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ।
