ਫੰਡਾਂ ਦੀ ਘਾਟ, ਜ਼ਿਲੇ ਦੇ ਦਰਜਨਾਂ ਸਕੂਲਾਂ ''ਚ ਮਿਡ-ਡੇ-ਮੀਲ ਹੋਇਆ ਬੰਦ, 3 ਮਹੀਨਿਆਂ ਤੋਂ ਨਹੀਂ ਮਿਲੇ ਪੈਸੇ

11/07/2017 3:35:02 AM

ਬਠਿੰਡਾ(ਪਰਮਿੰਦਰ)-ਫੰਡਾਂ ਦੀ ਘਾਟ ਕਾਰਨ ਜ਼ਿਲੇ ਦੇ ਦਰਜਨਾਂ ਪ੍ਰਾਇਮਰੀ ਸਕੂਲਾਂ ਵਿਚ ਮਿਡ-ਡੇ-ਮੀਲ ਬੰਦ ਹੋ ਗਿਆ ਹੈ। ਪਿਛਲੇ ਕਰੀਬ 3 ਮਹੀਨਿਆਂ ਤੋਂ ਪੈਸੇ ਨਾ ਆਉਣ ਕਾਰਨ ਵਿਦਿਆਰਥੀਆਂ ਨੂੰ ਦੁਪਹਿਰ ਦਾ ਭੋਜਨ ਨਹੀਂ ਮਿਲ ਰਿਹਾ। ਹੁਣ ਤੱਕ ਸੰਬੰਧਤ ਸਕੂਲਾਂ ਦੇ ਅਧਿਆਪਕ ਆਪਣੀ ਜੇਬ 'ਚੋਂ ਪੈਸੇ ਖਰਚ ਕਰ ਕੇ ਜਿਵੇਂ ਤਿਵੇਂ ਬੱਚਿਆਂ ਲਈ ਖਾਣ ਦਾ ਪ੍ਰਬੰਧ ਕਰ ਰਹੇ ਸਨ ਪਰ ਹੁਣ ਅਧਿਆਪਕਾਂ ਨੇ ਵੀ ਇਸ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਅਧਿਆਪਕਾਂ ਨੇ ਇਸ ਸੰਬੰਧ 'ਚ ਜ਼ਿਲਾ ਸਿੱਖਿਆ ਅਧਿਕਾਰੀ ਨੂੰ ਪੱਤਰ ਲਿਖ ਕੇ ਦੱਸਿਆ ਹੈ ਕਿ ਫੰਡ ਨਾ ਹੋਣ ਕਾਰਨ ਅਧਿਆਪਕ ਹੁਣ ਖਾਣਾ ਬਣਾਉਣ 'ਚ ਅਸਮਰੱਥ ਹਨ। ਅਜਿਹੇ 'ਚ ਵਿਭਾਗ ਇਸ ਸੰਬੰਧ 'ਚ ਜ਼ਰੂਰੀ ਕਦਮ ਚੁੱਕੇ।
ਪੈਸੇ ਤੋਂ ਬਿਨਾਂ ਖਾਣਾ ਦੇਣਾ ਮੁਸ਼ਕਲ
ਜ਼ਿਲੇ ਦੇ ਬਲਾਕ ਨਥਾਣਾ ਦੇ ਪਿੰਡਾਂ ਤੁੰਗਵਾਲੀ, ਬੁਰਜ ਕਾਹਨ ਸਿੰਘ ਵਾਲਾ ਬਸਤੀ, ਚੱਕ ਫਤਿਹ ਸਿੰਘ ਵਾਲਾ, ਭੁੱਚੋ ਖੁਰਦ, ਚੱਕਾ ਰਾਮ ਸਿੰਘ ਵਾਲਾ, ਮਾੜੀ ਭੈਣੀ, ਬੱਜੋਆਣੀਆਂ, ਕਲਿਆਣ ਮੱਲਕਾ, ਕਲਿਆਣ ਭਾਈ, ਕਲਿਆਣ ਸੁੱਖਾ, ਬੁਰਜ ਡੱਲਾ, ਜੰਡਾਵਾਲਾ ਮੇਨ ਤੇ ਬ੍ਰਾਂਚ, ਜੀਦਾ ਮੇਨ ਤੇ ਬ੍ਰਾਂਚ, ਖਿਆਲੀਵਾਲਾ, ਖੇਮੂਆਣਾ, ਗੋÎਨਿਆਣਾ (ਲੜਕੀਆਂ) ਤੇ ਹਰਰਾਏਪੁਰ ਵਿਚ ਮਿਡ-ਡੇ-ਮਿਲ ਹੁਣ ਪੂਰੀ ਤਰ੍ਹਾਂ ਠੱਪ ਹੈ। ਉਕਤ ਸਕੂਲਾਂ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਪਿਛਲੇ 3 ਮਹੀਨਿਆਂ ਤੋਂ ਫੰਡ ਨਹੀਂ ਮਿਲ ਰਹੇ। ਪੈਸੇ ਨਾ ਮਿਲਣ ਕਾਰਨ ਬੱਚਿਆਂ ਨੂੰ ਖਾਣਾ ਦੇਣਾ ਮੁਸ਼ਕਲ ਹੈ। ਅਧਿਆਪਕ ਕੁਝ ਸਮੇਂ ਆਪਣੀ ਜੇਬ 'ਚੋਂ ਪੈਸੇ ਪਾ ਕੇ ਖਾਣਾ ਤਿਆਰ ਕਰਵਾਉਂਦੇ ਰਹੇ ਪਰ ਅਧਿਆਪਕਾਂ 'ਤੇ ਆਪਣੇ ਪਰਿਵਾਰਾਂ ਦੀ ਵੀ ਜ਼ਿੰਮੇਵਾਰੀ ਹੈ, ਜਿਸ ਕਾਰਨ ਉਨ੍ਹਾਂ ਹੁਣ ਖਾਣਾ ਉਧਾਰ ਬਣਵਾਉਣਾ ਬੰਦ ਕਰ ਦਿੱਤਾ ਹੈ।
ਉਧਾਰ ਰਾਸ਼ਨ ਮਿਲਣਾ ਹੋਇਆ ਬੰਦ
ਜ਼ਿਕਰਯੋਗ ਹੈ ਕਿ ਪਹਿਲਾਂ ਵੀ ਗ੍ਰਾਂਟ ਦੇਰੀ ਨਾਲ ਹੀ ਆਉਂਦੀ ਹੈ, ਜਿਸ ਕਾਰਨ ਸਕੂਲਾਂ ਵੱਲੋਂ ਨਜ਼ਦੀਕੀ ਦੁਕਾਨਦਾਰਾਂ ਤੋਂ ਰਾਸ਼ਨ ਆਦਿ ਉਧਾਰ ਲਿਆ ਜਾਂਦਾ ਹੈ। ਪਤਾ ਲੱਗਾ ਕਿ ਉਧਾਰ ਜ਼ਿਆਦਾ ਹੋਣ ਕਾਰਨ ਦੁਕਾਨਦਾਰ ਵੀ ਅਕਸਰ ਸਕੂਲਾਂ ਨੂੰ ਰਾਸ਼ਨ ਦੇਣ ਤੋਂ ਇਨਕਾਰ ਕਰ ਦਿੰਦੇ ਹਨ। ਹੁਣ ਵੀ ਇਹੀ ਹੋ ਰਿਹਾ ਹੈ। ਉਧਾਰ ਜ਼ਿਆਦਾ ਹੋਣ ਕਾਰਨ ਦੁਕਾਨਦਾਰਾਂ ਨੇ ਰਾਸ਼ਨ ਦੇਣਾ ਬੰਦ ਕਰ ਦਿੱਤਾ ਹੈ, ਜਿਸ ਕਾਰਨ ਮਿਡ-ਡੇ-ਮੀਲ 'ਤੇ ਤਲਵਾਰ ਲਟਕ ਗਈ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਅਧਿਆਪਕ ਵੀ ਕਦੋਂ ਤੱਕ ਬਿਨਾਂ ਪੈਸੇ ਕੰਮ ਚਲਾਉਂਦੇ ਰਹਿਣਗੇ। ਉਨ੍ਹਾਂ ਮੰਗ ਕੀਤੀ ਕਿ ਮਿਡ-ਡੇ-ਮੀਲ ਦੀ ਗ੍ਰਾਂਟ ਜਲਦ ਤੋਂ ਜਲਦ ਜਾਰੀ ਕੀਤੀ ਜਾਵੇ।
ਸਕੂਲਾਂ 'ਚ ਘੱਟ ਹੋ ਰਹੀ ਬੱਚਿਆਂ ਦੀ ਗਿਣਤੀ
ਮਿਡ-ਡੇ-ਮੀਲ 'ਤੇ ਬਰੇਕ ਲੱਗਣ ਨਾਲ ਸਕੂਲਾਂ 'ਚ ਬੱਚਿਆਂ ਦੀ ਗਿਣਤੀ ਘੱਟ ਹੋਣ ਲੱਗੀ ਹੈ ਜੋ ਆਉਣ ਵਾਲੇ ਦਿਨਾਂ 'ਚ ਹੋਰ ਵੀ ਘੱਟ ਹੋ ਸਕਦੀ ਹੈ। ਅਧਿਆਪਕ ਨਵਚਰਨਪ੍ਰੀਤ, ਗੁਰਮੁਖ ਸਿੰਘ, ਸਰਦੂਲ ਸਿੰਘ, ਗੁਰਜੀਤ ਸਿੰਘ, ਪ੍ਰਤਾਪ ਸਿੰਘ, ਪ੍ਰਦੀਪ ਸਿੰਘ, ਸੁਖਮੰਦਰ ਸਿੰਘ, ਸੁਮਿੰਦਰ ਸਿੰਘ, ਗੁਰਜੰਟ ਸਿੰਘ ਆਦਿ ਨੇ ਦੱਸਿਆ ਕਿ ਬੱਚੇ ਹੁਣ ਦੁਪਹਿਰ ਦਾ ਖਾਣਾ ਖਾਣ ਲਈ ਘਰ ਜਾਂਦੇ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਬੱਚੇ ਵਾਪਸ ਸਕੂਲਾਂ 'ਚ ਨਹੀਂ ਆਉਂਦੇ।


Related News