ਹਰਿਆਣਾ ’ਚ 3 ਮਹੀਨਿਆਂ ਲਈ ਸਰਕਾਰ ਨਹੀਂ ਬਣਾਏਗੀ ਕਾਂਗਰਸ : ਭੂਪੇਂਦਰ ਹੁੱਡਾ
Saturday, May 11, 2024 - 12:16 PM (IST)
ਹਰਿਆਣਾ (ਦੀਪਕ ਬਾਂਸਲ)- ਵਿਰੋਧੀ ਧਿਰ ਦੇ ਨੇਤਾ ਤੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਹੁੱਡਾ ਨੇ ਹਰਿਅਣਾ ’ਚ ਸਰਕਾਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਸ਼ੁੱਕਰਵਾਰ ਕਿਹਾ ਕਿ ਸਵਾਲ ਸਾਡੀ ਸਰਕਾਰ ਬਣਾਉਣ ਦਾ ਨਹੀਂ ਹੈ। ਵਿਧਾਨ ਸਭਾ ਚੋਣਾਂ ਨੇੜੇ ਆ ਗਈਆਂ ਹਨ। ਸਿਰਫ਼ 3 ਮਹੀਨੇ ਲਈ ਸਰਕਾਰ ਨਹੀਂ ਬਣਾਈ ਜਾ ਸਕਦੀ। ਵਿਧਾਨ ਸਭਾ ਚੋਣਾਂ ’ਚ ਅਸੀਂ ਬਹੁਮਤ ਹਾਸਲ ਕਰਾਂਗੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵੇਲੇ 45 ਵਿਧਾਇਕ ਸਰਕਾਰ ਦੇ ਖ਼ਿਲਾਫ਼ ਹਨ। ਕਾਂਗਰਸੀ ਵਿਧਾਇਕ ਰਾਜਪਾਲ ਨੂੰ ਮਿਲਣ ਗਏ ਸਨ ਪਰ ਉਹ ਨਹੀਂ ਮਿਲੇ। ਵਿਧਾਇਕਾਂ ਨੇ ਸਕੱਤਰ ਨੂੰ ਇਕ ਚਿੱਠੀ ਸੌਂਪੀ।
ਇਸ ਦੌਰਾਨ ਕਾਂਗਰਸ ਦੇ ਸੂਬਾ ਪ੍ਰਧਾਨ ਉਦੇਭਾਨ ਨੇ ਦਿੱਲੀ ’ਚ ਕਿਹਾ ਕਿ ਭਾਜਪਾ ਆਪਣੀ ਸਰਕਾਰ ਨੂੰ ਬਚਾਉਣ ਲਈ ‘ਹਾਰਸ ਟਰੇਡਿੰਗ’ ਕਰ ਸਕਦੀ ਹੈ। ਇਸ ਲਈ ਫਲੋਰ ਟੈਸਟ ਹੋਣਾ ਚਾਹੀਦਾ ਹੈ। ਸਰਕਾਰ ਨੂੰ ਬਹੁਮਤ ਸਾਬਤ ਕਰਨਾ ਪਵੇਗਾ। ਜੇ ਉਹ ਅਜਿਹਾ ਨਹੀਂ ਕਰਦੀ ਤਾਂ ਰਾਸ਼ਟਰਪਤੀ ਰਾਜ ਲਾਇਆ ਜਾਣਾ ਚਾਹੀਦਾ ਹੈ। ਹਰਿਆਣਾ ’ਚ ਬਹੁਮਤ ਦੇ ਸੰਕਟ ਦਰਮਿਆਨ ਨਾਇਬ ਸਰਕਾਰ ਨੇ 15 ਮਈ ਨੂੰ ਕੈਬਨਿਟ ਦੀ ਬੈਠਕ ਬੁਲਾਈ ਹੈ। ਸੂਤਰਾਂ ਅਨੁਸਾਰ ਇਸ ’ਚ ਵਿਧਾਨ ਸਭਾ ਦਾ ਇਜਲਾਸ ਬੁਲਾਉਣ ਦਾ ਐਲਾਨ ਕੀਤਾ ਜਾ ਸਕਦਾ ਹੈ। ਭਾਜਪਾ ਦੇ ਕਰੀਬੀ ਸੂਤਰਾਂ ਮੁਤਾਬਕ ਜੇਜੇਪੀ ਦੇ ਤਿੰਨ ਬਾਗੀ ਵਿਧਾਇਕ ਸਰਕਾਰ ਨੂੰ ਡਿੱਗਣ ਤੋਂ ਰੋਕਣ ਲਈ ਅਸਤੀਫ਼ਾ ਦੇ ਸਕਦੇ ਹਨ। ਇਨ੍ਹਾਂ ’ਚ ਦੇਵੇਂਦਰ ਬਬਲੀ, ਰਾਮਨਿਵਾਸ ਸੂਰਜਾਖੇੜਾ ਅਤੇ ਜੋਗੀਰਾਮ ਸਿਹਾਗ ਹਨ। ਹਰਿਆਣਾ ਵਿਧਾਨ ਸਭਾ ’ਚ ਸਪੀਕਰ ਗਿਆਨ ਚੰਦ ਗੁਪਤਾ ਭਾਜਪਾ ਦੇ ਹਨ। ਇਸ ਲਈ ਤਿੰਨਾਂ ਵਿਧਾਇਕਾਂ ਦੇ ਅਸਤੀਫ਼ੇ ਪ੍ਰਵਾਨ ਕਰਨ ਵਿੱਚ ਕੋਈ ਦਿੱਕਤ ਨਹੀਂ ਆਏਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e