ਜਲੰਧਰ ਦੇ ਦਰਜਨਾਂ ਕਾਲੋਨਾਈਜ਼ਰਾਂ ’ਤੇ ਆਈ ਨਵੀਂ ਆਫ਼ਤ, ਹਾਈਕੋਰਟ ਨੇ ਤਲਬ ਕੀਤਾ ਗੈਰ-ਕਾਨੂੰਨੀ ਕਾਲੋਨੀਆਂ ਸਬੰਧੀ ਸਾਰਾ ਰਿਕਾਰਡ

Sunday, May 12, 2024 - 11:01 AM (IST)

ਜਲੰਧਰ ਦੇ ਦਰਜਨਾਂ ਕਾਲੋਨਾਈਜ਼ਰਾਂ ’ਤੇ ਆਈ ਨਵੀਂ ਆਫ਼ਤ, ਹਾਈਕੋਰਟ ਨੇ ਤਲਬ ਕੀਤਾ ਗੈਰ-ਕਾਨੂੰਨੀ ਕਾਲੋਨੀਆਂ ਸਬੰਧੀ ਸਾਰਾ ਰਿਕਾਰਡ

ਜਲੰਧਰ (ਖੁਰਾਣਾ)-ਪਿਛਲੇ ਸਮੇਂ ਦੌਰਾਨ ਗੈਰ-ਕਾਨੂੰਨੀ ਢੰਗ ਨਾਲ ਕਾਲੋਨੀਆਂ ਕੱਟ ਕੇ ਸਰਕਾਰ ਦੇ ਮਾਲੀਏ ਨੂੰ ਕਰੋੜਾਂ-ਅਰਬਾਂ ਰੁਪਏ ਦਾ ਚੂਨਾ ਲਾਉਣ ਵਾਲੇ ਕਾਲੋਨਾਈਜ਼ਰਾਂ ’ਤੇ ਹੁਣ ਅਦਾਲਤ ਦਾ ਸ਼ਿਕੰਜਾ ਕੱਸਣ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੀ ਇਕ ਸੰਸਥਾ ਲੀਗਲ ਐਕਸ਼ਨ ਐਂਡ ਵੈੱਲਫੇਅਰ ਐਸੋਸੀਏਸ਼ਨ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਦੋਸ਼ ਲਾਇਆ ਸੀ ਕਿ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਪੂਰੇ ਪੰਜਾਬ ਵਿਚ ਗੈਰ-ਕਾਨੂੰਨੀ ਕਾਲੋਨੀਆਂ ਕੱਟੀਆਂ ਜਾ ਰਹੀਆਂ ਹਨ, ਜਿਸ ਕਾਰਨ ਸਰਕਾਰ ਨੂੰ ਕਰੋੜਾਂ ਰੁਪਏ ਦੇ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ।

ਇਸ ਪਟੀਸ਼ਨ ਵਿਚ ਪਟੀਸ਼ਨਰਾਂ ਨੇ ਜਲੰਧਰ, ਤਰਨਤਾਰਨ ਅਤੇ ਹੋਰ ਇਲਾਕਿਆਂ ਵਿਚ ਕੱਟੀਆਂ ਗਈਆਂ ਗੈਰ-ਕਾਨੂੰਨੀ ਕਾਲੋਨੀਆਂ ਦਾ ਜ਼ਿਕਰ ਕੀਤਾ ਹੈ, ਜਿਸ ਦੇ ਆਧਾਰ ’ਤੇ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ 14 ਮਈ ਤੱਕ ਗੈਰ-ਕਾਨੂੰਨੀ ਕਾਲੋਨੀਆਂ ਸਬੰਧੀ ਸਟੇਟਸ ਰਿਪੋਰਟ ਅਦਾਲਤ ਵਿਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਪਤਾ ਲੱਗਾ ਹੈ ਕਿ ਗੈਰ-ਕਾਨੂੰਨੀ ਕਾਲੋਨੀਆਂ ਸਬੰਧੀ ਪਹਿਲਾਂ ਤੋਂ ਪੈਂਡਿੰਗ ਪਟੀਸ਼ਨਾਂ ਨੂੰ ਵੀ ਹਾਈਕੋਰਟ ਵੱਲੋਂ ਤਲਬ ਕੀਤਾ ਜਾ ਰਿਹਾ ਹੈ ਤਾਂ ਕਿ ਇਨ੍ਹਾਂ ਸਾਰੀਆਂ ਦੀ ਇਕੱਠੀ ਸੁਣਵਾਈ ਕੀਤੀ ਜਾ ਸਕੇ। ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਸੂਬੇ ਭਰ ਦੀਆਂ ਡਿਵੈੱਲਪਮੈਂਟ ਅਥਾਰਟੀਆਂ, ਪੁੱਡਾ ਅਤੇ ਨਗਰ ਨਿਗਮਾਂ ਨੂੰ ਗੈਰ-ਕਾਨੂੰਨੀ ਕਾਲੋਨੀਆਂ ਸਬੰਧੀ ਰਿਕਾਰਡ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਵਿਭਾਗ ਵੱਲੋਂ 'ਯੈਲੋ ਅਲਰਟ' ਜਾਰੀ, ਚੱਲਣਗੀਆਂ ਤੇਜ਼ ਹਵਾਵਾਂ ਤੇ ਹੋਵੇਗੀ ਬਾਰਿਸ਼

ਨਿਗਮ ਵੱਲੋਂ ਪੁਲਸ ਕੇਸ ਲਈ ਭੇਜੀ ਗਈ ਗੈਰ-ਕਾਨੂੰਨੀ ਕਾਲੋਨੀਆਂ ਦੀ ਸੂਚੀ
-ਅਮਨ ਨਗਰ ਵਿਚ ਲਾਲ ਮੰਦਰ ਨੇੜੇ ਸੁਰਿੰਦਰ ਸਿੰਘ ਵੱਲੋਂ ਕੱਟੀ ਜਾ ਰਹੀ ਕਾਲੋਨੀ
-ਲੰਮਾ ਪਿੰਡ ਤੋਂ ਕੋਟਲਾ ਸੜਕ ਤੇ ਸੰਤੋਖ ਸਿੰਘ ਵੱਲੋਂ ਕੱਟੀ ਜਾ ਰਹੀ ਕਾਲੋਨੀ
-ਹਰਗੋਬਿੰਦ ਨਗਰ ਵਿਚ ਰਾਜ ਕੁਮਾਰ ਵੱਲੋਂ ਕੱਟੀ ਜਾ ਰਹੀ ਕਾਲੋਨੀ
-ਜਮਸ਼ੇਰ ਰੋਡ ’ਤੇ ਕੱਟੀ ਜਾ ਰਹੀ ਕਾਲੋਨੀ
-ਨਿਊ ਮਾਡਲ ਹਾਊਸ ਦੇ ਨੇੜੇ
-ਪੁਰਾਣੀ ਫਗਵਾੜਾ ਰੋਡ
-ਸਲੇਮਪੁਰ ਮੁਸਲਮਾਨਾਂ
-ਪਟੇਲ ਨਗਰ ਮਕਸੂਦਾਂ
-ਜੀਵ ਸ਼ੈਲਟਰ ਦੇ ਨੇੜੇ
-ਅਮਨ ਨਗਰ
-ਮੰਦਰ ਗੋਗਾ ਜਾਹਰਵੀਰ ਜੀ ਦੇ ਨੇੜੇ
-ਸ਼ਿਵਾਜੀ ਨਗਰ ਵਿਚ ਵੈਸ਼ਨੋ ਧਾਮ ਮੰਦਰ ਦੇ ਨੇੜੇ
-ਦੀਪ ਨਗਰ ਦੀ ਬੈਕਸਾਈਡ
-ਕਾਲਾ ਸੰਘਿਆਂ ਰੋਡ ਨਹਿਰ ਦੇ ਨੇੜੇ
-ਰਾਮਨਗਰ ਬੜਿੰਗ
-ਸੁਭਾਨਾ
-ਇੰਡੀਅਨ ਆਇਲ ਦੇ ਨੇੜੇ
-ਧਾਲੀਵਾਲ ਕਾਦੀਆਂ
-ਕੈਂਟ ਦੇ ਨਾਲ ਲੱਗਦੇ ਬੜਿੰਗ ਵਿਚ
-ਸ਼ੇਖੇ ਓਵਰਬ੍ਰਿਜ ਦੇ ਨੇੜੇ
-ਰਤਨ ਨਗਰ ਕਬੀਰ ਮੰਦਰ ਨੇੜੇ ਮੰਡ ਪੈਲੇਸ ਵਿਚ
-ਨੰਦਨਪੁਰ ਪਿੰਡ ਦੇ ਅੰਦਰ
-ਪਠਾਨਕੋਟ ਚੌਕ ਤੋਂ ਅੰਮ੍ਰਿਤਸਰ ਰੋਡ ’ਤੇ ਸੰਤ ਬਰਾਸ ਦੇ ਸਾਹਮਣੇ
-ਰਾਜ ਨਗਰ ਕਬੀਰ ਐਵੇਨਿਊ
-ਕਾਲੀਆ ਕਾਲੋਨੀ ਫੇਜ਼-2 ਪਾਰਕਵੁੱਡ ਸ਼ਾਪ
-ਟਰਾਂਸਪੋਰਟ ਨਗਰ ਤੋਂ ਬੁਲੰਦਪੁਰ ਰੋਡ ’ਤੇ

ਇਹ ਵੀ ਪੜ੍ਹੋ- ਅਸ਼ਲੀਲ ਫ਼ਿਲਮਾਂ ਵੇਖਣੀਆਂ ਨੌਜਵਾਨ ਨੂੰ ਪਈਆਂ ਮਹਿੰਗੀਆਂ, ਆਨਲਾਈਨ ਮਿਲੇ ਨੰਬਰ ਨੇ ਫਸਾਇਆ ਕਸੂਤਾ, ਫਿਰ ਹੋਟਲ ’ਚ ਹੋਇਆ...

ਅਦਾਲਤ ਨਿਗਮ ਅਧਿਕਾਰੀਆਂ ’ਤੇ ਵੀ ਐਕਸ਼ਨ ਲਵੇ
ਪਿਛਲੇ ਸਮੇਂ ਦੌਰਾਨ ਸ਼ਹਿਰ ਵਿਚ ਗੈਰ-ਕਾਨੂੰਨੀ ਢੰਗ ਨਾਲ ਸੈਂਕੜੇ ਕਾਲੋਨੀਆਂ ਕੱਟੇ ਜਾਣ ਬਾਰੇ ਅਖਬਾਰਾਂ ਵਿਚ ਲਗਾਤਾਰ ਖਬਰਾਂ ਛਪਦੀਆਂ ਰਹੀਆਂ ਪਰ ਪਰ ਨਿਗਮ ਅਧਿਕਾਰੀਆਂ ਨੇ ਕੋਈ ਐਕਸ਼ਨ ਨਹੀਂ ਲਿਆ ਅਤੇ ਸਿਰਫ ਕੁਝ ਮਾਮਲਿਆਂ ਵਿਚ ਨੋਟਿਸ ਕੱਢਣ ਦੀ ਖਾਨਾਪੂਰਤੀ ਕੀਤੀ। ਹੁਣ ਮੰਗ ਉੱਠ ਰਹੀ ਹੈ ਕਿ ਜੇਕਰ ਗੈਰ-ਕਾਨੂੰਨੀ ਕਾਲੋਨੀਆਂ ਕੱਟਣ ਵਾਲੇ ਕਾਲੋਨਾਈਜ਼ਰਾਂ ’ਤੇ ਅਦਾਲਤ ਦਾ ਕੋਈ ਡੰਡਾ ਚੱਲਦਾ ਹੈ ਤਾਂ ਉਨ੍ਹਾਂ ਸਬੰਧਤ ਨਿਗਮ ਅਧਿਕਾਰੀਆਂ ’ਤੇ ਵੀ ਕੇਸ ਦਰਜ ਹੋਣੇ ਚਾਹੀਦੇ ਹਨ, ਜਿਨ੍ਹਾਂ ਦੇ ਕਾਰਜਕਾਲ ਵਿਚ ਇਹ ਗੈਰ-ਕਾਨੂੰਨੀ ਕਾਲੋਨੀਆਂ ਕੱਟੀਆਂ ਗਈਆਂ। ਅਜਿਹੇ ਸਖ਼ਤ ਐਕਸ਼ਨ ਤੋਂ ਬਾਅਦ ਹੀ ਗੈਰ-ਕਾਨੂੰਨੀ ਕਾਲੋਨੀਆਂ ਦਾ ਧੰਦਾ ਰੁਕ ਸਕੇਗਾ।

ਅੱਜ ਵੀ ਕਈ ਥਾਵਾਂ ’ਤੇ ਕੱਟੀਆਂ ਜਾ ਰਹੀਆਂ ਗੈਰ-ਕਾਨੂੰਨੀ ਕਾਲੋਨੀਆਂ
ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੀ ਸੈਟਿੰਗ ਕਾਰਨ ਅੱਜ ਵੀ ਸ਼ਹਿਰ ਵਿਚ ਕਈ ਥਾਵਾਂ ’ਤੇ ਗੈਰ-ਕਾਨੂੰਨੀ ਕਾਲੋਨੀਆਂ ਕੱਟੀਆਂ ਜਾ ਰਹੀਆਂ ਹਨ, ਜਿਨ੍ਹਾਂ ’ਤੇ ਨਿਗਮ ਕੋਈ ਕਾਰਵਾਈ ਨਹੀਂ ਕਰ ਰਿਹਾ। ਢਿੱਲਵਾਂ ਰੋਡ, ਖਾਂਬਰਾ, ਅਲੀਪੁਰ, ਦੀਪ ਨਗਰ ਰੋਡ ਦੇ ਆਲੇ-ਦੁਆਲੇ, ਸੰਗਲ ਸੋਹਲ, ਬੁਲੰਦਪੁਰ, ਮਿੱਠਾਪੁਰ, ਰਣਵੀਰ ਪ੍ਰਾਈਮ ਹੋਟਲ ਦੇ ਬਿਲਕੁਲ ਪਿੱਛੇ ਅਤੇ ਹੋਰ ਕਈ ਥਾਵਾਂ ’ਤੇ ਗੈਰ-ਕਾਨੂੰਨੀ ਕਾਲੋਨੀਆਂ ਦਾ ਕੰਮ ਅਜੇ ਵੀ ਜਾਰੀ ਹੈ। ਇਸ ਸਬੰਧੀ ਨਿਗਮ ਨੂੰ ਲਿਖਤੀ ਸ਼ਿਕਾਇਤਾਂ ਵੀ ਮਿਲ ਚੁੱਕੀਆਂ ਹਨ ਪਰ ਫਿਰ ਵੀ ਕੋਈ ਅਧਿਕਾਰੀ ਉਥੇ ਜਾ ਕੇ ਕੰਮ ਬੰਦ ਨਹੀਂ ਕਰਵਾ ਰਿਹਾ। ਢਿੱਲਵਾਂ ਰੋਡ ’ਤੇ ਕੱਟੀ ਜਾ ਰਹੀ ਕਾਲੋਨੀ ਸਬੰਧੀ ਦੋ ਨਿਗਮ ਅਧਿਕਾਰੀਆਂ ਨੂੰ ਸ਼ੋਅਕਾਜ਼ ਨੋਟਿਸ ਤਕ ਜਾਰੀ ਕੀਤਾ ਗਿਆ ਪਰ ਕਾਲੋਨੀ ਦਾ ਕੰਮ ਅੱਜ ਵੀ ਜਾਰੀ ਹੈ। ਹੁਣ ਦੇਖਣਾ ਹੈ ਕਿ ਜਲੰਧਰ ਨਿਗਮ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਕੀ ਸਟੇਟਸ ਰਿਪੋਰਟ ਪੇਸ਼ ਕਰਦਾ ਹੈ।

ਇਹ ਵੀ ਪੜ੍ਹੋ- ਰੇਲਵੇ ਨੇ ਜਾਰੀ ਕੀਤੀ ਨਵੀਂ ਸੂਚੀ: 13 ਤਕ ਰੱਦ ਰਹਿਣਗੀਆਂ ਕਟੜਾ, ਹਰਿਦੁਆਰ ਅਤੇ ਦਿੱਲੀ ਦੀਆਂ ਇਹ ਟਰੇਨਾਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News