ਮਨਰੇਗਾ ਸ਼ਿਕਾਇਤਕਰਤਾ ਤੇ ਪੰਚਾਇਤ ਵੱਲੋਂ ਏਡੀਸੀ ਫ਼ਾਜ਼ਿਲਕਾ ’ਤੇ ਬਦਸਲੂਕੀ ਦੇ ਦੋਸ਼
Sunday, Jan 04, 2026 - 09:32 PM (IST)
ਜਲਾਲਾਬਾਦ (ਆਦਰਸ਼, ਜਤਿੰਦਰ) - ਜਲਾਲਾਬਾਦ ਦੇ ਪਿੰਡ ਝੁੱਗੇ ਫੰਗੀਆ ਦੇ ਵਾਸੀ ਬਿੰਦਰ ਸਿੰਘ ਵੱਲੋਂ ਪਿੰਡ ਦੇ ਸਾਬਕਾ ਸਰਪੰਚ ਸੁਭਾਸ਼ ਸਿੰਘ ਤੇ ਉਸ ਦੀ ਪਤਨੀ ਵੱਲੋਂ ਮਨਰੇਗਾ ਦੇ ਪੈਸੇ ਕਢਵਾਉਣ ਦੇ ਦੋਸ਼ਾਂ ਨੂੰ ਲੈ ਕੇ ਕਾਰਵਾਈ ਦੀ ਮੰਗ ਨੂੰ ਲੈ ਜ਼ਿਲ੍ਹਾ ਫ਼ਾਜ਼ਿਲਕਾ ਦੇ ਏ.ਡੀ.ਸੀ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ। ਮਨਰੇਗਾ ਮਾਮਲੇ ਦੇ ਸ਼ਿਕਾਇਤਕਰਤਾ ਬਿੰਦਰ ਸਿੰਘ ਪੁੱਤਰ ਨਿਹਾਲ ਸਿੰਘ ਵਾਸੀ ਝੁੱਗੇ ਫੰਗੀਆ ਨੇ ਮੀਡੀਆ ਨੂੰ ਦਿੱਤੇ ਬਿਆਨਾਂ ਹਲਫੀਆ ਸਣੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦਿੱਤੀਆਂ ਲਿਖਤੀ ਸ਼ਿਕਾਇਤ ’ਚ ਕਥਿਤ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਉਸ ਦੇ ਵੱਲੋਂ ਪਿੰਡ ਦੇ ਸਾਬਕਾ ਸਰਪੰਚ ਸੁਭਾਸ਼ ਸਿੰਘ ਤੇ ਉਸ ਦੀ ਪਤਨੀ ਵੱਲੋਂ ਮਨਰੇਗਾ ਦੇ ਪੈਸੇ ਦੀ ਠੱਗੀ ਮਾਰਨ ਸਬੰਧੀ ਇੱਕ ਸ਼ਿਕਾਇਤ ਰਜਿ. ਨੰਬਰ 1902 ਮਿਤੀ 22/05/2025 ਏ.ਡੀ.ਸੀ ਫ਼ਾਜ਼ਿਲਕਾ ਨੂੰ ਦਿੱਤੀ ਗਈ।
ਸ਼ਿਕਾਇਤਕਰਤਾ ਦੇ ਬਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਦੇ ਸਬੰਧੀ ’ਚ ਉਨ੍ਹਾਂ ਨੂੰ ਦਫ਼ਤਰ ਏ.ਡੀ.ਸੀ ਫ਼ਾਜ਼ਿਲਕਾ ਵੱਲੋਂ 2ਜਨਵਰੀ ਨੂੰ ਦਫ਼ਤਰ ਬੁਲਾਇਆ ਗਿਆ ਸੀ ਤੇ ਜਿਸਤੇ ਉਹ ਪਿੰਡ ਦੀ ਪੰਚਾਇਤ ਦੇ ਨਾਲ ਦਫ਼ਤਰ ਪੁੱਜੇ ਜਿਥੇ ਕਿ ਉਨ੍ਹਾਂ ਵੱਲੋਂ ਪੰਚਾਇਤ ਸਮੇਤ ਠੱਗੀ ਮਾਰਨ ਵਾਲੇ ਵਿਅਕਤੀਆਂ ਦੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਤਾਂ ਏ.ਡੀ.ਸੀ ਫ਼ਾਜ਼ਿਲਕਾ ਨੇ ਉਨ੍ਹਾਂ ਦੀ ਗੱਲ ਸੁਣਨ ਦੀ ਬਿਜਾਏ ਗੁੱਸੇ ’ਚ ਆ ਗਏ ਅਤੇ ਮੇਰੇ ਨਾਲ ਮੌਜੂਦ ਪੰਚਾਇਤ ਨੂੰ ਉਨ੍ਹਾ ਦੇ ਕਹਿਣ ਤੇ ਸਟਾਫ ਵੱਲੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ ਅਤੇ ਬਦਸਲੂਕੀ ਕੀਤੀ ਗਈ।
ਸ਼ਿਕਾਇਤਕਰਤਾ ਬਿੰਦਰ ਸਿੰਘ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੇਰੇ ਵੱਲੋਂ ਦਿੱਤੀ ਸ਼ਿਕਾਇਤ ਦੀ ਪੜਤਾਲ ’ਚ ਮੈਨੂੰ ਕਾਫੀ ਗੇੜੇ ਮਰਵਾ ਕੇ ਦਰਖਾਸਤ ’ਤੇ ਕੋਈ ਕਾਰਵਾਈ ਨਹੀ ਕੀਤੀ ਗਈ ਜਿਸਤੋਂ ਸਾਫ ਲੱਗਦਾ ਹੈ ਕਿ ਏ.ਡੀ.ਸੀ ਫ਼ਾਜ਼ਿਲਕਾ ਨੇ ਵਿਰੋਧੀ ਧਿਰ ਨਾਲ ਮਿਲੀਭੁਗਤ ਕੀਤੀ ਹੈ। ਸ਼ਿਕਾਇਤਕਰਤਾ ਬਿੰਦਰ ਸਿੰਘ ਤੇ ਪਿੰਡ ਦੀ ਪੰਚਾਇਤ ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਪਾਸੋ ਮੰਗ ਕੀਤੀ ਹੈ ਕਿ ਮੇਰੇ ਸਮੇਤ ਪੰਚਾਇਤ ਨਾਲ ਬਦਲਸਲੂਕੀ ਕਰਨ ਵਾਲੇ ਅਧਿਕਾਰੀ ’ਤੇ ਕਾਰਵਾਈ ’ਚ ਅਣਗਹਿਲੀ ਕਰਨ ਵਾਲੇ ਅਧਿਕਾਰੀ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਮੈਨੂੰ ਇੰਨਸਾਫ ਦੁਵਾਇਆ ਜਾਵੇਗਾ।
ਇਸ ਮਾਮਲੇ ਨੂੰ ਜ਼ਿਲ੍ਹਾ ਫ਼ਾਜ਼ਿਲਕਾ ਦੇ ਏ.ਡੀ.ਸੀ ਨਾਲ ਗੱਲਬਾਤ ਕੀਤੀ ਗਈ ਉਨ੍ਹਾਂ ਨੇ ਕਿਹਾ ਕਿਸੇ ਮਲਾਜ਼ਮ ਵੱਲੋਂ ਗਲਤੀ ਨਾਲ ਸਰਪੰਚ ਦੇ ਖਾਤੇ ’ਚ ਪੈਸੇ ਪਾਏ ਗਏ ਹਨ ਸਾਬਕਾ ਸਰਪੰਚ ਪੰਚਾਇਤ ’ਚ ਬੈਠ ਕੇ ਪੈਸੇ ਦੇਣਾ ਚਾਹੁੰਦਾ ਹੈ ਪਰ ਸ਼ਿਕਾਇਤਕਰਤਾ ਬਿੰਦਰ ਸਿੰਘ ਪੈਸੇ ਨਹੀ ਲੈ ਰਿਹਾ ਹੈ। ਏ.ਡੀ.ਸੀ ਫਾਜ਼ਿਲਕਾ ਨੇ ਬਿੰਦਰ ਸਿੰਘ ਤੇ ਪੰਚਾਇਤ ਵੱਲੋਂ ਲਗਾਏ ਗਏ ਦੋਸ਼ਾਂ ਬੇਬੁਨਿਆਦ ਦੱਸਿਆ।
