ਵਪਾਰੀ ਨਾਲ 17.43 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਪਤੀ-ਪਤਨੀ ਖਿਲਾਫ ਮਾਮਲਾ ਦਰਜ

Friday, Jul 26, 2024 - 03:50 PM (IST)

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ) : ਕਾਨਪੁਰ ਦੇ ਇਕ ਵਪਾਰੀ ਤੋਂ 17.43 ਲੱਖ ਰੁਪਏ ਦੇ ਤਿਲਾਂ ਦੀ ਡਿਲਵਰੀ ਲੈਣ ਅਤੇ ਰਕਮ ਦੇਣ ਤੋਂ ਇਨਕਾਰ ਕਰਨ ਦੇ ਦੋਸ਼ ’ਚ ਪੁਲਸ ਨੇ ਪਤੀ-ਪਤਨੀ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਦੀਪਾਂਸ਼ ਮਧਿਆਣ ਪੁੱਤਰ ਤਾਰਾ ਚੰਦ ਮਧਿਆਣ ਵਾਸੀ ਕਾਨਪੁਰ (ਉੱਤਰ ਪ੍ਰਦੇਸ਼) ਨੇ ਦੱਸਿਆ ਕਿ ਉਸਦੀ ਕਾਨਪੁਰ ਵਿਚ ਕੀਰਤੀ ਉਦਯੋਗ ਨਾਮ ਦੀ ਫਰਮ ਹੈ ਅਤੇ ਉਹ ਤਿਲਾਂ ਦਾ ਵਪਾਰ ਕਰਦਾ ਹੈ। ਉਸਨੇ ਦੱਸਿਆ ਕਿ ਉਸਨੇ ਨਵਾਂਸ਼ਹਿਰ ਵਾਸੀ ਪੁਨੀਤ ਮੁਰਗਈ ਅਤੇ ਉਸਦੀ ਪਤਨੀ ਨਾਲ ਤਿਲਾਂ ਦੀ ਡਿਲਵਰੀ ਸਬੰਧੀ ਗੱਲਬਾਤ ਕੀਤੀ ਸੀ ਅਤੇ ਉਨ੍ਹਾਂ ਵੱਲੋਂ 10 ਹਜ਼ਾਰ 20 ਕਿਲੋ ਤਿਲਾਂ ਦੀ ਮੰਗ ਕੀਤੀ ਗਈ ਸੀ, ਜਿਸਦੀ ਕੀਮਤ 17,43,480 ਰੁਪਏ ਸੀ, ਜਿਸ ਲਈ ਉਸਨੇ ਪਹਿਲਾਂ ਉਕਤ ਜੋੜੇ ਨੂੰ ਰਕਮ ਦਾ ਭੁਗਤਾਨ ਕਰਨ ਲਈ ਕਿਹਾ।

ਉਨ੍ਹਾਂ ਕਿਹਾ ਸੀ ਕਿ ਉਹ ਤਿਲਾਂ ਦੀ ਬਣਦੀ ਰਕਮ ਭੇਜ ਰਹੇ ਹਨ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਨੇ ਇਹ ਰਕਮ ਕਿਸੇ ਹੋਰ ਵਪਾਰੀ ਤੋਂ ਪ੍ਰਾਪਤ ਕੀਤੀ ਸੀ ਅਤੇ ਉਸਨੇ ਉਕਤ ਰਕਮ ਨਵਾਂਸ਼ਹਿਰ ਦੇ ਕਿਸੇ ਵਪਾਰੀ ਤੋਂ ਆਈ ਹੈ ਅਤੇ ਮੰਗ ਅਨੁਸਾਰ 20 ਜੂਨ ਨੂੰ ਟਰੱਕ ਵਿਚ ਤਿਲ ਲੱਦ ਕੇ ਭੇਜ ਦਿੱਤਾ ਸੀ ਪਰ ਬੈਂਕ ਖਾਤੇ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਨਵਾਂਸ਼ਹਿਰ ਦੇ ਉਕਤ ਵਪਾਰੀ ਨੇ ਰਕਮ ਨਹੀਂ ਭੇਜੀ ਸੀ ਜਿਸ ਤੋਂ ਬਾਅਦ ਉਸਨੇ ਉਕਤ ਵਿਅਕਤੀਆਂ ਨਾਲ ਗੱਲ ਕੀਤੀ, ਜਿਨ੍ਹਾਂ ਨੇ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਇਸ ਤੋਂ ਬਾਅਦ ਉਸਨੂੰ ਧਮਕੀਆਂ ਵੀ ਦਿੱਤੀਆਂ।

ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਉਸਦੇ ਪੈਸੇ ਦਿਵਾਉਣ ਅਤੇ ਮੁਲਜ਼ਮਾਂ ਖ਼ਿਲਾਫ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਡੀ.ਐੱਸ.ਪੀ. ਪੱਧਰ ਦੇ ਅਧਿਕਾਰੀ ਵੱਲੋਂ ਉਕਤ ਸ਼ਿਕਾਇਤ ਦੀ ਪੜਤਾਲ ਉਪਰੰਤ ਨਤੀਜਾ ਰਿਪੋਰਟ ਦੇ ਆਧਾਰ ’ਤੇ ਪੁਨੀਤ ਮੁਰਗਈ ਪੁੱਤਰ ਚੰਦਰ ਮੁਰਗਈ ਅਤੇ ਉਸਦੀ ਪਤਨੀ ਸ਼ਿਵਾਨੀ ਮੁਰਗਈ ਖਿਲਾਫ ਧਾਰਾ 420,506 ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News