3 ਸਾਲ ਬੀਤਣ ’ਤੇ ਵੀ ਨਹੀਂ ਦਿੱਤੇ ਮਰਸੀਡੀਜ਼ ਦੇ ਅਸਲੀ ਦਸਤਾਵੇਜ਼, ਦਿੱਲੀ ਦਾ ਕਾਰ ਬਾਜ਼ਾਰ ਮਾਲਕ ਗ੍ਰਿਫਤਾਰ

08/28/2018 6:50:32 AM

ਜਲੰਧਰ,    (ਵਰੁਣ)—  ਤਿੰਨ ਸਾਲ ਬੀਤਣ ’ਤੇ ਵੀ ਐੱਨ. ਆਰ. ਆਈ.  ਨੂੰ ਮਰਸੀਡੀਜ਼ ਗੱਡੀ ਦੇ  ਅਸਲ ਦਸਤਾਵੇਜ਼ ਨਾ ਦੇਣ ਦੇ ਮਾਮਲੇ ’ਚ ਥਾਣਾ  ਨੰ.  6 ਦੀ ਪੁਲਸ ਨੇ ਦਿੱਲੀ ’ਚ ਰੇਡ ਕਰ ਕੇ  ਫਾਰਨਰ ਟ੍ਰੈਵਲ ਟੈਕਸੀ ਦੇ ਮਾਲਕ ਨੂੰ ਗ੍ਰਿਫਤਾਰ ਕੀਤਾ ਹੈ। 
ਗ੍ਰਿਫਤਾਰ ਹੋਏ ਮੁਲਜ਼ਮ ਦਾ  ਇਕ ਸਾਥੀ ਮੌਕੇ ਤੋਂ ਫਰਾਰ ਹੋ ਗਿਆ, ਜਦਕਿ ਪੁਲਸ ਨੇ ਦਿੱਲੀ ਤੋਂ ਲਿਆਂਦੇ ਮੁਲਜ਼ਮ ਨੂੰ  ਕੋਰਟ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ ਹੈ। ਇਸ ਚੱਕਰ ’ਚ ਐੱਨ. ਆਰ. ਆਈ. ਨੂੰ 3 ਸਾਲ ’ਚ ਕਰੀਬ 7 ਵਾਰ ਯੂ. ਐੱਸ. ਜਾਣ ਦੀ ਟਿਕਟ ਵੀ ਕੈਂਸਲ ਕਰਵਾਉਣੀ ਪਈ। 
ਐੱਨ. ਆਰ.  ਆਈ. ਰੁਪਿੰਦਰ ਸਿੰਘ ਪੁੱਤਰ ਗੋਬਿੰਦ ਸਿੰਘ ਵਾਸੀ ਮਾਡਲ ਟਾਊਨ ਨੇ ਦੱਸਿਆ ਕਿ ਉਨ੍ਹਾਂ  ਦਾ ਸਾਰਾ ਪਰਿਵਾਰ ਯੂ. ਐੱਸ. ’ਚ ਰਹਿੰਦਾ ਹੈ। ਕੁਝ ਸਮੇਂ ਤੋਂ ਉਹ ਇੰਡੀਆ ’ਚ ਹੈ ਤੇ ਕਾਰ  ਸੇਲ-ਪਰਚੇਜ਼ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮਈ 2015 ’ਚ ਉਨ੍ਹਾਂ ਦਿੱਲੀ ਦੇ  ਨਿਊ ਮੋਤੀ ਬਾਗ ਦੇ ਸ਼ਾਂਤੀ ਪੱਥ  ਸਥਿਤ ਫਾਰਨਰ ਟ੍ਰੈਵਲਸ ਟੈਕਸੀ ਦੇ ਮਾਲਕ ਰੋਹਤਾਸ਼  ਜਾਖੜ ਤੇ ਗੁਰਵਿੰਦਰ ਸਿੰਘ ਉਰਫ ਸੋਨੀ ਗਿੱਲ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਕੋਲ  ਮਰਸੀਡੀਜ਼ ਐੱਸ ਕਲਾਸ ਖੜ੍ਹੀ ਸੀ। ਉਨ੍ਹਾਂ ਮਰਸੀਡੀਜ਼ ਦਾ 20 ਲੱਖ ’ਚ ਸੌਦਾ ਕੀਤਾ। 1 ਲੱਖ ਰੁਪਏ  ਉਨ੍ਹਾਂ ਨੇ ਮਾਲਕ ਦੇ ਖਾਤੇ ’ਚ ਟਰਾਂਸਫਰ ਕਰ ਦਿੱਤੇ ਜਦਕਿ 19 ਲੱਖ ਰੁਪਏ 21 ਮਈ 2015 ਨੂੰ  ਰੋਹਤਾਸ਼ ਜਾਖੜ ਤੇ ਸੋਨੀ ਗਿੱਲ ਉਨ੍ਹਾਂ ਦੇ ਘਰੋਂ ਆ ਕੇ ਲੈ ਗਏ। ਰੁਪਿੰਦਰ ਸਿੰਘ ਨੇ  ਕਿਹਾ ਕਿ ਸੌਦਾ ਕਰਨ ਸਮੇਂ ਇਕ ਮਹੀਨੇ ਅੰਦਰ ਉਨ੍ਹਾਂ ਨੇ ਅਸਲ  ਦਸਤਾਵੇਜ਼ ਦੇਣ ਦੀ ਗੱਲ ਕਹੀ ਸੀ ਤੇ ਰਿਪੇਅਰ ਦਾ ਖਰਚਾ ਦੇਣ ਲਈ ਕਿਹਾ ਸੀ। ਕਾਫੀ ਸਮਾਂ  ਬੀਤਣ ਤੋਂ ਬਾਅਦ ਵੀ ਅਸਲ ਦਸਤਾਵੇਜ਼ ਨਹੀਂ ਮਿਲੇ ਤੇ ਵਾਰ-ਵਾਰ ਕਹਿਣ ’ਤੇ  ਆਖਰਕਾਰ ਦੋਵਾਂ ਨੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਗੱਡੀ ਮੁੰਬਈ ਦੀ ਇਕ ਕੰਪਨੀ ਦੇ  ਨਾਂ ਬੋਲਦੀ ਹੈ ਤੇ ਉਸ ਨੂੰ ਇਕ ਵਾਰ ਵੀ ਗੱਡੀ ਦੇ ਅਸਲ ਮਾਲਕ ਨਾਲ ਨਹੀਂ ਮਿਲਾਇਆ ਗਿਆ।  ਅਸਲ ਦਸਤਾਵੇਜ਼ ਨਾ ਹੋਣ ਕਾਰਨ 3 ਸਾਲ ’ਚ ਇਕ ਵਾਰ ਵੀ ਰੁਪਿੰਦਰ ਸਿੰਘ ਨੇ ਗੱਡੀ ਨਹੀਂ  ਚਲਾਈ ਤੇ ਖੜ੍ਹੀ-ਖੜ੍ਹੀ ਕਬਾੜ ਦਾ ਰੂਪ ਧਾਰਨ ਕਰਨ ਲੱਗੀ। ਰੁਪਿੰਦਰ ਨੇ ਕਿਹਾ ਕਿ ਰਿਪੇਅਰ ’ਤੇ ਵੀ ਉਹ ਕਾਫੀ ਪੈਸੇ ਖਰਚ ਕਰ ਚੁੱਕੇ ਹਨ। ਜਦ ਉਸ ਨੇ ਡੀਲ ਕੈਂਸਲ ਕਰਨ ਦੀ ਗੱਲ ਕਹੀ  ਤਾਂ ਰੋਹਤਾਸ਼ ਤੇ ਸੋਨੀ ਗਿੱਲ ਉਸ ਨੂੰ ਧਮਕਾਉਣ ਲੱਗੇ। ਰੁਪਿੰਦਰ ਨੇ ਸਾਰੇ ਮਾਮਲੇ ਦੀ  ਸ਼ਿਕਾਇਤ ਡੀ. ਸੀ. ਪੀ. ਨੂੰ ਦਿੱਤੀ। ਜਾਂਚ ਦੌਰਾਨ ਪੁਲਸ ਉਨ੍ਹਾਂ ਦੋਵਾਂ ਨੂੰ ਜਾਂਚ ’ਚ  ਸ਼ਾਮਲ ਹੋਣ ਲਈ ਬੁਲਾਇਆ ਪਰ ਤਿੰਨੋ ਵਾਰ ਨਾ ਆਉਣ ਤੋਂ ਬਾਅਦ ਥਾਣਾ  ਨੰ. 6 ’ਚ ਰੋਹਤਾਸ਼ ਤੇ ਸੋਨੀ  ਗਿੱਲ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਐਤਵਾਰ ਨੂੰ ਪੁਲਸ ਨੇ ਦਿੱਲੀ ’ਚ ਰੇਡ ਕਰ ਕੇ ਸੋਨੀ ਗਿੱਲ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਰੋਹਤਾਸ਼  ਘਰੋਂ ਫਰਾਰ ਸੀ। ਪੁਲਸ ਨੇ ਜਲੰਧਰ ਲਿਆ ਕੇ ਸੋਨੀ ਗਿੱਲ ਨੂੰ ਕੋਰਟ ’ਚ ਪੇਸ਼ ਕਰ ਕੇ  ਰਿਮਾਂਡ ’ਤੇ ਲੈ ਲਿਆ ਹੈ। ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ। ਰੁਪਿੰਦਰ ਸਿੰਘ ਨੇ ਦੱਸਿਆ  ਕਿ ਅਜੇ ਵੀ ਇਨ੍ਹਾਂ ਲੋਕਾਂ ਦਾ ਸਾਥੀ ਜੋ ਧੂਰੀ ਰਹਿੰਦਾ ਹੈ,  ਉਸ ਨੂੰ ਧਮਕਾ ਰਿਹਾ ਹੈ।  ਕੇਸ ਵਾਪਸ ਲੈਣ ਲਈ ਉਕਤ ਵਿਅਕਤੀ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਰਿਹਾ ਹੈ। 
 


Related News