ਨੀਰਜ ਚੋਪੜਾ ਨੇ 3 ਸਾਲ ’ਚ ਪਹਿਲੇ ਘਰੇਲੂ ਟੂਰਨਾਮੈਂਟ ’ਚ ਜਿੱਤਿਆ ਸੋਨ ਤਮਗਾ

05/16/2024 10:42:11 AM

ਭੁਵਨੇਸ਼ਵਰ- ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ 3 ਸਾਲ ਵਿਚ ਪਹਿਲੇ ਘਰੇਲੂ ਟੂਰਨਾਮੈਂਟ ਵਿਚ ਹਿੱਸਾ ਲੈਂਦੇ ਹੋਏ ਇੱਥੇ ਫੈੱਡਰੇਸ਼ਨ ਕੱਪ ਦੀ ਪੁਰਸ਼ਾਂ ਦੀ ਜੈਵਲਿਨ ਥ੍ਰੋਅ ਪ੍ਰਤੀਯੋਗਿਤਾ ਵਿਚ ਹੌਲੀ ਸ਼ੁਰੂਆਤ ਤੋਂ ਬਾਅਦ ਸੋਨ ਤਮਗਾ ਜਿੱਤਿਆ। ਟੋਕੀਓ ਓਲੰਪਿਕ ਵਿਚ ਸੋਨ ਤਮਗਾ ਜਿੱਤਣ ਤੋਂ ਬਾਅਦ ਪਹਿਲੀ ਵਾਰ ਘਰੇਲੂ ਪ੍ਰਤੀਯੋਗਿਤਾਵਾਂ ਵਿਚ ਹਿੱਸਾ ਲੈ ਰਹੇ 26 ਸਾਲ ਦੇ ਸੁਪਰ ਸਟਾਰ ਨੂੰ ਸ਼ੁਰੂ ਵਿਚ ਥੋੜ੍ਹੀ ਪ੍ਰੇਸ਼ਾਨੀ ਹੋਈ, ਜਿਸ ਨਾਲ ਉਹ ਤਿੰਨ ਰਾਊਂਡਾਂ ਤੋਂ ਬਾਅਦ ਦੂਜੇ ਸਥਾਨ ’ਤੇ ਚੱਲ ਰਿਹਾ ਸੀ। ਚੌਥੇ ਰਾਊਂਡ ਵਿਚ ਉਸ ਨੇ 82.27 ਮੀਟਰ ਦੀ ਕੋਸ਼ਿਸ਼ ਨਾਲ ਬੜ੍ਹਤ ਹਾਸਲ ਕੀਤੀ ਤੇ ਉਸ ਨੇ ਆਖਰੀ ਰਾਊਂਡ ਵਿਚ ਜੈਵਲਿਨ ਨਹੀਂ ਸੁੱਟੀ ਕਿਉਂਕਿ ਚਾਂਦੀ ਤਮਗਾ ਜੇਤੂ ਡੀ. ਪੀ. ਮਨੂ ਆਪਣੀ ਆਖਰੀ ਥ੍ਰੋਅ ਕਰ ਚੁੱਕਾ ਸੀ। ਚੋਪੜਾ ਨੇ ਆਖਰੀ ਵਾਰ 17 ਮਾਰਚ 2021 ਵਿਚ ਇਸੇ ਟੂਰਨਾਮੈਂਟ ਵਿਚ ਹਿੱਸਾ ਲਿਆ ਸੀ, ਜਿਸ ਵਿਚ ਉਸ ਨੇ 87.80 ਮੀਟਰ ਦੀ ਥ੍ਰੋਅ ਨਾਲ ਸੋਨ ਤਮਗਾ ਜਿੱਤਿਆ ਸੀ। ਇਸ ਤੋਂ ਬਾਅਦ ਉਸ ਨੇ ਟੋਕੀਓ ਓਲੰਪਿਕ ਵਿਚ ਇਤਿਹਾਸਕ ਸੋਨਾ ਜਿੱਤਿਆ। ਫਿਰ 2022 ਵਿਚ ਡਾਇਮੰਡ ਲੀਗ ਚੈਂਪੀਅਨ ਤੇ 2023 ਵਿਚ ਵਿਸ਼ਵ ਚੈਂਪੀਅਨ ਬਣਿਆ। ਉਸ ਨੇ ਨਾਲ ਹੀ ਚੀਨ ਵਿਚ ਏਸ਼ੀਆਈ ਖੇਡਾਂ ਦਾ ਸੋਨ ਤਮਗਾ ਬਰਕਰਾਰ ਰੱਖਿਆ। ਚੋਪੜਾ ਨੇ ਇਸ ਤੋਂ ਇਲਾਵਾ ਡਾਇਮੰਡ ਲੀਗ ਦੇ ਤਿੰਨ ਗੇੜ ਵੀ ਜਿੱਤੇ ਤੇ 2022 ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਤਮਗਾ ਹਾਸਲ ਕੀਤਾ।


Aarti dhillon

Content Editor

Related News