ਕਿਸਾਨ ਅੰਦੋਲਨ : ਤੂੰ ਕੀ ਜਾਣੇ ਦਿੱਲੀਏ, ਅਸੀਂ ਖੇਤਾਂ ਦੇ ਪੁੱਤ ਬਾਦਸ਼ਾਹ!
Monday, Dec 07, 2020 - 01:19 PM (IST)
ਮਾਨਸਾ (ਜੱਸਲ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਅਤੇ ਕਿਸਾਨਾਂ ਦੀ ਚੱਲ ਰਹੀ ਖਿੱਚੋਤਾਣ ਦਰਮਿਆਨ ਰੇਲਵੇ ਪਾਰਕਿੰਗ ਨੇੜੇ ਚੱਲ ਰਹੇ ਕਿਸਾਨ ਜਥੇਬੰਦੀਆਂ ਦੇ ਧਰਨੇ ਦੇ 67ਵੇਂ ਦਿਨ ਕਿਸਾਨ ਆਗੂਆਂ ਨੇ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਦੀ ਜਿੱਤ ਲਈ ਇਕਜੁੱਟਤਾ ਨਾਲ ਡਟੇ ਰਹਿਣ ਦਾ ਸੱਦਾ ਦਿੱਤਾ। ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਪਿੰਡਾਂ 'ਚ ਕਿਸਾਨਾਂ ਦੇ ਜਥੇ ਹਰ ਰੋਜ਼ ਦਿੱਲੀ ਸੰਘਰਸ਼ ਵੱਲ ਕੂਚ ਕਰ ਰਹੇ ਹਨ। ਖੇਤਾਂ ਅਤੇ ਖੇਤੀ ਨੂੰ ਬਚਾਉਣ ਲਈ ਬਾਪੂ, ਤਾਏ, ਚਾਚੇ ਸਭ ਦਿੱਲੀ ਚੱਲੇ, ਘਰਾਂ ਨੂੰ ਸੁਆਣੀਆਂ ਨੇ ਸੰਭਾਲ ਲਿਆ ਹੈ। ਹੁਣ ਕਿਸਾਨਾਂ ਨੇ ਨੰਨੇ-ਮੁੰਨ੍ਹੇ ਬੱਚਿਆਂ ਨੂੰ ਹਿੱਕ ਥਾਪੜ ਕਿ ਕਹਿ ਦਿੱਤਾ ਕਿ ਅਸੀਂ ਵੀ ਖੇਤਾਂ ਦੇ ਜਾਏ ਹਾਂ। ਅਸੀਂ ਆਪਣੀਆਂ ਜ਼ਮੀਨਾਂ ਦੀ ਆਪ ਸੰਭਾਲ ਕਰਾਂਗੇ। ਮਾਨਸਾ ਜ਼ਿਲ੍ਹੇ ਦੇ ਇਕ ਪਿੰਡ 'ਚ ਇਕ ਕਿਸਾਨ ਦੇ ਪੜ੍ਹਨ ਦੀ ਉਮਰੇ ਛੋਟੇ ਬੱਚੇ ਹਰ ਰੋਜ਼ ਖੇਤਾਂ 'ਚ ਹਰਾ ਚਾਰਾ ਵੱਡਣ ਅਤੇ ਖੇਤੀ 'ਚ ਆਪਣੀਆਂ ਮਾਵਾਂ ਨਾਲ ਹੱਥ ਵਟਾਉਣ ਲੱਗੇ ਹਨ। ਉਹ ਕੇਂਦਰ ਸਰਕਾਰ ਨੂੰ ਸੰਦੇਸ਼ ਦੇ ਰਹੇ ਹਨ ਕਿ ਦਿੱਲੀਏ ਤੂੰ ਕੀ ਜਾਣੇ,ਅਸੀਂ ਖੇਤਾਂ ਦੇ ਪੁੱਤ ਬਾਦਸ਼ਾਹ!
ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ : ਮੋਗਾ 'ਚ ਫ਼ੌਜੀ ਜਵਾਨ ਨੇ ਨਾਬਾਲਗ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਅਟੱਲ
ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਗੋਰਾ ਸਿੰਘ ਭੈਣੀਬਾਘਾ, ਲਿਬਰੇਸ਼ਨ ਦੇ ਕੇਂਦਰੀ ਆਗੂ ਕਾ. ਰਾਜਵਿੰਦਰ ਸਿੰਘ ਰਾਣਾ, ਜਮਹੂਰੀ ਕਿਸਾਨ ਸਭਾ ਦੇ ਆਗੂ ਕਾ. ਛੱਜੂ ਰਾਮ ਰਿਸ਼ੀ,ਕਿਸਾਨ ਆਗੂ ਕਾ. ਕੁਲਵਿੰਦਰ ਸਿੰਘ ਉਡਤ, ਮੈਡੀਕਲ ਪ੍ਰੈਕਟੀਸ਼ਨਰ ਐਸੋ. ਦੇ ਸੂਬਾਈ ਪ੍ਰਧਾਨ ਡਾ. ਧੰਨਾ ਮੱਲ ਗੋਇਲ, ਕ੍ਰਾਂਤੀਕਾਰੀ ਕਿਸਾਨ ਸਭਾ ਦੇ ਭਜਨ ਸਿੰਘ ਘੁੰਮਣ, ਮਜ਼ਦੂਰ ਆਗੂ ਕਾ. ਗੁਰਮੀਤ ਸਿੰਘ ਨੰਦਗੜ੍ਹ ਨੇ ਕਿਹਾ ਕਿ ਇਸ ਵੇਲੇ ਦਿੱਲੀ ਕਿਸਾਨ ਸੰਘਰਸ਼ ਪੂਰੇ ਦੇਸ਼ ਦਾ ਸੰਘਰਸ਼ ਬਣ ਚੁੱਕਾ ਹੈ ਪਰ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਪੱਖ 'ਚ ਖੜ੍ਹ ਕੇ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਨਿਰਾਦਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵਲੋਂ ਕਾਲੇ ਕਾਨੂੰਨਾਂ ਦੇ ਵਿਰੋਧ 'ਚ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਅਟੱਲ ਹੈ।
ਇਹ ਵੀ ਪੜ੍ਹੋ : ਸੁਖਬੀਰ ਵਲੋਂ ਅਕਾਲੀਆਂ ਤੇ ਪੰਜਾਬੀਆਂ ਨੂੰ ਕਿਸਾਨ ਜਥੇਬੰਦੀਆਂ ਦੇ ਭਾਰਤ ਬੰਦ ਦੀ ਹਮਾਇਤ ਕਰਨ ਦੀ ਅਪੀਲ
ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਕਿਸਾਨਾਂ ਦੇ ਪ੍ਰਦਰਸ਼ਨ ਦਾ ਅੱਜ 12ਵਾਂ ਦਿਨ
ਇਥੇ ਦੱਸ ਦੇਈਏ ਕਿ ਕਿਸਾਨਾਂ ਦਾ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਜਾਰੀ ਹੈ। ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਕਿਸਾਨਾਂ ਦੇ ਪ੍ਰਦਰਸ਼ਨ ਦਾ ਅੱਜ 12ਵਾਂ ਦਿਨ ਹੈ। ਕਿਸਾਨ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ 'ਤੇ ਅੜੇ ਹੋਏ ਹਨ, ਜਿਸ ਲਈ 8 ਦਸੰਬਰ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ। ਭਾਰਤ ਬੰਦ ਤੋਂ ਪਹਿਲਾਂ ਕਿਸਾਨਾਂ ਦਾ ਲਗਾਤਾਰ ਪ੍ਰਦਰਸ਼ਨ ਜਾਰੀ ਹੈ। ਉੱਥੇ ਹੀ ਸਰਕਾਰ ਲਗਾਤਾਰ ਮੰਥਨ 'ਚ ਜੁੱਟੀ ਹੈ ਕਿ ਕਿਸਾਨ ਨੂੰ ਕਿਵੇਂ ਮਨਾਇਆ ਜਾਵੇ। ਕਿਸਾਨਾਂ ਨੂੰ ਹੁਣ ਸਿਆਸੀ ਦਲਾਂ, ਫਿਲਮੀ ਹਸਤੀਆਂ, ਕਲਾਕਾਰਾਂ ਸਮੇਤ ਸਮਾਜ ਦੇ ਵੱਖ-ਵੱਖ ਤਬਕਿਆਂ ਦਾ ਸਾਥ ਮਿਲ ਰਿਹਾ ਹੈ। ਸਿੰਘੂ ਸਰਹੱਦ 'ਤੇ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਡਟੇ ਹੋਏ ਹਨ। ਇਸ ਦੇ ਨਾਲ ਹੀ ਸਰਹੱਦ 'ਤੇ ਭਾਰੀ ਪੁਲਸ ਫ਼ੋਰਸ ਤਾਇਨਾਤ ਕੀਤੀ ਗਈ ਹੈ। ਕੜਾਕੇ ਦੀ ਠੰਡ 'ਚ ਕਿਸਾਨ ਦਿੱਲੀ ਦੀਆਂ ਸੜਕਾਂ 'ਤੇ ਡਟੇ ਹਨ। ਕੱਲ੍ਹ ਯਾਨੀ ਕਿ 8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਕਿਸਾਨਾਂ ਵਲੋਂ ਕੀਤਾ ਗਿਆ ਹੈ। ਕਈ ਸਿਆਸੀ ਦਲਾਂ, ਸਮਾਜਿਕ ਜਥੇਬੰਦੀਆਂ ਨੇ ਭਾਰਤ ਬੰਦ ਦੇ ਸਮਰਥਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਐਮਰਜੈਂਸੀ ਸਹੂਲਤਾਂ ਨੂੰ ਛੋਟ ਮਿਲੇਗੀ ਪਰ ਇਸ ਦੀ ਤਿਆਰੀ ਅੱਜ ਤੋਂ ਸ਼ੁਰੂ ਹੋ ਗਈ ਹੈ। ਸਿੰਘੂ ਸਰਹੱਦ 'ਤੇ ਲਗਾਤਾਰ ਕਿਸਾਨਾਂ ਦਾ ਇਕੱਠੇ ਹੋਣਾ ਜਾਰੀ ਹੈ।
ਨੋਟ— ਕਿਸਾਨੀ ਅੰਦੋਲਨ ਦੇ ਚੱਲਦਿਆਂ ਆਪਣੀਆਂ ਮਾਂ ਨਾਲ ਖੇਤਾਂ 'ਚ ਕੰਮ ਕਰਵਾ ਰਹੇ ਬੱਚਿਆਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ।