ਗੁਰਬਾਣੀ ਦੇ ਗਲਤ ਅਰਥਾਂ ਵਾਲੀ ਵੈੱਬਸਾਈਟ ਦਾ 'ਜਾਗੋ' ਨੇ ਕੀਤਾ ਖੁਲਾਸਾ

Wednesday, May 27, 2020 - 04:21 PM (IST)

ਜਲੰਧਰ (ਚਾਵਲਾ) : ਗੁਰਦੁਆਰਾ ਸੀਸਗੰਜ ਸਾਹਿਬ ਵਿਖੇ 17 ਅਪ੍ਰੈਲ 2020 ਨੂੰ ਲਿਖੇ ਗਏ ਹੁਕਮਨਾਮੇ ਦੇ ਗ਼ਲਤ ਅਰਥਾਂ ਦਾ ਸਰੋਤ ਅੱਜ 'ਜਾਗੋ' ਪਾਰਟੀ ਨੇ ਜਾਰੀ ਕੀਤਾ। ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਇਸ ਮਾਮਲੇ 'ਚ ਖੁਦ ਬੋਲਣ ਦੀ ਬਜਾਏ ਮੁੱਖ ਗ੍ਰੰਥੀ ਨੂੰ ਅੱਗੇ ਕਰਕੇ ਬੱਚ ਨਹੀਂ ਸਕਦੇ ਹਨ ਅਤੇ ਨਾਂ ਹੀ ਮੁੱਖ ਗ੍ਰੰਥੀ ਇੰਨੀ ਵੱਡੀ ਗਲਤੀ 'ਤੇ ਕਿਸੇ ਪ੍ਰੇਮੀ ਦੇ ਜ਼ਿੰਮੇਵਾਰ ਹੋਣ ਦਾ ਹਵਾਲਾ ਦੇ ਕੇ ਬਚ ਸਕਦੇ ਹਨ। ਕਮੇਟੀ ਇੰਨੀ ਵੱਡੀ ਬੇਅਦਬੀ ਦੇ ਸਰੋਤ ਨੂੰ ਲੁਕਾ ਰਹੀ ਹੈ ਪਰ ਅਸੀਂ ਪ੍ਰਗਟ ਕਰ ਰਹੇ ਹੈ। ਜੀ. ਕੇ. ਨੇ ਦੱਸਿਆ ਕਿ ਉਕਤ ਹੁਕਮਨਾਮੇ ਦੇ ਵੈੱਬਸਾਈਟ www sikhknowledge.org ਉੱਤੇ ਉਹੀ ਮਤਲਬ ਹਨ, ਜੋ ਕਮੇਟੀ ਨੇ ਲਿਖੇ ਹਨ। ਇਸ ਦੇ ਨਾਲ ਹੀ ਬਾਕੀ ਗੁਰਬਾਣੀ ਦੇ ਅਰਥ ਵੀ ਠੀਕ ਨਹੀਂ ਹੈ। ਇਸ ਲਈ ਇਸ ਗ਼ਲਤੀ ਦੇ ਖ਼ਿਲਾਫ਼ ਅਸੀਂ 'ਜਾਗੋ' ਪਾਰਟੀ ਵੱਲੋਂ ਥਾਣਾ ਨਾਰਥ ਐਵੇਨਿਊ ਵਿਚ ਵੈੱਬਸਾਈਟ ਦੇ ਖ਼ਿਲਾਫ਼ ਸ਼ਿਕਾਇਤ ਦੇ ਰਹੇ ਹਾਂ।

ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਕਤ ਮਾਮਲੇ ਨੂੰ ਠੰਢੇ ਬਸਤੇ 'ਚ ਨਾ ਪਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਗੁਰਬਾਣੀ ਦੇ ਅਰਥਾਂ ਦਾ ਅਨਰਥ ਕਰਨ ਵਾਲੀਆਂ ਸਾਰੀਆਂ ਵੈੱਬਸਾਈਟਾਂ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ। ਨਾਲ ਹੀ ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛਾਪਣ ਦਾ ਅਧਿਕਾਰ ਸਿਰਫ ਸ਼੍ਰੋਮਣੀ ਅਤੇ ਦਿੱਲੀ ਕਮੇਟੀ ਨੂੰ ਹੈ। ਉਸੇ ਤਰ੍ਹਾਂ ਗੁਰਬਾਣੀ ਅਰਥ ਵੀ ਸਿਰਫ ਪ੍ਰਮਾਣਿਤ ਸੰਸਥਾਵਾਂ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਹੋਣ ਦੀ ਨਿਗਰਾਨੀ ਖ਼ੁਦ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਣੀ ਚਾਹੀਦੀ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੇ ਸਮੇਂ ਸ੍ਰੀ ਗੁਰੂ ਅਰਜਨ ਦੇਵ ਨੇ ਜਿਸ ਕਸੌਟੀ ਉੱਤੇ ਬਾਣੀ ਨੂੰ ਸ਼ਾਮਿਲ ਕੀਤਾ ਸੀ, ਉਸ ਸਿਧਾਂਤ ਉੱਤੇ ਉਕਤ ਗ਼ਲਤ ਅਰਥ ਚੋਟ ਕਰਦੇ ਹਨ। ਜੀ. ਕੇ. ਨੇ ਸਾਫ਼ ਕਿਹਾ ਕਿ ਗੁਰੂ ਦੀ ਹਜ਼ੂਰੀ ਤੋਂ ਗੁਰਬਾਣੀ ਜਾਂ ਗੁਰਮਤਿ ਦੇ ਇਲਾਵਾ ਕਿਸੇ ਤਰ੍ਹਾਂ ਦਾ ਪ੍ਰਚਾਰ ਕਰਨ ਤੋਂ ਗ੍ਰੰਥੀਆਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਮੌਕੇ ਕਮੇਟੀ ਮੈਂਬਰ ਚਮਨ ਸਿੰਘ ਅਤੇ 'ਜਾਗੋ' ਦੇ ਜਨਰਲ ਸਕੱਤਰ ਪਰਮਿੰਦਰ ਪਾਲ ਸਿੰਘ ਨੇ ਵੀ ਗੁਰਬਾਣੀ ਅਰਥਾਂ ਨੂੰ ਲੈ ਕੇ ਕਮੇਟੀ ਦੀ ਲਾਪਰਵਾਹੀ ਨੂੰ ਗੁਰਬਾਣੀ ਦੇ ਹਵਾਲੇ ਰਾਹੀਂ ਸਾਫ਼ ਕੀਤਾ।


Anuradha

Content Editor

Related News