ਪਹਿਲਾਂ ਘਰਵਾਲੀ ਨੇ ਕੀਤੀ ਖ਼ੁਦਕੁਸ਼ੀ, ਜੇਲ੍ਹ ਕੱਟ ਕੇ ਮੁੜਿਆ ਤਾਂ ਪੁੱਤ ਨੂੰ ਲੈ ਗਏ ਸਹੁਰੇ, ਤੰਗ ਆਏ ਨੌਜਵਾਨ ਨੇ ...
Tuesday, Oct 15, 2024 - 05:18 AM (IST)

ਮੋਗਾ (ਕਸ਼ਿਸ਼ ਸਿੰਗਲਾ)- ਮੋਗਾ ਜ਼ਿਲ੍ਹਾ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਲੁਹਾਰਾ ਦੇ ਰਹਿਣ ਵਾਲੇ ਇੱਕ 25 ਸਾਲਾ ਨੌਜਵਾਨ ਵੱਲੋਂ ਸਹੁਰਾ ਪਰਿਵਾਰ ਤੋਂ ਦੁਖੀ ਹੋ ਕੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਪਤਨੀ ਵੱਲੋਂ ਵੀ ਇਸੇ ਸਾਲ ਜੂਨ 'ਚ ਖ਼ੁਦਕੁਸ਼ੀ ਕਰ ਲਈ ਗਈ ਸੀ, ਜਿਸ ਮਗਰੋਂ ਇਸ 'ਤੇ ਆਪਣੀ ਪਤਨੀ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਉਸ ਮਾਮਲੇ 'ਚ ਜੇਲ੍ਹ ਜਾਣ ਤੋਂ ਬਾਅਦ ਜ਼ਮਾਨਤ 'ਤੇ ਬਾਹਰ ਆਉਣ ਮਗਰੋਂ ਉਕਤ ਨੌਜਵਾਨ ਨੇ ਵੀ ਖੁਦਕੁਸ਼ੀ ਕਰ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਸਹੁਰਾ ਪਰਿਵਾਰ ਦੇ ਚਾਰ ਲੋਕਾਂ ਦੇ ਖਿਲਾਫ਼ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਚ ਮੁੜ ਆਈ ਕੜਵਾਹਟ, ਜਾਣੋ ਆਖ਼ਿਰ ਕਿਉਂ ਤੇ ਕਿਵੇਂ ਸ਼ੁਰੂ ਹੋਇਆ ਸੀ ਪੂਰਾ ਮਾਮਲਾ ?
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਨੇ ਕਿਹਾ ਕਿ ਸਰਨੀ ਸਿੰਘ ਦਾ ਚਾਰ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਘਰੇਲੂ ਝਗੜਾ ਰਹਿਣ ਕਾਰਨ ਸਰਨੀ ਦੀ ਪਤਨੀ ਨੇ 1 ਜੂਨ ਨੂੰ ਖ਼ੁਦਕੁਸ਼ੀ ਕਰ ਲਈ ਸੀ, ਜਿਸ ਕਾਰਨ ਸਰਨੀ ਦੇ ਸਹੁਰਾ ਪਰਿਵਾਰ ਨੇ ਸਰਨੀ ਸਮੇਤ ਉਸ ਦੇ ਮਾਤਾ ਪਿਤਾ ਖ਼ਿਲਾਫ਼ ਮਾਮਲਾ ਦਰਜ ਕਰਵਾ ਕੇ ਜੇਲ੍ਹ ਭੇਜ ਦਿੱਤਾ ਸੀ।
ਇਸ ਮਗਰੋਂ ਸਰਨੀ ਹੁਣੇ ਜ਼ਮਾਨਤ 'ਤੇ ਬਾਹਰ ਆਇਆ ਸੀ ਉਸ ਦਾ ਇਕ ਢਾਈ ਸਾਲ ਦਾ ਬੇਟਾ ਹੈ, ਜਿਸ ਨੂੰ ਉਸ ਦੇ ਸਹੁਰਾ ਪਰਿਵਾਰ ਵਾਲੇ ਆਪਣੇ ਨਾਲ ਲੈ ਗਏ ਸਨ। ਆਪਣੇ ਪੁੱਤ ਨੂੰ ਵਾਪਸ ਲੈਣ ਲਈ ਜਦੋਂ ਉਸ ਨੇ ਆਪਣੇ ਸਹੁਰਾ ਪਰਿਵਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਉਸ ਨੂੰ ਇਨਕਾਰ ਕਰ ਦਿੱਤਾ ਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸੇ ਤੋਂ ਤੰਗ ਪ੍ਰੇਸ਼ਾਨ ਹੋ ਕੇ ਉਸ ਨੇ ਘਰ ਆ ਕੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਉਸ ਦੇ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ।
ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨੇ ਕਿਹਾ ਕਿ ਪਿੰਡ ਲੁਹਾਰਾ ਦਾ ਰਹਿਣ ਵਾਲਾ ਸਰਨੀ, ਜਿਸ ਦੀ ਉਮਰ 25 ਸਾਲ ਦੇ ਕਰੀਬ ਹੈ, ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਉਸ ਦੀ ਪਤਨੀ ਨੇ ਵੀ ਇਸੇ ਤਰ੍ਹਾਂ ਖ਼ੁਦਕੁਸ਼ੀ ਕਰ ਕੇ ਆਪਣੀ ਜੀਵਨਲੀਲਾ ਸਮਾਪਤ ਕੀਤੀ ਸੀ। ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਸਹੁਰਾ ਪਰਿਵਾਰ ਦੇ ਚਾਰ ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ 'ਚ ਮ੍ਰਿਤਕ ਦੇ ਦੋ ਸਾਲੇ, ਇੱਕ ਸਾਲੀ ਅਤੇ ਸੱਸ ਦਾ ਨਾਂ ਸ਼ਾਮਿਲ ਹੈ। ਪੁਲਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਕੈਨੇਡੀਅਨ PM ਜਸਟਿਨ ਟਰੂਡੋ ਨੇ ਭਾਰਤ ਸਰਕਾਰ 'ਤੇ ਮੁੜ ਚੁੱਕੀ ਉਂਗਲ, ਲਗਾਏ ਗੰਭੀਰ ਇਲਜ਼ਾਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e