ਭਿਆਨਕ ਹਾਦਸੇ ਵਿਚ ਵਿਅਕਤੀ ਦੀ ਮੌਤ, ਪੁਲਸ ਨੇ ਦਰਜ ਕੀਤਾ ਮਾਮਲਾ
Wednesday, Feb 18, 2026 - 01:39 PM (IST)
ਮੋਗਾ (ਆਜ਼ਾਦ) : ਮੋਗਾ-ਜਲੰਧਰ ਰੋਡ ’ਤੇ ਬੀਤੀ ਰਾਤ ਵਾਪਰੇ ਸੜਕ ਹਾਦਸੇ ਵਿਚ ਭੱਠਾ ਮਜ਼ਦੂਰ ਰਾਕੇਸ਼ ਕੁਮਾਰ (27) ਨਿਵਾਸੀ ਯੂਪੀ ਦੀ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਹਾਦਸੇ ਦੀ ਜਾਣਕਾਰੀ ਮਿਲਣ ’ਤੇ ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਜਾਂਚ ਤੋਂ ਇਲਾਵਾ ਆਸ ਪਾਸ ਦਾ ਨਿਰੀਖਣ ਕਰਕੇ ਮ੍ਰਿਤਕ ਦੀ ਲਾਸ਼ ਨੂੰ ਸਮਾਜ ਸੇਵਾ ਸੁਸਾਇਟੀ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ ਗਿਆ। ਪੁਲਸ ਸੂਤਰਾਂ ਅਨੁਸਾਰ ਮ੍ਰਿਤਕ ਰਾਕੇਸ਼ ਕੁਮਾਰ ਭੱਠੇ ’ਤੇ ਕੰਮ ਕਰਦਾ ਸੀ, ਜਦੋਂ ਉਹ ਪਿੰਡ ਫਤਹਿਗੜ੍ਹ ਕੋਰੋਟਾਨਾ ਦੇ ਕੋਲ ਸੜਕ ਕਰਾਸ ਕਰ ਰਿਹਾ ਸੀ ਤਾਂ ਤੇਜ਼ ਰਫਤਾਰ ਅਣਪਛਾਤੇ ਵ੍ਹੀਕਲ ਨੇ ਉਸ ਨੂੰ ਟੱਕਰ ਮਾਰੀ, ਜਿਸ ਨਾਲ ਰਾਕੇਸ਼ ਕੁਮਾਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਵ੍ਹੀਕਲ ਚਾਲਕ ਹਾਦਸੇ ਤੋਂ ਬਾਅਦ ਭੱਜਣ ਵਿਚ ਸਫਲ ਹੋ ਗਿਆ।
ਇਸ ਸਬੰਧ ਵਿਚ ਮ੍ਰਿਤਕ ਦੇ ਭਰਾ ਕ੍ਰਿਸ਼ਨ ਕੁਮਾਰ ਦੇ ਬਿਆਨਾਂ ’ਤੇ ਅ/ਧ 194 ਤਹਿਤ ਕਾਰਵਾਈ ਕਰਨ ਦੇ ਬਾਅਦ ਅੱਜ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕੀਤਾ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਅਣਪਛਾਤੇ ਵ੍ਹੀਕਲ ਚਾਲਕ ਦੀ ਤਲਾਸ਼ ਕਰ ਰਹੀ ਹੈ।
