ਝੂਠੇ ਕੇਸ ''ਚ ਫਸਾਉਣ ਦੀ ਧਮਕੀ ਪਿੱਛੋਂ ਨੌਜਵਾਨ ਨੇ ਕੀਤੀ ਖੁਦਕੁਸ਼ੀ, ਪਰਿਵਾਰ ਨੇ ਲਗਾਈ ਇਨਸਾਫ ਦੀ ਗੁਹਾਰ (ਤਸਵੀਰਾਂ)
Wednesday, Jul 05, 2017 - 07:26 PM (IST)

ਕਪੂਰਥਲਾ(ਮਲਹੋਤਰਾ)— ਕੁੜੀ ਦਾ ਰਿਸ਼ਤਾ ਤੋੜਨ ਦਾ ਦੋਸ਼ ਲਗਾ ਕੇ 5 ਲੱਖ ਰੁਪਏ ਹਰਜਾਨਾ ਮੰਗਣ ਅਤੇ ਨਾ ਦੇਣ 'ਤੇ ਝੂਠੇ ਕੇਸ 'ਚ ਫਸਾਉਣ ਦੀ ਧਮਕੀ ਕਾਰਨ ਵਿਆਹੁਤਾ ਨੌਜਵਾਨ ਨਵਦੀਪ ਨੇ ਮੰਗਲਵਾਰ ਨੂੰ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਥਾਣਾ ਸਿਟੀ ਦੀ ਪੁਲਸ ਨੇ ਮਾਮਲੇ 'ਚ ਸ਼ਾਮਲ ਕੁੜੀ, ਉਸ ਦੀ ਭੈਣ, ਜੀਜਾ ਤੇ ਮਾਤਾ ਵਿਰੁੱਧ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਰਿਸ਼ਤੇਦਰ ਵਿਜੇ ਵਰਮਾ ਨੇ ਸਿਟੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੇ ਭਤੀਜੇ ਨਵਦੀਪ ਕੁਮਾਰ ਉਰਫ ਬੋਨੀ ਪੁੱਤਰ ਸ਼ਾਮ ਸੁੰਦਰ ਵਾਸੀ ਮੁਹੱਲਾ ਸ਼ੇਖਾਂ ਦੀ ਨਿਸ਼ੂ ਪੁੱਤਰੀ ਹਰੀ ਕ੍ਰਿਸ਼ਨ, ਕੇਸ਼ੀ ਪਤਨੀ ਹਰੀ ਕ੍ਰਿਸ਼ਨ, ਦੀਪਤੀ ਪਤਨੀ ਸੰਦੀਪ ਸੂਦ ਅਤੇ ਸੰਦੀਪ ਸੂਦ ਨੇ ਆਤਮਹੱਤਿਆ ਕਰਨ ਲਈ ਮਜਬੂਰ ਕੀਤਾ ਹੈ। ਦੋਸ਼ੀਆਂ ਨੇ ਮ੍ਰਿਤਕ 'ਤੇ ਕੁਝ ਦਿਨ ਪਹਿਲਾਂ ਦੋਸ਼ ਲਗਾਇਆ ਸੀ ਕਿ ਉਸ ਨੇ ਨਿਸ਼ੂ ਦੇ ਹੋਏ ਰਿਸ਼ਤੇ ਨੂੰ ਤੁੜਵਾਇਆ ਹੈ। ਸਭ ਦੋਸ਼ੀ ਨਵਦੀਪ ਦੇ ਘਰ ਆ ਕੇ ਉਨ੍ਹਾਂ ਨੂੰ ਧਮਕੀਆਂ ਦਿੰਦੇ ਸਨ ਅਤੇ 5 ਲੱਖ ਰੁਪਏ ਹਰਜਾਨੇ ਵਜੋਂ ਮੰਗਦੇ ਸਨ। ਨਾ ਦੇਣ 'ਤੇ ਨਵਦੀਪ ਨੂੰ ਝੂਠੇ ਕੇਸ 'ਚ ਫਸਾਉਣ ਦੀ ਧਮਕੀ ਦਿੰਦੇ ਸਨ। ਇਸ ਤੋਂ ਪਰੇਸ਼ਾਨ ਹੋ ਕੇ ਨਵਦੀਪ ਨੇ ਖੁਦਕੁਸ਼ੀ। ਨਵਦੀਪ ਦਾ ਇਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ।
ਇਨਸਾਫ ਲਈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕੀਤਾ ਪ੍ਰਦਰਸ਼ਨ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਦੇ ਮੁੱਖ ਗੇਟ 'ਤੇ ਲਾਸ਼ ਨੂੰ ਰੱਖ ਕੇ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਅਤੇ ਪ੍ਰਦਰਸ਼ਨ ਕੀਤਾ। ਇਸ ਕਾਰਨ ਕਪੂਰਥਲਾ-ਸੁਲਤਾਨਪੁਰ ਲੋਧੀ ਸੜਕ 'ਤੇ ਆਵਾਜਾਈ ਠੱਪ ਰਹੀ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮੌਕੇ 'ਤੇ ਪੁੱਜੇ ਡੀ. ਐੱਸ. ਪੀ. ਗੁਰਮੀਤ ਸਿੰਘ ਤੇ ਐੱਸ. ਐੱਚ. ਓ. ਜਤਿੰਦਰਜੀਤ ਸਿੰਘ ਨੇ ਇਨਸਾਫ ਦਾ ਭਰੋਸਾ ਦੇ ਕੇ ਧਰਨਾ ਖਤਮ ਕਰਵਾਇਆ।