ਵੀਡੀਓ ਬਣਾ ਕੇ ਦੁੱਖੜਾ ਸੁਣਾਉਣ ਤੋਂ ਬਾਅਦ ਕਾਰੋਬਾਰੀ ਨੇ ਲਗਾਇਆ ਮੌਤ ਨੂੰ ਗਲੇ
Wednesday, Aug 07, 2019 - 12:16 PM (IST)

ਜਲੰਧਰ (ਵਰੁਣ)— 2.56 ਮਿੰਟ ਦੀ ਵੀਡੀਓ ਬਣਾ ਕੇ ਕਾਰੋਬਾਰੀ ਨੇ ਆਪਣਾ ਦੁੱਖੜਾ ਸੁਣਾ ਕੇ ਦੁਨੀਆ ਨੂੰ ਅਲਵਿਦਾ ਆਖਦੇ ਹੋਏ ਪੱਖੇ ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਬਾਬਾ ਦੀਪ ਸਿੰਘ ਨਗਰ ਵਾਸੀ ਸੁਰਿੰਦਰਪਾਲ (55) ਵਜੋਂ ਹੋਈ ਹੈ।
ਵੀਡੀਓ ਬਣਾ ਕੇ ਦੱਸਿਆ ਮੌਤ ਦਾ ਕਾਰਨ
ਸੁਰਿੰਦਰ ਦੀ ਖੁਦ ਦੀ ਫੁੱਟਾ ਨਿਰਮਾਤਾ ਫੈਕਟਰੀ ਸੀ। ਮਰਨ ਤੋਂ ਪਹਿਲਾਂ ਸੁਰਿੰਦਰ ਨੇ ਆਪਣੀ ਆਤਮਹੱਤਿਆ ਦਾ ਕਾਰਨ ਸੁਭਾਸ਼ ਐਗਰੋ ਦੇ ਮਾਲਕ ਅਤੇ ਆਪਣੇ ਵੱਡੇ ਲੜਕੇ ਯੋਗੇਸ਼ ਦੀ ਪਤਨੀ, ਸਾਲੇ ਅਤੇ ਸੱਸ ਨੂੰ ਦੱਸਿਆ। ਵੀਡੀਓ ਅਤੇ ਮ੍ਰਿਤਕ ਦੇ ਛੋਟੇ ਲੜਕੇ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਨੰ. 8 ਦੀ ਪੁਲਸ ਨੇ ਸੁਭਾਸ਼ ਐਗਰੋ ਦੇ ਮਾਲਕ ਅਸ਼ੋਕ ਵਧੇੜਾ, ਮ੍ਰਿਤਕ ਦੇ ਵੱਡੇ ਲੜਕੇ ਯੋਗੇਸ਼ ਦੀ ਪਤਨੀ ਸਾਬੀਆ, ਸਾਲੇ ਸੋਨੂੰ ਅਤੇ ਸੱਸ ਮਧੂ ਖਿਲਾਫ ਕੇਸ ਦਰਜ ਕੀਤਾ ਹੈ।
ਐੱਸ. ਐੱਚ. ਓ. ਰੁਪਿੰਦਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਹੋਈ ਇਸ ਘਟਨਾ ਤੋਂ ਬਾਅਦ ਮ੍ਰਿਤਕ ਦਾ ਛੋਟਾ ਲੜਕਾ ਮੋਹਿਤ ਆਪਣੇ ਪਿਤਾ ਦਾ ਮੋਬਾਇਲ ਚੈੱਕ ਕਰ ਰਿਹਾ ਸੀ। ਇਸ ਦੌਰਾਨ ਉਸ ਦੀ ਨਜ਼ਰ ਇਕ ਵੀਡੀਓ 'ਤੇ ਪਈ, ਜੋ ਉਸ ਦੇ ਪਿਤਾ ਨੇ ਮਰਨ ਤੋਂ ਪਹਿਲਾਂ ਬਣਾਈ ਸੀ। ਵੀਡੀਓ ਅਨੁਸਾਰ ਮ੍ਰਿਤਕ ਸੁਰਿੰਦਰ ਦਾ ਸੁਭਾਸ਼ ਐਗਰੋ ਨਾਲ ਲੱਖਾਂ ਰੁਪਏ ਦਾ ਲੈਣ-ਦੇਣ ਸੀ। ਪੈਸੇ ਚੁਕਾਉਣ ਲਈ ਉਸ ਨੇ ਆਪਣੀ ਕੋਠੀ ਸੁਭਾਸ਼ ਐਗਰੋ ਨੂੰ ਦੇ ਦਿੱਤੀ। ਇਸ ਤੋਂ ਬਾਅਦ ਲੈਣ-ਦੇਣ ਦਾ ਸਾਰਾ ਪੈਸਾ ਮ੍ਰਿਤਕ ਨੇ ਸੁਭਾਸ਼ ਐਗਰੋ ਨੂੰ ਚੁੱਕਾ ਦਿੱਤਾ ਸੀ। ਸੁਰਿੰਦਰ ਦੇ 14 ਲੱਖ ਦੇ ਚੈੱਕ ਸੁਭਾਸ਼ ਐਗਰੋ ਦੇ ਮਾਲਕ ਕੋਲ ਪਏ ਸਨ ਅਤੇ ਉਨ੍ਹਾਂ ਚੈੱਕਾਂ ਦਾ ਉਹ ਡਰਾਵਾ ਦੇ ਕੇ ਉਸ ਨੂੰ ਕਾਫੀ ਸਮੇਂ ਤੋਂ ਬਲੈਕਮੇਲ ਕਰ ਰਿਹਾ ਸੀ। ਉਥੇ ਸੁਰਿੰਦਰ ਦੇ ਵੱਡੇ ਲੜਕੇ ਯੋਗੇਸ਼ ਅਤੇ ਉਸ ਦੀ ਪਤਨੀ ਨੇ ਕੇਸ ਦਰਜ ਕਰਵਾਇਆ ਹੋਇਆ ਸੀ।
ਸੁਰਿੰਦਰ ਵੀਡੀਓ 'ਚ ਇਹ ਕਹਿੰਦਾ ਨਜ਼ਰ ਆ ਰਿਹਾ ਸੀ ਕਿ ਉਸ ਦਾ ਵੱਡਾ ਲੜਕਾ ਉਸ ਤੋਂ ਵੱਖਰਾ ਰਹਿੰਦਾ ਸੀ, ਫਿਰ ਵੀ ਉਸ 'ਤੇ ਦੋਸ਼ ਲਗਾਏ ਜਾ ਰਹੇ ਸੀ, ਮੇਰੇ ਵੱਡੇ ਲੜਕੇ ਦੀ ਕਿਸਮਤ ਵੀ ਖਰਾਬ ਹੈ ਅਤੇ ਮੈਂ ਉਸ ਦੇ ਸਹੁਰਿਆਂ ਤੋਂ ਵੀ ਬਹੁਤ ਪ੍ਰੇਸ਼ਾਨ ਹਾਂ। ਮੇਰੀ ਜ਼ਿੰਦਗੀ ਨਰਕ ਬਣੀ ਹੋਈ ਹੈ, ਇਸ ਲਈ ਮੈਂ ਆਪਣੀ ਮੌਤ ਮੰਗਦਾ ਹਾਂ। ਮੈਂ ਪੰਜਾਬ ਪੁਲਸ ਨੂੰ ਆਪਣੀ ਮਾਂ ਅਤੇ ਦੋਸਤ ਸਮਝਦਾ ਹਾਂ, ਇਸ ਲਈ ਮੈਨੂੰ ਯਕੀਨ ਹੈ ਕਿ ਪੰਜਾਬ ਪੁਲਸ ਮੇਰੇ ਨਾਲ ਇਨਸਾਫ ਕਰੇਗੀ।