ਫਾਈਨਾਂਸਰ ਦਾ ਕਤਲ ਕਰਨ ਵਾਲੇ ਦੋਸ਼ੀ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

12/02/2017 6:52:30 PM

ਗੁਰਦਾਸਪੁਰ (ਵਿਨੋਦ)— ਬੀਤੇ ਦਿਨੀਂ ਪੁਲਸ ਸਟੇਸ਼ਨ ਪੁਰਾਣਾ ਸ਼ਾਲਾ ਦੇ ਅਧੀਨ ਪਿੰਡ ਭੈਣੀ ਮੀਲਵਾਂ ਵਿਚ ਇਕ ਫਾਈਨਾਂਸਰ ਦੀ ਹੱਤਿਆ ਮਾਮਲੇ ਵਿਚ ਪੁਰਾਣਾ ਸ਼ਾਲਾ ਪੁਲਸ ਵੱਲੋਂ ਕਤਲ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਸਥਾਨਕ ਪੁਲਸ ਸਟੇਸ਼ਨ ਪੁਰਾਣਾ ਸ਼ਾਲਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐੱਸ. ਪੀ. ਡੀ. ਗੁਰਦਾਸਪੁਰ ਹਰਵਿੰਦਰ ਸਿੰਘ ਦੀ ਹਾਜ਼ਰੀ ਵਿਚ ਪੁਲਸ ਸਟੇਸਨ ਇੰਚਾਰਜ਼ ਇੰਸਪੈਕਟਰ ਵਿਸ਼ਵਾਨਾਥ ਵਲੋਂ ਹੱਤਿਆ ਸਬੰਧੀ ਦੱਸੀ ਕਹਾਣੀ ਨੂੰ ਪੁਲਸ ਸਟੇਸਨ ਦੇ ਅੰਦਰ ਫਾਈਨਾਂਸਰ ਦੇ ਪਰਿਵਾਰਿਕ ਮੈਂਬਰਾਂ ਸਮੇਤ ਪਿੰਡ ਵਾਸੀਆਂ ਨੇ ਝੂਠ ਦਾ ਪੁਲਿੰਦਾ ਦੱਸਦੇ ਹੋਏ ਪੁਲਸ ਅਤੇ ਸ਼ਰੇਆਮ ਹੱਤਿਆ ਦੇ ਹੋਰ ਦੋਸ਼ੀਆਂ ਨੂੰ ਬਚਾਉਣ ਦੇ ਗੰਭੀਰ ਦੋਸ਼ ਲਗਾਏ।
ਇਸ ਸਬੰਧੀ ਉਕਤ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀ ਬਲਜੀਤ ਸਿੰਘ ਪੁੱਤਰ ਸੂਰਤਾ ਸਿੰਘ ਨਿਵਾਸੀ ਭੈਣੀ ਮੀਲਵਾਂ ਨੇ ਮ੍ਰਿਤਕ ਸਵਰਨ ਸਿੰਘ ਪੁੱਤਰ ਕਪੂਰ ਚੰਦ ਨਿਵਾਸੀ ਬੇਰੀ ਪੁਲਸ ਸਟੇਸ਼ਨ ਕਾਹਨੂੰਵਾਨ ਤੋਂ ਕੁਝ ਰਾਸ਼ੀ ਵਿਆਜ ਦੇ ਤੌਰ 'ਤੇ ਲਈ ਸੀ ਅਤੇ ਕਰਜ਼ ਦੀ ਰਾਸ਼ੀ ਨਾਲ ਬਲਜੀਤ ਕੁਝ ਰਾਸ਼ੀ ਵਾਪਸ ਕਰ ਚੁੱਕਾ ਸੀ ਅਤੇ 18 ਹਜ਼ਾਰ ਰੁਪਏ ਦੀ ਬਕਾਇਆ ਰਾਸ਼ੀ ਵਾਪਸ ਕਰਨ ਦੇ ਲਈ ਫਾਈਨਾਂਸਰ ਸਵਰਨ ਸਿੰਘ ਨੂੰ ਬਲਜੀਤ ਸਿੰਘ ਨੇ ਖੁਦ ਹੀ ਪਿੰਡ ਸੈਦੋਵਾਲ ਕਲਾਂ ਵਿਚ ਬੁਲਾਇਆ ਅਤੇ ਬਲਜੀਤ ਸਿੰਘ ਆਪਣੇ ਹੀ ਪਿੰਡ ਦੇ ਇਕ ਨੌਜਵਾਨ ਰਜਿੰਦਰ ਕੁਮਾਰ ਸਮੇਤ ਉਸ ਨੂੰ ਮੀਲਮਾਂ ਰਸਤੇ ਦਾਊਵਾਲ ਨੂੰ ਜਾਂਦੀ ਕੱਚੀ ਸੜਕ 'ਤੇ ਬਣੇ ਸਮਸ਼ਾਨਘਾਟ ਦੇ ਨੇੜੇ ਲੈ ਗਿਆ ਅਤੇ ਕਿਸੇ ਵਿਅਕਤੀ ਤੋਂ ਪੈਸੇ ਲੈਣ ਦਾ ਬਹਾਨਾ ਬਣਾ ਕੇ ਦੇਰ ਸ਼ਾਮ ਤੱਕ ਇੱਧਰ ਉਧਰ ਘੁੰਮਦਾ ਰਿਹਾ, ਜਿਸ ਦੇ ਬਾਅਦ ਰਜਿੰਦਰ ਸਿੰਘ ਪੁੱਤਰ ਬਚਿੱਤਰ ਸਿੰਘ ਨਿਵਾਸੀ ਮੀਲਮਾਂ ਤੋਂ ਮੋਟਰਸਾਈਕਲ ਤੇ ਲਿਫਟ ਲੈ ਕੇ ਫਿਰ ਭੈਣੀ ਮੀਲਮਾਂ ਦੀ ਵੱਲ ਚਲ ਪਿਆ ਅਤੇ ਫਾਈਨਾਂਸਰ ਨੂੰ ਇੰਤਜਾਰ ਕਰਨ ਦੇ ਲਈ ਸਮਸ਼ਾਨਘਾਟ 'ਤੇ ਹੀ ਬਿਠਾ ਦਿੱਤਾ ਗਿਆ।

PunjabKesari
ਪੁਲਸ ਅਨੁਸਾਰ ਬਲਜੀਤ ਸਿੰਘ ਦੇਰ ਰਾਤ ਹਨ੍ਹੇਰੇ ਦੀ ਆੜ ਵਿਚ ਫਾਈਨਾਂਸਰ ਦੀ ਹੱਤਿਆ ਕਰਨ ਦੇ ਮਨਸੂਬੇ ਨਾਲ ਹੀ ਉਸ ਨੂੰ ਇੱਧਰ ਉਧਰ ਘੁੰਮਾ ਕੇ ਸਮਾਂ ਕੱਢਿਆ ਅਤੇ ਸੂਰਜ ਢੱਲਣ ਦੇ ਬਾਅਦ ਹੀ ਬਲਜੀਤ ਸਿੰਘ ਨੇ ਲੋਹੇ ਦੀ ਰਾਡ ਫਾਈਨਾਂਸਰ ਦੇ ਸਿਰ 'ਤੇ ਮਾਰ ਕੇ ਉਸ ਦੀ ਹੱਤਿਆ ਕਰਕੇ ਨੇੜੇ ਗੰਨੇ ਦੇ ਖੇਤ ਵਿਚ ਉਸ ਦੀ ਲਾਸ਼ ਸੁੱਟ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਇਥੋਂ ਕਥਿਤ ਦੋਸ਼ੀ ਵੱਲੋਂ ਇਸ ਹੱਤਿਆ ਦੀ ਇਕੱਲੇ ਹੀ ਆਪਣੇ ਸਿਰ 'ਤੇ ਜ਼ਿੰਮੇਵਾਰੀ ਨਹੀਂ ਲਈ ਸਗੋਂ ਖੁਦ ਨੂੰ ਬਚਾਉਣ ਦੀ ਖਾਤਰ ਕਦੀ ਤਿੰਨ ਹੋਰ ਵਿਅਕਤੀਆਂ ਅਤੇ ਕਦੀ ਪੰਜ ਹੋਰ ਵਿਅਕਤੀਆਂ ਦੇ ਨਾਮ ਪੁਲਸ ਨੂੰ ਗੁੰਮਰਾਹ ਕਰਨ ਦੇ ਲਈ ਕਹਿੰਦਾ ਰਿਹਾ ਪਰ ਪੁਲਸ ਜਾਂਚ ਵਿਚ ਇਕੱਲਾ ਬਲਜੀਤ ਸਿੰਘ ਹੀ ਇਸ ਵਾਰਦਾਤ ਦਾ ਜ਼ਿੰਮੇਵਾਰ ਹੈ।
ਦੂਜੇ ਪਾਸੇ ਇਸ ਕਹਾਣੀ ਨੂੰ ਝੂਠ ਦਾ ਪੁਲਿੰਦਾ ਦੱਸਦੇ ਹੋਏ ਮ੍ਰਿਤਕ ਫਾਈਨਾਂਸਰ ਦੇ ਪਿੰਡ ਨਿਵਾਸੀਆਂ ਅਤੇ ਭੜਕੇ ਪਰਿਵਾਰਿਕ ਮੈਂਬਰਾਂ ਮ੍ਰਿਤਕ ਦਾ ਪੀੜਤ ਪੁੱਤਰ ਅਨਿਲ ਕੁਮਾਰ, ਮ੍ਰਿਤਕ ਦੇ ਕਾਰੋਬਾਰੀ ਪਾਰਟਨਰ ਦੇ ਇਲਾਵਾ ਭਰਾ ਦਲੀਪ ਸਿੰਘ, ਸਰਪੰਚ ਸਤਪਾਲ, ਸਰਪੰਚ ਚਿਮਨ ਲਾਲ, ਰਾਜ ਚੌਧਰੀ, ਬਲਜਿੰਦਰ ਸਿੰਘ, ਮਲਕੀਤ ਸਿੰਘ, ਠੇਕੇਦਾਰ ਸੁਰਿੰਦਰ ਸਿੰਘ, ਬਚਨ ਸਿੰਘ, ਸਾਬਕਾ ਸਰਪੰਚ ਭਗਵੰਤ ਸਿੰਘ, ਸਮਿਤੀ ਮੈਂਬਰ ਤਿਲਕ ਰਾਜ ਸਿੰਘ, ਮੈਂਬਰ ਪਲਵਿੰਦਰ ਸਿੰਘ, ਦਰਸ਼ਨ ਸਿੰਘ ਤੇ ਰਣਜੀਤ ਸਿੰਘ ਆਦਿ ਸ਼ਾਮਲ ਹਨ, ਨੇ ਪੁਲਸ ਸਟੇਸ਼ਨ ਦੇ ਅੰਦਰ ਹੀ ਸ਼ੋਰ ਮਚਾ ਦਿੱਤਾ ਅਤੇ ਪੁਲਸ ਅਤੇ ਹੋਰ ਦੋਸ਼ੀਆਂ ਨੂੰ ਬਚਾਉਣ ਦੇ ਗੰਭੀਰ ਦੋਸ਼ ਤੱਕ ਲਗਾ ਦਿੱਤੇ। ਵਾਰਿਸਾਂ ਤੇ ਪਿੰਡ ਵਾਸੀਆਂ ਦਾ ਰੋਸ ਵੇਖਦੇ ਹੋਏ ਐੱਸ. ਪੀ. ਹਰਵਿੰਦਰ ਸਿੰਘ ਨੇ ਕਿਹਾ ਕਿ ਬਲਜੀਤ ਸਿੰਘ ਦਾ ਫਿਰ ਰਿਮਾਂਡ ਲੈ ਕੇ ਮਾਮਲੇ ਦੀ ਨਵੇ ਸਿਰੇ ਤੋਂ ਜਾਂਚ ਜ਼ਰੂਰ ਕੀਤੀ ਜਾਵੇਗੀ ਪਰ ਹੱਤਿਆ ਦੇ ਅਸਲ ਦੋਸ਼ੀ ਨੂੰ ਛੱਡਿਆ ਨਹੀਂ ਜਾਵੇਗਾ ਅਤੇ ਨਾ ਹੀ ਕਿਸੇ ਬੇਕਸੂਰ ਨੂੰ ਮਾਮਲੇ ਵਿਚ ਨਾਮਜ਼ਦ ਕੀਤਾ ਜਾਵੇਗਾ।


Related News