ਸੱਪ ਦੇ ਡੰਗੇ ਦਾ ਇਲਾਜ ਫਾਜ਼ਿਲਕਾ, ਜਲਾਲਾਬਾਦ ਤੇ ਅਬੋਹਰ ਹਸਪਤਾਲ ’ਚ ਮੁਹੱਈਆ : ਸਿਵਲ ਸਰਜਨ
Wednesday, Jul 03, 2024 - 03:23 PM (IST)
ਫਾਜ਼ਿਲਕਾ (ਨਾਗਪਾਲ) : ਬਰਸਾਤ ਦੇ ਮੌਸਮ ਨੂੰ ਮੱਦੇਨਜ਼ਰ ਰੱਖਦਿਆਂ ਸਿਵਲ ਸਰਜਨ ਫਾਜ਼ਿਲਕਾ ਡਾ. ਚੰਦਰ ਸ਼ੇਖਰ ਕੱਕੜ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਦੌਰਾਨ ਸੱਪਾਂ ਦੇ ਡੰਗਣ ਦੇ ਮਾਮਲੇ ਆਮ ਮਿਲਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਫਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਵਿਖੇ ਸੱਪ ਦੇ ਡੰਗਣ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਐਂਟੀ ਸਨੇਕ ਟੀਕੇ ਮੁਹੱਈਆ ਹਨ ਅਤੇ ਮਰੀਜ਼ਾਂ ਨੂੰ ਬਿਨਾਂ ਕਿਸੇ ਦੇਰੀ ਦੇ ਟੀਕੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੱਪ ਦੇ ਡੰਗਣ ਤੋਂ ਬਾਅਦ ਪੀੜਤ ਨੂੰ ਗੈਰ-ਸਿੱਖਿਅਤ ਲੋਕਾਂ ਕੋਲ ਜਾਣ ਦੀ ਬਜਾਏ ਸਰਕਾਰੀ ਹਸਪਤਾਲ ਲੈ ਕੇ ਆਓ। ਕਿਸੇ ਵੀ ਡਾਕਟਰੀ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਸੱਪ ਦੇ ਡੰਗਣ ਦੀ ਸੂਰਤ ’ਚ ਤੁਰੰਤ ਐਂਬੂਲੈਂਸ ਨੂੰ ਬੁਲਾ ਕੇ ਜਾਂ ਆਪਣੇ ਨਿੱਜੀ ਵਾਹਨ ’ਤੇ ਪੀੜਤ ਨੂੰ ਹਸਪਤਾਲ ਲੈ ਜਾਓ ਅਤੇ ਮਾਹਰ ਡਾਕਟਰ ਕੋਲੋਂ ਹੀ ਇਲਾਜ ਕਰਵਾਓ। ਪੀੜਤ ਨੂੰ ਹੌਂਸਲਾ ਦਿੰਦੇ ਰਹੋ। ਉਨ੍ਹਾਂ ਕਿਹਾ ਕਿ ਸੱਪ ਦੇ ਡੰਗਣ ਦੀ ਸੂਰਤ ’ਚ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਸੱਪ ਦੇ ਡੰਗੇ ਦਾ ਇਲਾਜ ਸੰਭਵ ਹੈ। ਜਿਸ ਥਾਂ ’ਤੇ ਸੱਪ ਨੇ ਡੰਗ ਮਾਰਿਆ ਹੈ, ਉਸ ਥਾਂ ਨੂੰ ਨਾ ਤਾਂ ਕੱਟੋ ਅਤੇ ਨਾ ਹੀ ਮੂੰਹ ਨਾਲ ਜ਼ਹਿਰ ਕੱਢਣ ਦੀ ਕੋਸ਼ਿਸ਼ ਕਰੋ। ਡੰਗ ਵਾਲੀ ਥਾਂ ’ਤੇ ਨਾ ਤਾਂ ਬਰਫ਼ ਲਗਾਓ ਤੇ ਨਾ ਹੀ ਮਾਲਸ਼ ਕਰੋ।
ਆਪਣੇ-ਆਪ ਕੋਈ ਦਵਾਈ ਨਾ ਲਓ ਅਤੇ ਨਾ ਹੀ ਡੰਗ ਵਾਲੀ ਥਾਂ ’ਤੇ ਕੋਈ ਜੜ੍ਹੀ-ਬੂਟੀ ਨਾ ਲਗਾਓ। ਉਨ੍ਹਾਂ ਡੰਗਣ ਤੋਂ ਬਚਾਅ ਲਈ ਦੱਸਿਆ ਕਿ ਬਾਰਸ਼ਾਂ ਜਾਂ ਹੜ੍ਹਾਂ ਦੇ ਪਾਣੀ ’ਚ ਜਾਣ ਤੋਂ ਪਰਹੇਜ਼ ਕੀਤਾ ਜਾਵੇ ਅਤੇ ਬਾਹਰ ਜਾਣ ਵੇਲੇ ਬੰਦ ਜੁੱਤੀਆਂ ਜਾਂ ਲੰਬੇ ਬੂਟ ਪਾਏ ਜਾਣ। ਰਾਤ ਦੇ ਸਮੇਂ ਹਮੇਸ਼ਾ ਟਾਰਚ ਦੀ ਵਰਤੋਂ ਕੀਤੀ ਜਾਵੇ। ਆਪਣੇ ਘਰ ਅਤੇ ਆਲੇ ਦੁਆਲੇ ਨੂੰ ਸਾਫ਼-ਸੁਥਰਾ ਰੱਖੋ।