ਤੋਸ਼ਖਾਨਾ ਨਾਲ ਜੁੜੇ ਵਿਰੋਧ ਮਾਮਲੇ 'ਚ ਇਮਰਾਨ ਖਾਨ ਨੂੰ ਰਾਹਤ, ਕੋਰਟ ਨੇ ਕੀਤਾ ਬਰੀ

Wednesday, Jul 03, 2024 - 03:39 PM (IST)

ਤੋਸ਼ਖਾਨਾ ਨਾਲ ਜੁੜੇ ਵਿਰੋਧ ਮਾਮਲੇ 'ਚ ਇਮਰਾਨ ਖਾਨ ਨੂੰ ਰਾਹਤ, ਕੋਰਟ ਨੇ ਕੀਤਾ ਬਰੀ

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੀ ਇਕ ਅਦਾਲਤ ਨੇ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ 'ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਯੋਗ ਐਲਾਨ ਕਰਨ ਦੇ ਚੋਣ ਕਮਿਸ਼ਨ ਦੇ ਫ਼ੈਸਲੇ ਖ਼ਿਲਾਫ਼ ਪ੍ਰਦਰਸ਼ਨ ਨਾਲ ਸੰਬੰਧਤ ਮਾਮਲੇ 'ਚ ਬੁੱਧਵਾਰ ਨੂੰ ਖਾਨ ਅਤੇ ਉਨ੍ਹਾਂ ਦੀ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਨੂੰ ਬਰੀ ਕਰ ਦਿੱਤਾ। ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਜਿਨ੍ਹਾਂ ਹੋਰ ਨੇਤਾਵਾਂ ਨੂੰ ਬਰੀ ਕੀਤਾ ਹੈ, ਉਨ੍ਹਾਂ 'ਚ ਸ਼ਾਹ ਮਹਿਮੂਦ ਕੁਰੈਸ਼ੀ, ਸ਼ੇਖ ਰਸ਼ੀਦ, ਅਸਦ ਕੈਸਰ, ਸ਼ਹਿਰਯਾਰ ਅਫਰੀਦੀ, ਫੈਸਲ ਜਾਵੇਦ, ਰਾਜਾ ਖੁਰਮ ਨਵਾਜ਼ ਅਤੇ ਅਲੀ ਨਵਾਜ਼ ਅਵਾਨ ਸ਼ਾਮਲ ਹਨ। ਜਿਓ ਨਿਊਜ਼ ਦੀ ਖ਼ਬਰ ਅਨੁਸਾਰ ਨਿਆਇਕ ਮੈਜਿਸਟ੍ਰੇਟ ਯਾਸਿਰ ਮਹਿਮੂਦ ਨੇ ਇਹ ਫ਼ੈਸਲਾ ਸੁਣਾਇਆ। ਅਦਾਲਤ ਨੇ ਮਾਮਲੇ 'ਚ ਬਰੀ ਕੀਤੇ ਜਾਣ ਦੀ ਅਪੀਲ ਨਾਲ ਸੰਬੰਧਤ ਪਟੀਸ਼ਨਾਂ 'ਤੇ ਪਿਛਲੇ ਹਫ਼ਤੇ ਸੁਣਵਾਈ ਕੀਤੀ ਸੀ ਅਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਚੋਣ ਕਮਿਸ਼ਨ ਨੇ 2022 'ਚ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ 'ਚ ਖਾਨ ਨੂੰ ਅਹੁਦੇ ਲਈ ਅਯੋਗ ਐਲਾਨ ਕਰ ਦਿੱਤਾ ਸੀ। ਇਸ ਖ਼ਿਲਾਫ਼ ਪ੍ਰਦਰਸ਼ਨ ਲਈ ਆਬਪਾਰਾ ਥਾਣੇ 'ਚ ਪਾਕਿਸਤਾਨ ਤਹਿਰੀਕ-ਏ-ਇੰਸਾਫ਼ (ਪੀਟੀਆਈ) ਦੇ ਸੰਸਥਾਪਕ ਖਾਨ (71) ਅਤੇ ਹੋਰ ਨੇਤਾਵਾਂ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਸੀ। 

ਦਰਅਸਲ ਪਾਕਿਸਤਾਨ ਦੇ ਕਾਨੂੰਨ ਅਨੁਸਾਰ ਕਿਸੇ ਵਿਦੇਸ਼ੀ ਰਾਜ ਦੇ ਮਸ਼ਹੂਰ ਵਿਅਕਤੀਆਂ ਤੋਂ ਪ੍ਰਾਪਤ ਕੋਈ ਵੀ ਤੋਹਫ਼ਾ ਸਟੇਟ ਡਿਪਾਜ਼ਿਟਰੀ ਯਾਨੀ ਤੋਸ਼ਾਖਾਨਾ 'ਚ ਰੱਖਣਾ ਹੁੰਦਾ ਹੈ। ਜੇਕਰ ਰਾਜ ਦਾ ਮੁਖੀਆ ਤੋਹਫ਼ੇ ਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਹੈ ਤਾਂ ਉਸ ਲਈ ਉਸ ਨੂੰ ਇਸ ਦੇ ਮੁੱਲ ਦੇ ਬਰਾਬਰ ਰਾਸ਼ੀ ਦਾ ਭੁਗਤਾਨ ਕਰਨਾ ਹੋਵੇਗਾ। ਇਹ ਇਕ ਨੀਲਾਮੀ ਦੀ ਪ੍ਰਕਿਰਿਆ ਰਾਹੀਂ ਤੈਅ ਕੀਤਾ ਜਾਂਦਾ ਹੈ। ਇਹ ਤੋਹਫ਼ਾ ਜਾਂ ਤੋਸ਼ਾਖਾਨਾ 'ਚ ਜਮ੍ਹਾ ਰਹਿੰਦੇ ਹਨ ਜਾਂ ਨੀਲਾਮ ਕੀਤੇ ਜਾ ਸਕਦੇ ਹਨ ਅਤੇ ਇਸ ਦੇ ਮਾਧਿਅਮ ਨਾਲ ਇਕੱਠੇ ਪੈਸੇ ਨੂੰ ਰਾਸ਼ਟਰੀ ਖਜ਼ਾਨੇ 'ਚ ਜਮ੍ਹਾ ਕੀਤਾ ਜਾਂਦਾ ਹੈ। ਸਾਲ 2018 'ਚ ਸੱਤਾ 'ਚ ਆਏ ਇਮਰਾਨ ਖਾਨ ਨੂੰ ਅਧਿਕਾਰਤ ਯਾਤਰਾਵਾਂ ਦੌਰਾਨ ਕਰੀਬ 14 ਕਰੋੜ ਰੁਪਏ ਦੇ 58 ਤੋਹਫ਼ੇ ਮਿਲੇ ਸਨ। ਇਨ੍ਹਾਂ ਮਹਿੰਗੇ ਤੋਹਫ਼ਿਆਂ ਨੂੰ ਤੋਸ਼ਾਖਾਨਾ 'ਚ ਜਮ੍ਹਾ ਕੀਤਾ ਗਿਆ ਸੀ। ਬਾਅਦ 'ਚ ਇਮਰਾਨ ਖਾਨ ਨੇ ਇਨ੍ਹਾਂ ਨੂੰ ਤੋਸ਼ਖਾਨੇ ਤੋਂ ਸਸਤੀ ਕੀਮਤ 'ਤੇ ਖਰੀਦ ਲਿਆ ਅਤੇ ਫਿਰ ਮਹਿੰਗੀ ਕੀਮਤ 'ਤੇ ਬਜ਼ਾਰ 'ਚ ਵੇਚ ਦਿੱਤਾ। ਇਸ ਪੂਰੀ ਪ੍ਰਕਿਰਿਆ ਲਈ ਉਨ੍ਹਾਂ ਨੇ ਸਰਕਾਰੀ ਕਾਨੂੰਨ 'ਚ ਤਬਦੀਲੀ ਵੀ ਕੀਤੀ। ਮੀਡੀਆ ਰਿਪੋਰਟ ਅਨੁਸਾਰ ਇਮਰਾਨ ਨੇ 2.15 ਕਰੋੜ ਰੁਪਏ 'ਚ ਇਨ੍ਹਾਂ ਤੋਹਫ਼ਿਆਂ ਨੂੰ ਤੋਸ਼ਖਾਨੇ ਤੋਂ ਖਰੀਦਿਆ ਸੀ ਅਤੇ ਇਨ੍ਹਾਂ ਨੂੰ ਵੇਚ ਕੇ 5.8 ਕਰੋੜ ਰੁਪਏ ਦਾ ਮੁਨਾਫਾ ਕਮਾ ਲਿਆ। ਇਨ੍ਹਾਂ ਤੋਹਫ਼ਿਆਂ 'ਚ ਇਕ ਗ੍ਰਾਫ਼ ਘੜੀ, ਕਫਲਿੰਕ ਦਾ ਇਕ ਜੋੜਾ, ਇਕ ਮਹਿੰਗਾ ਪੈਨ, ਇਕ ਅੰਗੂਠੀ ਅਤੇ ਚਾਰ ਰੋਲੈਕਸ ਘੜੀਆਂ ਵੀ ਸਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


author

DIsha

Content Editor

Related News