ਹਰਿਆਣਾ ਦੇ ਮੰਤਰੀ ਦੀ ਖੇਤੀਬਾੜੀ ਮੰਤਰੀ ਨੂੰ ਗੁਹਾਰ, ਕਿਸਾਨਾਂ ਨੂੰ ਸ਼ੰਭੂ ਬਾਰਡਰ ਖੋਲ੍ਹਣ ਲਈ ਕਰਾਇਆ ਜਾਵੇ ਰਾਜੀ

Wednesday, Jul 03, 2024 - 03:39 PM (IST)

ਹਰਿਆਣਾ ਦੇ ਮੰਤਰੀ ਦੀ ਖੇਤੀਬਾੜੀ ਮੰਤਰੀ ਨੂੰ ਗੁਹਾਰ, ਕਿਸਾਨਾਂ ਨੂੰ ਸ਼ੰਭੂ ਬਾਰਡਰ ਖੋਲ੍ਹਣ ਲਈ ਕਰਾਇਆ ਜਾਵੇ ਰਾਜੀ

ਚੰਡੀਗੜ੍ਹ- ਹਰਿਆਣਾ ਦੇ ਮੰਤਰੀ ਅਸੀਮ ਗੋਇਲ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਤੋਂ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਅੰਬਾਲਾ ਕੋਲ ਸ਼ੰਭੂ ਬਾਰਡਰ ਖੋਲ੍ਹਣ ਲਈ ਰਾਜੀ ਕਰਨ ਦੀ ਬੇਨਤੀ ਕੀਤੀ, ਤਾਂ ਕਿ ਲੋਕਾਂ ਨੂੰ ਹੋ ਰਹੀਆਂ ਪਰੇਸ਼ਾਨੀਆਂ ਘੱਟ ਹੋ ਸਕਣ। ਸੂਬਾ ਟਰਾਂਸਪੋਰਟ ਮੰਤਰੀ ਗੋਇਲ ਨੇ ਦਿੱਲੀ ਵਿਚ ਚੌਹਾਨ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੇ ਕੁਝ ਮਹੀਨੇ ਪਹਿਲਾਂ ਆਪਣੀਆਂ ਮੰਗਾਂ ਨੂੰ ਲੈ ਕੇ ਹਰਿਆਣਾ-ਪੰਜਾਬ ਬਾਰਡਰ 'ਤੇ ਸ਼ੰਭੂ ਪਿੰਡ ਵਿਚ ਆਪਣਾ ਅੰਦੋਲਨ ਸ਼ੁਰੂ ਕੀਤਾ ਸੀ। ਉਦੋਂ ਤੋਂ ਬਾਰਡਰ ਪੂਰੀ ਤਰ੍ਹਾਂ ਬੰਦ ਹੈ। ਇੱਥੇ ਜਾਰੀ ਇਕ ਬਿਆਨ ਮੁਤਾਬਕ ਗੋਇਲ ਨੇ ਚੌਹਾਨ ਨੂੰ ਕਿਹਾ ਕਿ ਬੰਦ ਕਾਰਨ ਆਮ ਜਨਤਾ, ਖ਼ਾਸ ਕਰ ਕੇ ਕਾਰੋਬਾਰੀਆਂ ਨੂੰ ਆਪਣਾ ਕਾਰੋਬਾਰ ਕਰਨ ਵਿਚ ਮੁਸ਼ਕਲਾਂ ਆ ਰਹੀਆਂ ਹਨ।

ਹਰਿਆਣਾ ਦੇ ਮੰਤਰੀ ਅਸੀਮ ਗੋਇਲ ਨੇ ਕੇਂਦਰ ਸਰਕਾਰ ਤੋਂ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਗੱਲਬਾਤ ਕਰ ਕੇ ਬਾਰਡਰ ਖੋਲ੍ਹਣ ਲਈ ਉਨ੍ਹਾਂ ਨੂੰ ਰਾਜੀ ਕਰਨ ਦੀ ਗੱਲ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਬਾਰਡਰ ਖੋਲ੍ਹਣ ਨਾਲ ਸਥਾਨਕ ਵਾਸੀਆਂ ਨੂੰ ਰਾਹਤ ਮਿਲਣ ਨਾਲ ਹੀ ਕਾਰੋਬਾਰੀਆਂ ਲਈ ਵਪਾਰ ਸੰਚਾਲਨ ਆਸਾਨ ਹੋ ਜਾਵੇਗਾ। ਬਿਆਨ ਮੁਤਾਬਕ ਚੌਹਾਨ ਨੇ ਗੋਇਲ ਨੂੰ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਇਸ ਮਾਮਲੇ ਨੂੰ ਲੈ ਕੇ ਗੰਭੀਰ ਹੈ ਅਤੇ ਜਲਦ ਕਦਮ ਚੁੱਕਿਆ ਜਾਵੇਗਾ। ਇਸ ਦੌਰਾਨ ਕਿਸਾਨ ਮਜ਼ਦੂਰ ਮੋਰਚਾ ਦੇ ਨੇਤਾ ਸਰਵਣ ਸਿੰਘ ਪੰਧੇਰ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਕਿਸਾਨਾਂ ਨੇ ਹਾਈਵੇਅ ਨੂੰ ਨਹੀਂ ਰੋਕਿਆ ਹੈ ਸਗੋਂ ਸਰਕਾਰ ਨੇ ਹੀ ਫਰਵਰੀ ਵਿਚ ਬਾੜ ਲਾ ਕੇ ਉਨ੍ਹਾਂ ਦੇ 'ਦਿੱਲੀ ਚਲੋ ਮਾਰਚ' ਨੂੰ ਰੋਕ ਦਿੱਤਾ ਸੀ। ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਅਤੇ ਕਿਸਾਨ ਮਜ਼ਦੂਰ ਮੋਰਚਾ ਕਿਸਾਨਾਂ ਵਲੋਂ ਕੱਢੇ ਜਾ ਰਹੇ 'ਦਿੱਲੀ ਚਲੋ ਮਾਰਚ' ਦੀ ਅਗਵਾਈ ਕਰ ਰਹੇ ਹਨ, ਤਾਂ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਸਵੀਕਾਰ ਕਰ ਸਕੇ। 

ਸੁਰੱਖਿਆ ਦਸਤਿਆਂ ਵਲੋਂ 13 ਫਰਵਰੀ ਨੂੰ ਕਿਸਾਨਾਂ ਦਾ ਇਹ 'ਮਾਰਚ' ਰੋਕੇ ਜਾਣ ਮਗਰੋਂ ਕਿਸਾਨ ਪੰਜਾਬ ਅਤੇ ਹਰਿਆਣਾ ਵਿਚਾਲੇ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਡਟੇ ਹੋਏ ਹਨ। ਪੰਧੇਰ ਨੇ ਕਿਹਾ ਕਿ ਸ਼ੰਭੂ ਬਾਰਡਰ 'ਤੇ ਪਿਛਲੇ 141 ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ ਅਤੇ ਇਹ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਹੋਣ ਤੱਕ ਜਾਰੀ ਰਹੇਗਾ।


author

Tanu

Content Editor

Related News