ਕੁੱਟਮਾਰ ਕਰਨ ਤੋਂ ਬਾਅਦ ਵੀਡੀਓ ਬਣਾ ਕੇ ਕਰ''ਤੀ ਵਾਇਰਲ, ਇਨਸਾਫ਼ ਨਾ ਮਿਲਿਆ ਤਾਂ ਟੈਂਕੀ ''ਤੇ ਜਾ ਚੜ੍ਹਿਆ ਵਿਅਕਤੀ
Friday, Oct 18, 2024 - 05:21 AM (IST)
ਫਿਲੌਰ (ਭਾਖੜੀ)- ਇਨਸਾਫ਼ ਮਿਲਣ ’ਚ ਦੇਰੀ ਨੂੰ ਲੈ ਕੇ ਪਿੰਡ ਅੱਪਰਾ ’ਚ ਵਿਅਕਤੀ ਗਲੇ ’ਚ ਹਾਰ ਪਾ ਕੇ ਖੁਦਕੁਸ਼ੀ ਕਰਨ ਲਈ 100 ਫੁੱਟ ਉੱਚੀ ਪਾਣੀ ਦੀ ਟੈਂਕੀ ’ਤੇ ਚੜ੍ਹ ਗਿਆ, ਜਿਸ ਨੂੰ ਚੌਕੀ ਇੰਚਾਰਜ ਹਰਜੀਤ ਸਿੰਘ ਅਤੇ ਪਿੰਡ ਦੇ ਕੁਝ ਮੋਹਤਬਰ 2 ਘੰਟਿਆਂ ਤੱਕ ਸਖ਼ਤ ਮੁਸ਼ੱਕਤ ਕਰ ਕੇ ਉਸ ਨੂੰ ਸਮਝਾਉਣ ਤੋਂ ਬਾਅਦ ਥੱਲੇ ਉਤਾਰਨ ’ਚ ਕਾਮਯਾਬ ਹੋਏ।
ਇਨਸਾਫ ਨਾ ਮਿਲਣ ਕਰ ਕੇ ਪਹਿਲਾਂ ਵੀ ਪੀੜਤ ਵਿਅਕਤੀ ਅਰਥੀ ਅਤੇ ਗੱਡਾ ਲੈ ਕੇ ਪਿੰਡ ਦੇ ਸ਼ਮਸ਼ਾਨਘਾਟ ’ਚ ਪੁੱਜ ਗਿਆ ਸੀ। ਕੋਰੋਨਾ ਕਾਲ ਤੋਂ ਹੀ ਪਿੰਡ ਦੇ ਹੀ ਕੁਝ ਲੋਕਾਂ ਦੇ ਨਾਲ ਉਸ ਦਾ ਝਗੜਾ ਚੱਲ ਰਿਹਾ ਹੈ। ਪੁਲਸ ਨੇ ਜਿਉਂ ਹੀ ਦੂਜੀ ਧਿਰ ਦੇ ਲੜਕੇ ਟੋਨੂ ਕਾਲੜਾ ਨੂੰ 750 ਦੀ ਧਾਰਾ ਤਹਿਤ ਗ੍ਰਿਫਤਾਰ ਕੀਤਾ ਤਾਂ ਪੂਰੇ ਬਾਜ਼ਾਰ ਨੇ ਦੁਕਾਨਾਂ ਬੰਦ ਕਰ ਕੇ ਚੌਕੀ ਦੇ ਬਾਹਰ ਧਰਨਾ ਲਾ ਦਿੱਤਾ, ਜੋ ਦੇਰ ਰਾਤ ਸਾਢੇ 10 ਵਜੇ ਤੱਕ ਜਾਰੀ ਸੀ।
ਉਨ੍ਹਾਂ ਦੀ ਮੰਗ ਸੀ ਕਿ ਉਕਤ ਵਿਅਕਤੀ ਵਿਰੁੱਧ ਖੁਦਕੁਸ਼ੀ ਵਰਗਾ ਕਦਮ ਚੁੱਕਣ ਦਾ ਕੇਸ ਦਰਜ ਕੀਤਾ ਜਾਵੇ। ਸੂਚਨਾ ਮੁਤਾਬਕ ਕੋਰੋਨਾ ਕਾਲ ਦੌਰਾਨ ਅੱਪਰਾ ’ਚ ਲੋਕਾਂ ਦੀ ਮਦਦ ਕਰਨ ਲਈ ਅੱਪਰਾ ਹੈਲਪਿੰਗ ਹੈਂਡ ਸੰਸਥਾ ਬਣਾਈ ਗਈ, ਜੋ ਲੋਕਾਂ ਨੂੰ ਦੁੱਧ, ਸਬਜ਼ੀਆਂ ਅਤੇ ਫਲ ਸਸਤੇ ਭਾਅ ’ਤੇ ਮੁਹੱਈਆ ਕਰਵਾਉਂਦੀ ਸੀ।
ਇਹ ਵੀ ਪੜ੍ਹੋ- ਭੈਣ ਦੇ ਪੁੱਤ ਹੋਣ ਦੀ ਖੁਸ਼ੀ 'ਚ ਮਿਠਾਈ ਲੈਣ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਦੋਵਾਂ ਦੀ ਹੋ ਗਈ ਮੌਤ
ਇਸੇ ਸੰਸਥਾ ਨਾਲ ਪ੍ਰੇਮ ਕੁਮਾਰ ਪਰਦੇਸੀ ਜੋ ਹਲਵਾਈ ਦਾ ਕੰਮ ਕਰਦਾ ਸੀ, ਇਸੇ ਸੰਸਥਾ ਦੇ ਨਾਲ ਜੁੜ ਕੇ ਲੋਕਾਂ ਨੂੰ ਚਾਹ ਅਤੇ ਖਾਣ-ਪੀਣ ਦਾ ਸਾਮਾਨ ਬਣਾ ਕੇ ਉਨ੍ਹਾਂ ਦੀ ਸੇਵਾ ਕਰਦਾ ਸੀ। ਕੁਝ ਦਿਨਾਂ ਬਾਅਦ ਸੰਸਥਾ ਦੀ ਪਰਦੇਸੀ ਨਾਲ ਕਿਸੇ ਗੱਲ ਕਰ ਕੇ ਅਣਬਣ ਹੋ ਗਈ ਤਾਂ ਕੁਝ ਲੋਕਾਂ ਨੇ ਨਾ ਸਿਰਫ ਪਰਦੇਸੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਸਗੋਂ ਉਸ ਦੇ ਨਾਲ ਕੁੱਟਮਾਰ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ।
ਇਹ ਵੀ ਪਤਾ ਲੱਗਾ ਹੈ ਕਿ ਇਹ ਕੰਮ ਇਥੇ ਹੀ ਨਹੀਂ ਰੁਕਿਆ, ਉਨ੍ਹਾਂ ਲੋਕਾਂ ਨੇ ਪੁਲਸ ਚੌਕੀ ਅੱਪਰਾ ’ਚ ਪਰਦੇਸੀ ਖਿਲਾਫ ਸ਼ਿਕਾਇਤ ਦੇ ਦਿੱਤੀ, ਜਿਸ ’ਤੇ ਪੁਲਸ ਨੇ 751 ਦਾ ਕੇਸ ਦਰਜ ਕਰ ਕੇ ਉਸ ਨੂੰ ਫੜ ਲਿਆ, ਜਿਸ ਨੂੰ ਬਾਅਦ ’ਚ ਜ਼ਮਾਨਤ ’ਤੇ ਛੱਡ ਦਿੱਤਾ ਗਿਆ।
ਇਸ ਗੱਲ ਕਰ ਕੇ ਪਰਦੇਸੀ ਨੂੰ ਗਹਿਰਾ ਸਦਮਾ ਪੁੱਜਾ, ਜੋ ਚੰਗਾੋ ਖਾਸਾ ਹਲਵਾਈ ਸੀ। ਉਸ ਦਾ ਕੰਮ ਜਦੋਂ ਬੰਦ ਪੈ ਗਿਆ ਤਾਂ ਉਸ ਨੇ ਪਿੰਡ ਦੇ ਹੀ ਸ਼ਹੀਦ ਭਗਤ ਸਿੰਘ ਪਾਰਕ ਕੋਲ ਗੋਲਗੱਪੇ ਦੀ ਰਹੇੜੀ ਲਗਾਉਣੀ ਸ਼ੁਰੂ ਕਰ ਦਿੱਤੀ। ਪਰਦੇਸੀ ਦਾ ਦੋਸ਼ ਸੀ ਕਿ ਉਨ੍ਹਾਂ ਲੋਕਾਂ ਨੇ ਉਸ ਦੀ ਰੇਹੜੀ ਉਥੋਂ ਵੀ ਹਟਵਾ ਦਿੱਤੀ, ਜਿਸ ਕਾਰਨ ਉਹ ਬਿਲਕੁਲ ਹੀ ਬੇਰੋਜ਼ਗਾਰ ਹੋ ਗਿਆ ਅਤੇ ਉਸ ਦੇ ਦਿਮਾਗ ਨੂੰ ਗਹਿਰਾ ਸਦਮਾ ਪੁੱਜਾ।
ਰੇਹੜੀ ਹਟਾਉਣ ਤੋਂ ਬਾਅਦ ਉਕਤ ਲੋਕਾਂ ਨੇ ਪਰਦੇਸੀ ਨੂੰ ਧਮਕਾਉਂਦੇ ਹੋਏ ਫਿਰ ਗਾਲਾਂ ਕੱਢੀਆਂ, ਜਿਸ ਦੀ ਰਿਕਾਰਡਿੰਗ ਕਰ ਕੇ ਪਰਦੇਸੀ ਪੁਲਸ ਕੋਲ ਇਨਸਾਫ ਲੈਣ ਗਿਆ। ਕਿਸੇ ਨੇ ਉਸ ਦੀ ਇਕ ਨਾ ਸੁਣੀ। ਉਹ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਹੋ ਕੇ ਲੰਬੇ ਸਮੇਂ ਤੱਕ ਇਨਸਾਫ ਦੇ ਇੰਤਜ਼ਾਰ ’ਚ ਬੈਠਾ ਰਿਹਾ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਚੋਣ ਕਮਿਸ਼ਨ ਨੇ ਜ਼ਿਮਨੀ ਚੋਣਾਂ ਦੇ ਪ੍ਰੋਗਰਾਮ ਦਾ ਕੀਤਾ ਐਲਾਨ
ਸ਼ਾਮ 5 ਵਜੇ ਉਸ ਨੇ ਆਪਣੀ ਜੀਵਨਲੀਲਾ ਖਤਮ ਕਰਨ ਦਾ ਫੈਸਲਾ ਲਿਆ। ਜਿਉਂ ਹੀ ਉਹ ਆਪਣੇ ਗਲੇ ’ਚ ਹਾਰ ਪਾ ਕੇ ਪਿੰਡ ਦੀ ਪਾਣੀ ਦੀ ਟੈਂਕੀ ’ਤੇ ਚੜ੍ਹਿਆ ਤਾਂ ਪਤਾ ਲੱਗਣ ’ਤੇ ਪੁਲਸ ਦੇ ਹੱਥ-ਪੈਰ ਫੁੱਲ ਗਏ। ਚੌਕੀ ਇੰਚਾਰਜ ਹਰਜੀਤ ਸਿੰਘ ਪੁਲਸ ਪਾਰਟੀ ਦੇ ਨਾਲ ਮੌਕੇ ’ਤੇ ਪੁੱਜੇ। 2 ਘੰਟਿਆਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਸ਼ਾਮ 7 ਵਜੇ ਪੁਲਸ ਅਤੇ ਕੁਝ ਪਿੰਡ ਵਾਸੀ ਉਸ ਨੂੰ ਸਮਝਾਉਣ ’ਚ ਕਾਮਯਾਬ ਹੋ ਗਏ ਅਤੇ ਉਸ ਨੂੰ ਥੱਲੇ ਉਤਾਰ ਲਿਆ।
ਪਰਦੇਸੀ ਦਾ ਕਹਿਣਾ ਸੀ ਕਿ ਜਦੋਂ ਦੂਜੀ ਧਿਰ ਦੀ ਸ਼ਿਕਾਇਤ ’ਤੇ ਉਸ ਖਿਲਾਫ 751 ਦਾ ਕੇਸ ਦਰਜ ਕੀਤਾ ਗਿਆ ਹੈ ਤਾਂ ਉਸ ਦੀ ਸ਼ਿਕਾਇਤ ’ਤੇ ਦੂਜੀ ਧਿਰ ’ਤੇ ਪੁਲਸ ਕਾਰਵਾਈ ਕਿਉਂ ਨਹੀਂ ਕਰ ਰਹੀ ? ਜਿਉਂ ਹੀ ਅੱਪਰਾ ਪੁਲਸ ਨੇ ਪਰਦੇਸੀ ਦੀ ਸ਼ਿਕਾਇਤ ’ਤੇ ਅੱਪਰਾ ਦੇ ਟੋਨੂ ਕਾਲੜਾ ਨੂੰ 750 ਦੀ ਧਾਰਾ ਤਹਿਤ ਹਿਰਾਸਤ ’ਚ ਲਿਆ ਤਾਂ ਦੁਕਾਨਦਾਰਾਂ ਦਾ ਰੋਸ ਭੜਕ ਗਿਆ। ਉਨ੍ਹਾਂ ਨੇ ਪੁਲਸ ਚੌਕੀ ਦੇ ਬਾਹਰ ਆ ਕੇ ਧਰਨਾ ਲਗਾ ਦਿੱਤਾ। ਧਰਨੇ ’ਤੇ ਬੈਠੇ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਜਦੋਂ ਟੋਨੂ ਕਾਲੜਾ ਨੂੰ ਪੁਲਸ ਨੇ ਫੜਿਆ ਹੈ ਤਾਂ ਪ੍ਰੇਮ ਕੁਮਾਰ ਪਰਦੇਸੀ ਦੇ ਵਿਰੁੱਧ ਵੀ ਖੁਦਕੁਸ਼ੀ ਵਰਗਾ ਕਦਮ ਚੁੱਕਣ ਦਾ ਕੇਸ ਦਰਜ ਕੀਤਾ ਜਾਵੇ।
ਇਸ ਘਟਨਾ ਨੂੰ ਲੈ ਕੇ ਦੇਰ ਰਾਤ ਤੱਕ ਮਾਹੌਲ ਤਣਾਅਪੂਰਨ ਬਣਿਆ ਹੋਇਆ ਸੀ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਬਿਨਾਂ ਕਾਰਵਾਈ ਦੇ ਹੁਣ ਉਹ ਵੀ ਉੱਠਣ ਲਈ ਤਿਆਰ ਨਹੀਂ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦਾ ਇਕ ਰੂਪ ਇਹ ਵੀ, ਦੇਖ ਕੇ ਹਰ ਕੋਈ ਕਰ ਰਿਹਾ ਤਾਰੀਫ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e