ਲੁਧਿਆਣੇ ’ਚ ਖੁੰਖਾਰ ਕੁੱਤਿਆਂ ਦਾ ਆਤੰਕ! ਬੁਰੀ ਤਰ੍ਹਾਂ ਨੋਚਿਆ ਬੱਚੇ ਦਾ ਮੂੰਹ, PGI ਰੈਫ਼ਰ
Wednesday, Dec 10, 2025 - 05:57 PM (IST)
ਮੁੱਲਾਂਪੁਰ ਦਾਖਾ (ਕਾਲੀਆ)- ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਜਾਂਗਪੁਰ ਵਿਚ ਖੂੰਖਾਰ ਕੁੱਤਿਆਂ ਦਾ ਆਤੰਕ ਬਦਸਤੂਰ ਜਾਰੀ ਹੈ ਜਿਸ ਦੀ ਤਾਜ਼ਾ ਉਦਾਹਰਨ ਬੀਤੀ ਸ਼ਾਮ ਨੂੰ ਉਦੋਂ ਮਿਲੀ ਜਦੋਂ ਇਕ ਪ੍ਰਵਾਸੀ ਮਜ਼ਦੂਰ ਦਾ ਨਾਬਾਲਗ ਬੱਚਾ ਘਰ ਦੇ ਨਾਲ ਖੇਤਾਂ ਵਿੱਚ ਜੰਗਲ ਪਾਣੀ ਗਿਆ ਤਾਂ 7-8 ਕੁੱਤਿਆਂ ਨੇ ਉਸਨੂੰ ਦਬੋਚ ਲਿਆ ਅਤੇ ਬੜੀ ਬੁਰੀ ਤਰ੍ਹਾਂ ਕੱਟਿਆ । ਅਗਰ ਬੱਚੇ ਦਾ ਪਿਓ ਸਮੇਂ ਸਿਰ ਨਾ ਪੁੱਜਦਾ ਤਾਂ ਵੱਡਾ ਭਾਣਾ ਵਾਪਰ ਜਾਣਾ ਸੀ ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਰਦਾ ਦੀਨਾ ਵਾਸੀ ਯੂ.ਪੀ ਹਾਲ ਵਾਸੀ ਪਿੰਡ ਜਾਂਗਪੁਰ ਜੋ ਕਿ ਕਿਸਾਨ ਬਲਜੀਤ ਸਿੰਘ ਦੇ ਬਣਾਏ ਘਰ ਵਿੱਚ ਆਪਣੀ ਪਤਨੀ ਇਜ਼ਮਾਂ ਦੇਵੀ ਅਤੇ ਦੋ ਬੇਟਿਆਂ ਨਾਲ ਪਿਛਲੇ 2-3 ਸਾਲਾਂ ਤੋਂ ਰਹਿ ਰਿਹਾ ਹੈ ਅਤੇ ਮਿਹਨਤ ਮਜ਼ਦੂਰੀ ਕਰਦਾ ਹੈ 9 ਦਸੰਬਰ ਦੀ ਸ਼ਾਮ ਨੂੰ ਕਰੀਬ 5 ਵਜੇ ਉਸਦਾ ਛੋਟਾ ਬੇਟਾ ਹੈਪੀ ਜੋ ਸਰਕਾਰੀ ਸਕੂਲ ਜਾਂਗਪੁਰ ਵਿਖੇ ਤੀਸਰੀ ਕਲਾਸ ਵਿੱਚ ਪੜ੍ਹਦਾ ਹੈ, ਘਰ ਦੇ ਨਾਲ ਖੇਤਾਂ ਵਿੱਚ ਲੈਟਰੀਨ ਕਰਨ ਗਿਆ ਸੀ ਅਤੇ ਉਸਦੇ ਮਗਰ ਉਸਦਾ ਵੱਡਾ ਭਰਾ ਵੀ ਚਲਾ ਗਿਆ । ਖੇਤਾਂ ਵਿੱਚ 7-8 ਖੂੰਖਾਰ ਕੁੱਤਿਆਂ ਦੇ ਝੁੰਡ ਨੇ ਹੈਪੀ ਨੂੰ ਵੱਢਣਾ ਅਤੇ ਨੋਚਣਾ ਸ਼ੁਰੂ ਕਰ ਦਿੱਤਾ ਜਿਸ ਦੀ ਸੂਚਨਾਂ ਵੱਡੇ ਭਰਾ ਨੇ ਪਿਤਾ ਨੂੰ ਦਿੱਤੀ । ਦੋਵਾਂ ਨੇ ਮੌਕੇ 'ਤੇ ਪੁੱਜ ਕੇ ਬੜੀ ਮੁਸ਼ਕਿਲ ਨਾਲ ਬੱਚੇ ਨੂੰ ਕੁੱਤਿਆਂ ਦੇ ਝੁੰਡ ਤੋਂ ਬਚਾਇਆ ਜਦ ਤੱਕ ਬੱਚੇ ਨੂੰ ਕੁੱਤਿਆਂ ਨੇ ਮੂੰਹ, ਗਲਾ, ਪਿੱਠ ਅਤੇ ਪੱਟਾਂ ਤੇ ਦੰਦ ਮਾਰਕੇ ਬੱਚੇ ਨੂੰ ਅਧਮੋਇਆ ਕਰ ਦਿੱਤਾ ਸੀ, ਜੇਕਰ ਉਸਦਾ ਪਿਤਾ ਐਨ ਮੌਕੇ 'ਤੇ ਨਾ ਪੁੱਜਦਾ ਤਾਂ ਵੱਡਾ ਭਾਣਾ ਵਰਤ ਜਾਣਾ ਸੀ ।
ਗੰਭੀਰ ਰੂਪ ਵਿਚ ਜ਼ਖਮੀ ਬੱਚੇ ਨੂੰ ਮੁੱਲਾਂਪੁਰ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ ਜਿੱਥੇ ਉਸਦੀ ਹਾਲਤ ਵੇਖ ਡਾਕਟਰਾਂ ਨੇ ਉਸਨੂੰ ਸਿਵਲ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ ਅਤੇ ਉੱਥੇ ਦੇ ਡਾਕਟਰਾਂ ਨੇ ਬੱਚੇ ਨੂੰ ਚੰਡੀਗੜ੍ਹ ਪੀ.ਜੀ.ਆਈ ਰੈਫਰ ਕਰ ਦਿੱਤਾ । ਡਾਕਟਰਾਂ ਅਨੁਸਾਰ ਬੱਚੇ ਦੀ ਹਾਲਤ ਖਤਰੇ ਤੋਂ ਬਾਹਰ ਹੈ । ਪਿੰਡ ਦੇ ਸਰਪੰਚ ਸ਼ਿੰਦਰਪਾਲ ਸਿੰਘ, ਸਾਬਕਾ ਸਰਪੰਚ ਸਤਨਾਮ ਸਿੰਘ ਅਤੇ ਗੁਰਮੀਤ ਸਿੰਘ, ਬਲਜੀਤ ਸਿੰਘ ਨੇ ਸਿਵਲ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹਨਾਂ ਖੂੰਖਾਰ ਕੁੱਤਿਆਂ ਨੂੰ ਫੜਿਆ ਜਾਵੇ ਤਾਂ ਜੋ ਪਿੰਡ ਦੇ ਬੱਚੇ ਅਤੇ ਨਿਵਾਸੀ ਬੇਖੌਫ ਸੁਰੱਖਿਅਤ ਜੀਵਨ ਜੀਅ ਸਕਣ ।
