ਲੁਧਿਆਣਾ ਦਾ ਛਾਉਣੀ ਮੁਹੱਲਾ ਕੰਟੇਨਮੈਂਟ ਜ਼ੋਨ ਦੀ ਸੂਚੀ ''ਚੋਂ ਹੋਇਆ ਬਾਹਰ
Sunday, Jun 28, 2020 - 09:28 AM (IST)
ਲੁਧਿਆਣਾ (ਸਹਿਗਲ) : ਛਾਉਣੀ ਮੁਹੱਲੇ ਦੀ ਸਥਿਤੀ 'ਚ ਸੁਧਾਰ ਦਰਜ ਹੋਣ ਨਾਲ ਹੁਣ ਇਸ ਇਲਾਕੇ ਨੂੰ ਕੰਟੇਨਮੈਂਟ ਜ਼ੋਨਾਂ ਦੀ ਸੂਚੀ 'ਚੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਹੁਣ ਜ਼ਿਲ੍ਹਾ ਲੁਧਿਆਣਾ 'ਚ 2 ਕੰਟੇਨਮੈਂਟ ਜ਼ੋਨ ਅਤੇ 9 ਮਾਈਕਰੋ ਕੰਟੇਨਮੈਂਟ ਜ਼ੋਨ ਹਨ। ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਫਤਹਿ' ਤਹਿਤ ਲੋਕਾਂ ਨੂੰ ਕੋਵਿਡ-19 ਬਿਮਾਰੀ ਤੋਂ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਚੱਲਦਿਆਂ ਜ਼ਿਲ੍ਹਾ ਲੁਧਿਆਣਾ 'ਚ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ 'ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ।
ਇਹ ਵੀ ਪੜ੍ਹੋ : ਕੈਪਟਨ ਨੇ ਮਿੰਨੀ ਬੱਸ ਪਰਮਿਟ ਲਈ ਅਪਲਾਈ ਕਰਨ ਦੀ ਤਾਰੀਖ ਜੁਲਾਈ ਤੱਕ ਵਧਾਈ
ਮਿਤੀ 27 ਜੂਨ ਤੱਕ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ 523 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲਾ ਲੁਧਿਆਣਾ ਵਿਚ ਹੁਣ ਤੱਕ ਕੁੱਲ 30,526 ਸੈਂਪਲ ਲਏ ਗਏ ਹਨ, ਜਿਨ੍ਹਾਂ ਵਿਚੋਂ 29,111 ਦੀ ਰਿਪੋਰਟ ਪ੍ਰਾਪਤ ਹੋਈ ਹੈ, ਇਨ੍ਹਾਂ ਵਿਚੋਂ 28,184 ਨਤੀਜੇ ਨੈਗੇਟਿਵ ਆਏ ਹਨ, ਜਦੋਂਕਿ 1,415 ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਲੁਧਿਆਣਾ ਨਾਲ ਸਬੰਧਿਤ 746 ਮਾਮਲੇ ਪਾਜ਼ੇਟਿਵ ਪਾਏ ਗਏ ਹਨ, ਜਦੋਂ ਕਿ 183 ਮਰੀਜ਼ ਹੋਰਨਾਂ ਜ਼ਿਲ੍ਹਿਆਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ 19 ਮੌਤਾਂ ਲੁਧਿਆਣਾ ਨਾਲ ਸਬੰਧਿਤ ਅਤੇ 22 ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਹੁਣ ਤੱਕ ਲੁਧਿਆਣਾ ਨਾਲ ਸਬੰਧਿਤ 523 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ ।
200 ਵਿਅਕਤੀਆਂ ਨੂੰ ਘਰਾਂ 'ਚ ਕੀਤਾ ਗਿਆ ਆਈਸੋਲੇਟ
ਉਨ੍ਹਾਂ ਕਿਹਾ ਕਿ ਹੁਣ 13237 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ, ਜਦੋਂ ਕਿ ਮੌਜੂਦਾ ਸਮੇਂ ਵੀ 3,313 ਵਿਅਕਤੀ ਇਕਾਂਤਵਾਸ ਹਨ। ਬੀਤੇ ਦਿਨ ਵੀ 200 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ। 1,013 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ, ਜਿਨ੍ਹਾਂ ਦੇ ਨਤੀਜੇ ਜਲਦ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਮਹਿਕਮੇ ਵੱਲੋਂ ਜਾਰੀ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ। ਜੇਕਰ ਉਹ ਘਰਾਂ ਦੇ ਅੰਦਰ ਹੀ ਰਹਿਣਗੇ ਤਾਂ ਉਹ ਖੁਦ ਵੀ ਇਸ ਬਿਮਾਰੀ ਤੋਂ ਬਚਣਗੇ ਅਤੇ ਨਾਲ ਹੀ ਹੋਰਾਂ ਲੋਕਾਂ ਨੂੰ ਵੀ ਬਚਾਉਣ 'ਚ ਸਹਾਇਤਾ ਕਰਨਗੇ।
ਇਹ ਵੀ ਪੜ੍ਹੋ : ...ਤੇ ਪੰਜਾਬ 'ਚ ਇਸ ਤਾਰੀਖ ਤੋਂ ਬਾਅਦ ਲੱਗ ਸਕਦੈ 'ਲਾਕਡਾਊਨ', ਕੈਪਟਨ ਦਾ ਐਲਾਨ