ਹਥਿਆਰ ਬੰਦ ਲੁਟੇਰਿਆਂ ਪੈਟਰੋਲ ਪੰਪ ਤੋਂ ਨਕਦੀ ਲੁੱਟੀ

10/31/2017 6:03:14 AM

ਸੁਲਤਾਨਪੁਰ ਲੋਧੀ, (ਸੋਢੀ)- ਸੁਲਤਾਨਪੁਰ ਲੋਧੀ-ਡੱਲਾ ਰੋਡ 'ਤੇ ਪੈਂਦੇ ਪੈਟਰੋਲ ਪੰਪ ਭਗਤ ਐਗਰੋ ਤੋਂ ਚਾਰ ਹਥਿਆਰਬੰਦ ਲੁਟੇਰੇ ਪੈਟਰੋਲ ਪੰਪ ਦੇ ਕਰਿੰਦਿਆਂ ਤੋਂ ਕੁੱਟਮਾਰ ਕਰਕੇ ਡੇਢ ਲੱਖ ਰੁਪਏ ਲੁੱਟ ਕੇ 2 ਮੋਟਰਸਾਈਕਲਾਂ 'ਤੇ ਫਰਾਰ ਹੋ ਗਏ। ਇਸ ਹਫਤੇ 'ਚ ਇਸੇ ਇਲਾਕੇ 'ਚ ਪੈਟਰੋਲ ਪੰਪ ਲੁੱਟਣ ਦੀ ਇਹ ਦੂਜੀ ਵਾਰਦਾਤ ਹੋਈ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ 'ਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ। 
ਜਾਣਕਾਰੀ ਅਨੁਸਾਰ ਕਿਰਪਾਨਾਂ ਆਦਿ ਹਥਿਆਰਾਂ ਨਾਲ ਲੈਸ ਚਾਰ ਲੁਟੇਰੇ ਸ਼ਾਮ 7 ਵਜੇ ਕਰੀਬ ਭਗਤ ਐਗਰੋ (ਪੈਟਰੋਲ ਪੰਪ) 'ਤੇ ਆਏ, ਜਿਥੇ ਚਾਰ ਕਰਿੰਦੇ ਮਸ਼ੀਨਾਂ ਕੋਲ ਬੈਠੇ ਸਾਰੇ ਦਿਨ ਦੇ ਪੈਸੇ ਗਿਣ ਕੇ ਹਿਸਾਬ-ਕਿਤਾਬ ਕਰ ਰਹੇ ਸਨ ਕਿ ਲੁਟੇਰੇ 2 ਮੋਟਰਸਾਈਕਲਾਂ 'ਤੇ ਆ ਉਨ੍ਹਾਂ ਦੇ ਉਪਰ ਝਪਟ ਪਏ ਤੇ ਇਕ ਕਰਿੰਦੇ ਵਿਜੈ ਨੂੰ ਕਿਰਪਾਨ ਮਾਰ ਕੇ ਹੱਥ ਤੋਂ ਜ਼ਖਮੀ ਕਰ ਦਿੱਤਾ ਤੇ ਚਾਰਾਂ ਮੁਲਾਜ਼ਮਾਂ ਦੇ ਮੋਬਾਇਲ ਖੋਹ ਲਏ ਤੇ ਸਾਰੀ ਨਕਦੀ ਖੋਹ ਕੇ ਫਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਵਰਿਆਮ ਸਿੰਘ ਖਹਿਰਾ, ਐੱਚ. ਐੱਚ. ਓ. ਸਰਬਜੀਤ ਸਿੰਘ ਮੌਕੇ 'ਤੇ ਪੁੱਜੇ ਤੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਪੈਟਰੋਲ ਪੰਪ ਮਾਲਕ ਦਵਿੰਦਰ ਸਿੰਘ ਭਗਤ ਨੇ ਦੱਸਿਆ ਕਿ ਪੰਪ ਦੇ ਚਾਰੇ ਕਰਮਚਾਰੀ ਹਾਲੇ ਪੂਰੇ ਦਿਨ ਦਾ ਹਿਸਾਬ-ਕਿਤਾਬ ਹੀ ਕਰ ਰਹੇ ਸਨ ਤੇ ਪੈਸੇ ਗਿਣ ਰਹੇ ਸਨ ਕਿ ਲੁਟੇਰੇ ਆ ਝਪਟ ਪਏ ਤੇ ਕਰਿੰਦਿਆਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਸਾਰੇ ਪੈਸੇ ਕੱਢਵਾ ਕੇ ਖੋਹ ਲਏ ਤੇ ਫਰਾਰ ਹੋ ਗਏ। ਜ਼ਖਮੀ ਕਰਮਚਾਰੀ ਵਿਜੈ ਨੂੰ ਸਿਵਲ ਹਸਪਤਾਲ ਇਲਾਜ ਲਈ ਲਿਆਂਦਾ ਗਿਆ ਹੈ।

PunjabKesari
ਪੁਲਸ ਨੇ ਤਿੰਨ ਲੁਟੇਰਿਆਂ ਦੇ ਸਕੈਚ ਜਾਰੀ ਕੀਤੇ
ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਲੁੱਟ ਦੀਆਂ ਵਾਰਦਾਤਾਂ ਕਰਨ ਵਾਲੇ ਤਿੰਨ ਲੁਟੇਰਿਆਂ ਦੇ ਸਕੈਚ ਜਾਰੀ ਕੀਤੇ ਹਨ, ਜਿਨ੍ਹਾਂ ਨੂੰ ਸੋਸ਼ਲ ਮੀਡੀਏ ਰਾਹੀਂ ਸਾਰੇ ਥਾਣਿਆਂ ਦੀ ਪੁਲਸ ਕੋਲ ਤੇ ਆਮ ਜਨਤਾ ਕੋਲ ਪਛਾਣ ਲਈ ਭੇਜਿਆ ਗਿਆ ਹੈ। ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਵਰਿਆਮ ਸਿੰਘ ਖਹਿਰਾ ਨੇ ਦੱਸਿਆ ਕਿ ਉਕਤ ਲੁਟੇਰਿਆਂ ਵਲੋਂ ਸ਼ਾਹਕੋਟ ਤੇ ਮਲਸੀਆਂ ਦੇ ਇਲਾਕਿਆਂ 'ਚ ਵੀ ਪੈਟਰੋਲ ਪੰਪਾਂ 'ਤੇ ਲੁੱਟ ਦੀਆਂ ਵਾਰਦਾਤਾਂ ਕੀਤੀਆਂ ਹਨ। ਪੁਲਸ ਵਲੋਂ ਵੱਖ-ਵੱਖ ਥਾਵਾਂ 'ਤੇ ਨਾਕੇ ਲਾ ਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।


Related News