ਇੱਕ ਰਾਤ ਵਿਚ 3 ਦੁਕਾਨਾਂ ’ਚ ਚੋਰੀ, ਸ਼ਟਰ ਤੋੜ ਦੁਕਾਨਾਂ ਦੇ ਗੱਲ੍ਹਿਆਂ ’ਚੋਂ ਨਕਦੀ ਉਡਾਈ

05/03/2024 6:18:56 PM

ਮਾਛੀਵਾੜਾ ਸਾਹਿਬ (ਟੱਕਰ) : ਬੀਤੀ ਰਾਤ ਮਾਛੀਵਾੜਾ ਵਿਚ ਇਕ ਰਾਤ ’ਚ ਫਿਰ 3 ਦੁਕਾਨਾਂ ਵਿਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਚੋਰਾਂ ਵਲੋਂ ਗਨੀ ਖਾਂ ਨਬੀ ਖਾਂ ਗੇਟ ਨੇੜੇ ਕੁਹਾੜਾ ਰੋਡ ’ਤੇ ਸਥਿਤ ਮਿੱਤਲ ਮੈਡੀਕਲ ਸਟੋਰ ਦੇ ਸ਼ਟਰ ਤੋੜੇ ਅਤੇ ਉਸਦੇ ਗੱਲ੍ਹੇ ’ਚੋਂ 4 ਤੋਂ 5 ਹਜ਼ਾਰ ਰੁਪਏ ਨਕਦੀ ਚੋਰੀ ਕਰ ਲਈ। ਇਸ ਮੈਡੀਕਲ ਸਟੋਰ ਦੇ ਨਾਲ ਹੀ ਲਜੀਜ਼ ਰੈਸਟੋਰੈਂਟ ਹੈ ਜਿਸ ਦੇ ਬਾਹਰ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਅਤੇ ਚੋਰਾਂ ਨੇ ਆਪਣੀ ਪਹਿਚਾਣ ਛੁਪਾਉਣ ਲਈ ਇਸ ਦੁਕਾਨ ਦੇ ਵੀ ਸ਼ਟਰ ਤੋੜੇ ਅਤੇ ਉਸ ’ਚੋਂ ਡੀਵੀਆਰ ਚੋਰੀ ਕਰਕੇ ਲੈ ਗਏ। ਰੈਸਟੋਰੈਂਟ ਦੇ ਮਾਲਕ ਰਾਜੇਸ਼ ਲੀਹਲ ਨੇ ਦੱਸਿਆ ਕਿ ਉਸਦੇ ਗੱਲ੍ਹੇ ਵਿਚ ਕਰੀਬ 200 ਰੁਪਏ ਪਿਆ ਸੀ ਜਿਸ ਨੂੰ ਵੀ ਚੋਰ ਉਡਾ ਕੇ ਲੈ ਗਏ। 

ਕੁਹਾੜਾ ਰੋਡ ’ਤੇ ਹੀ ਸਥਿਤ ਹਾਰਡਵੇਅਰ ਦੇ ਇਕ ਸ਼ੋਰੂਮ ਦਾ ਸ਼ਟਰ ਤੋੜ ਚੋਰ ਅੰਦਰ ਦਾਖਲ ਹੋਏ ਅਤੇ ਉਸ ਦੇ ਗੱਲ੍ਹੇ ’ਚ ਪਈ ਨਕਦੀ ਲੈ ਗਏ। ਚੋਰਾਂ ਨੇ ਇਸ ਦੁਕਾਨ ’ਚੋਂ ਵੀ ਆਪਣੀ ਪਹਿਚਾਣ ਛੁਪਾਉਣ ਲਈ ਕੈਮਰੇ ਤੇ ਡੀਵੀਆਰ ਚੋਰੀ ਕਰ ਲਿਆ। ਚੋਰੀ ਦੀ ਘਟਨਾ ਨਾਲ ਲੱਗਦੇ ਸਵੀਟ ਸ਼ਾਪ ਦੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਪਰ ਚੋਰਾਂ ਨੇ ਸ਼ਟਰ ਤੋੜਨ ਤੋਂ ਪਹਿਲਾਂ ਸਵੀਟ ਸ਼ਾਪ ਦੇ ਕੈਮਰੇ ਵੀ ਘੁੰਮਾ ਦਿੱਤੇ। ਸੀਸੀਟੀਵੀ ਕੈਮਰਿਆਂ ’ਚ ਦਿਖਾਈ ਦੇ ਰਿਹਾ ਸੀ ਕਿ ਚੋਰ ਇਕ ਸਵਿਫ਼ਟ ਕਾਰ ਵਿਚ ਆਏ। ਪੁਲਸ ਵਲੋਂ ਮੌਕੇ ’ਤੇ ਪਹੁੰਚ ਕੇ ਜਾਂਚ ਆਰੰਭ ਕਰ ਦਿੱਤੀ ਅਤੇ ਸੀਸੀਟੀਵੀ ਕੈਮਰਿਆਂ ਦੇ ਅਧਾਰ ’ਤੇ ਚੋਰਾਂ ਦੀ ਪੈੜ ਨੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੋਰਾਂ ਨੇ ਬੇਸ਼ੱਕ ਦੁਕਾਨਾਂ ’ਚੋਂ ਨਕਦੀ ਤਾਂ ਥੋੜੀ ਹੀ ਚੋਰੀ ਕੀਤੀ ਪਰ ਦੁਕਾਨਾਂ ਦੇ ਸ਼ਟਰ ਤੋੜ ਕੇ ਕਾਫ਼ੀ ਨੁਕਸਾਨ ਕਰ ਗਏ।


Gurminder Singh

Content Editor

Related News