''ਤਿੰਨ ਟੈਰ, ਦੋ ਪੈਰ, ਸਾਧੂ ਤੇਰੀ ਨਹੀਂ ਖੈਰ'' ਜਾਗਰੂਕਤਾ ਮੁਹਿੰਮ ਦੋਆਬੇ ''ਚ ਭਲਕ ਤੋਂ : ਬੈਂਸ
Tuesday, Sep 15, 2020 - 02:17 PM (IST)

ਲੁਧਿਆਣਾ (ਪਾਲੀ) : ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਬਹੁ-ਕਰੋੜੀ ਘਪਲੇ ਵਿਰੁੱਧ ਲੋਕ ਇਨਸਾਫ਼ ਪਾਰਟੀ ਵੱਲੋਂ ਹਰ ਵਿਧਾਨ ਸਭਾ 'ਚ ਵੱਸਦੇ ਦਲਿਤ ਸਮਾਜ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ 'ਤਿੰਨ ਟੈਰ, ਦੋ ਪੈਰ, ਸਾਧੂ ਤੇਰੀ ਨਹੀਂ ਖੈਰ' ਤਹਿਤ ਦੁਆਬਾ ਤੋਂ 10 ਰੋਜ਼ਾ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ।
ਵਿਧਾਇਕ ਬੈਂਸ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪ ਦਲਿਤ ਹੁੰਦੇ ਹੋਏ ਦਲਿਤ ਵੋਟਾਂ ਨਾਲ ਜਿੱਤ ਕੇ ਪੰਜਾਬ ਸਰਕਾਰ ਦੇ ਮੰਤਰੀ ਬਣੇ ਸਾਧੂ ਸਿੰਘ ਧਰਮਸੌਤ ਵੱਲੋਂ ਦਲਿਤ ਵਰਗ ਨਾਲ ਹੀ ਗੱਦਾਰੀ ਕਰਦੇ ਹੋਏ ਉਨ੍ਹਾਂ ਦੀ ਪੜ੍ਹਾਈ ਲਈ ਕੇਂਦਰ ਸਰਕਾਰ ਵੱਲੋਂ ਆਈ ਗਰਾਂਟ ਦੇ ਲਗਭਗ 64 ਕਰੋੜ ਰੁਪਏ ਹੜੱਪ ਲਏ, ਜਿਸ ਨਾਲ ਦਲਿਤ ਵਰਗ ਦੇ ਗਰੀਬ ਵਿਦਿਆਰਥੀ ਪੜ੍ਹਾਈ ਤੋਂ ਵਾਂਝੇ ਰਹਿ ਗਏ। ਬੈਂਸ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਮੰਤਰੀ ਵਿਰੁੱਧ ਕਾਰਵਾਈ ਕਰਨ ਦੀ ਥਾਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਲੋਕ ਇਨਸਾਫ ਪਾਰਟੀ ਸਾਧੂ ਸਿੰਘ ਧਰਮਸੌਤ ਦੀ ਬਰਖਾਸਤਗੀ ਅਤੇ ਦਲਿਤ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਹੱਕ ਦੁਆਉਣ ਤੱਕ ਆਪਣਾ ਸੰਘਰਸ਼ ਜਾਰੀ ਰੱਖੇਗੀ, ਜਿਸ ਦੀ ਸ਼ੁਰੂਆਤ 16 ਸਤੰਬਰ ਤੋਂ ਦੋਆਬਾ ਇਲਾਕੇ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਕਿਉਂਕਿ ਇਹ ਜਾਗਰੂਕਤਾ ਮੁਹਿੰਮ ਵੀ ਥ੍ਰੀ-ਵਹੀਲਰਾਂ (ਤਿੰਨ ਟੈਰ) ਜਾਂ ਪੈਦਲ ਚੱਲ ਕੇ (ਦੋ ਪੈਰ) ਕੀਤੀ ਜਾ ਰਹੀ ਹੈ, ਇਸ ਲਈ ਇਸ ਦਾ ਉਕਤ ਨਾਂ ਰੱਖਿਆ ਗਿਆ ਹੈ। ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਸੰਘਰਸ਼ ਨੂੰ ਦਬਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ ਪਰ ਲੋਕ ਇਨਸਾਫ ਪਾਰਟੀ ਕਿਸੇ ਵੀ ਸਰਕਾਰੀ ਦਮਨ ਅੱਗੇ ਝੁਕਣ ਵਾਲੀ ਨਹੀਂ।